ਮਰਨ ਤੋਂ ਪਹਿਲਾਂ ਗੁਲਜ਼ਾਰ ਨੇ ਵੀਡੀਓ ‘ਚ ਵਿੱਤ ਮੰਤਰੀ ਨੂੰ ਠਹਿਰਾਇਆ ਸੀ ਆਪਣੀ ਮੌਤ ਦਾ ਜ਼ਿੰਮੇਵਾਰ, ਫਿਰ FIR ਕਿਉਂ ਨਹੀਂ- ਸਚਿਨ ਪਾਇਲਟ ਨੇ ਚੁੱਕੇ ਸਵਾਲ
ਚੰਡੀਗੜ੍ਹ, 15 ਸਤੰਬਰ 2026- ਚੰਡੀਗੜ੍ਹ ਵਿੱਚ ਕਾਂਗਰਸੀਆਂ ਦੇ ਪ੍ਰਦਰਸ਼ਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਮੋਰਚੇ ‘ਤੇ ਨਾਕਾਮ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਗਰੀਬ ਦਲਿਤ ਗੁਲਜ਼ਾਰ ਸਿੰਘ ਨੂੰ ਆਪਣੀ ਜਾਨ ਦੇਣ ਲਈ ਮਜਬੂਰ ਕੀਤਾ ਗਿਆ ਹੈ। ਮ੍ਰਿਤਕ ਨੇ ਵੀਡੀਓ ਬਣਾ ਕੇ ਵਿੱਤ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਪੱਖਪਾਤ ਕਰ ਰਹੀ ਹੈ। ਕੀ ਕਾਨੂੰਨ ਮੁਤਾਬਕ ਮੰਤਰੀ ਵਿਰੁੱਧ ਐਫ.ਆਈ.ਆਰ. (FIR) ਦਰਜ ਨਹੀਂ ਹੋਣੀ ਚਾਹੀਦੀ?
ਪਾਇਲਟ ਨੇ ਅੱਗੇ ਕਿਹਾ ਕਿ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਨਾ ਤਾਂ ਦਲਿਤ ਸਮਾਜ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਅਤੇ ਨਾ ਹੀ 3 ਮਹੀਨਿਆਂ ਵਿੱਚ ਨਸ਼ਾ ਖ਼ਤਮ ਕੀਤਾ ਗਿਆ।
ਪਾਇਲਟ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ੇ ਦੇ ਕਾਲੇ ਹਨ੍ਹੇਰੇ ਵਿੱਚ ਧੱਸਦਾ ਜਾ ਰਹਾ ਹੈ ਅਤੇ ਚਿੱਟਾ ਘਰ-ਘਰ ਪਹੁੰਚ ਰਿਹਾ ਹੈ। ਪਾਇਲਟ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਰਾਹੁਲ ਗਾਂਧੀ ਦੇ ਨਿਰਦੇਸ਼ਾਂ ‘ਤੇ ਕਾਂਗਰਸ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਸੰਘਰਸ਼ ਕਰੇਗੀ ਅਤੇ ਪੁਲਿਸ ਦੀਆਂ ਲਾਠੀਆਂ ਸਭ ਤੋਂ ਪਹਿਲਾਂ ਲੀਡਰ ਆਪਣੇ ਪਿੰਡੇ ‘ਤੇ ਖਾਣਗੇ।















