ਵੱਡੀ ਖ਼ਬਰ: ਪੰਜਾਬ ਚ ਸਰਕਾਰੀ ਹੈਲਥ ਸੈਂਟਰ ‘ਚ ਗੋਲੀ ਚੱਲਣ ਕਾਰਨ ਡਾਕਟਰ ਜ਼ਖ਼ਮੀ, ; FIR ਦਰਜ
ਬਹਿਰਾਮਪੁਰ ਸਿਹਤ ਕੇਂਦਰ ’ਚ ਲਾਇਸੈਂਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ, ਛਾਤੀ ’ਚ ਲੱਗਣ ਦੀ ਸੂਚਨਾ; ਪੁਲਿਸ ਵੱਲੋਂ ਜਾਂਚ ਸ਼ੁਰੂ
ਗੁਰਦਾਸਪੁਰ, 16 ਸਤੰਬਰ 2026: ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਬਹਿਰਾਮਪੁਰ ਸਥਿਤ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਡਾਕਟਰਾਂ ਦੀ ਮੀਟਿੰਗ ਦੌਰਾਨ ਅਚਾਨਕ ਗੋਲੀ ਚੱਲਣ ਨਾਲ ਇੱਕ ਮਹਿਲਾ ਕਮਿਊਨਿਟੀ ਹੈਲਥ ਅਫਸਰ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਜ਼ਖਮੀ ਮਹਿਲਾ ਡਾਕਟਰ ਨੂੰ ਤੁਰੰਤ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਬਹਿਰਾਮਪੁਰ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਸਮੂਹ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ ਮੀਟਿੰਗ ਵਿੱਚ ਮੌਜੂਦ ਡਾਕਟਰ ਦੀਪਕ ਕੁਮਾਰ ਦੀ ਲਾਇਸੈਂਸੀ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਚੱਲ ਗਈ। ਗੋਲੀ ਉੱਥੇ ਮੌਜੂਦ ਇੱਕ ਮਹਿਲਾ ਕਮਿਊਨਿਟੀ ਹੈਲਥ ਅਫਸਰ ਨੂੰ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਗੋਲੀ ਮਹਿਲਾ ਡਾਕਟਰ ਦੀ ਛਾਤੀ ਵਿੱਚ ਲੱਗੀ ਹੈ। ਘਟਨਾ ਵਾਪਰਨ ਤੋਂ ਬਾਅਦ ਸਿਹਤ ਕੇਂਦਰ ਵਿੱਚ ਹੜਕੰਪ ਮਚ ਗਿਆ ਅਤੇ ਸਾਥੀ ਸਟਾਫ ਵੱਲੋਂ ਤੁਰੰਤ ਜ਼ਖਮੀ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਉਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਬਹਿਰਾਮਪੁਰ ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਡਾਕਟਰ ਦੀਪਕ ਕੁਮਾਰ ਖ਼ਿਲਾਫ਼ FIR ਦਰਜ ਕੀਤੀ ਹੈ। ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਰਿਵਾਲਵਰ ਵਿੱਚੋਂ ਗੋਲੀ ਕਿਸ ਹਾਲਾਤ ਵਿੱਚ ਚੱਲੀ ਅਤੇ ਕੀ ਇਹ ਵਾਕਈ ਹਾਦਸਾਤਮਕ ਘਟਨਾ ਸੀ ਜਾਂ ਗੋਲੀ ਜਾਣਬੁੱਝ ਕੇ ਚਲਾਈ ਗਈ।
ਪੁਲਿਸ ਵੱਲੋਂ ਘਟਨਾ ਨਾਲ ਸਬੰਧਤ ਤੱਥਾਂ, ਹਥਿਆਰ ਅਤੇ ਮੌਕੇ ’ਤੇ ਮੌਜੂਦ ਵਿਅਕਤੀਆਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਗੋਲੀ ਚੱਲਣ ਦੇ ਅਸਲ ਕਾਰਨਾਂ ਦੀ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।
















