Join WhatsApp

Join Now

ਵੱਡੀ ਖ਼ਬਰ: ਪੰਜਾਬ ‘ਚ ਸਿਹਤ ਸੇਵਾਵਾਂ ਹੋ ਸਕਦੀਆਂ ਨੇ ਪ੍ਰਭਾਵਿਤ? CHO ਨੇ ਖੋਲ੍ਹਿਆ ਮਾਨ ਸਰਕਾਰ ਵਿਰੁੱਧ ਮੋਰਚਾ

On: ਸਤੰਬਰ 17, 2026 3:40 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ‘ਚ ਸਿਹਤ ਸੇਵਾਵਾਂ ਹੋ ਸਕਦੀਆਂ ਨੇ ਪ੍ਰਭਾਵਿਤ! CHO ਨੇ ਖੋਲ੍ਹਿਆ ਮਾਨ ਸਰਕਾਰ ਵਿਰੁੱਧ ਮੋਰਚਾ

ਕਮਿਊਨਿਟੀ ਹੈਲਥ ਅਫ਼ਸਰਾਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ: ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ, 18 ਸਤੰਬਰ ਨੂੰ ਦਿੜ੍ਹਬਾ ‘ਚ ਹੋਵੇਗੀ ਵਿਸ਼ਾਲ ਰੈਲੀ

ਗੁਰਦਾਸਪੁਰ, 17 ਸਤੰਬਰ 2026- ਪੰਜਾਬ ਦੇ ਸਰਕਾਰੀ ਸਿਹਤ ਢਾਂਚੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕਮਿਊਨਿਟੀ ਹੈਲਥ ਅਫ਼ਸਰਾਂ (CHO) ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਮਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁਰਦਾਸਪੁਰ ਵਿਖੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਇਕੱਠੇ ਹੋਏ ਸਿਹਤ ਕਰਮਚਾਰੀਆਂ ਨੇ ਸਰਕਾਰ ਦੀ ਟਾਲ-ਮਟੋਲ ਨੀਤੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਮੰਗ ਪੱਤਰ ਸਿਵਲ ਸਰਜਨ ਨੂੰ ਸੌਂਪਿਆ। ਆਗੂਆਂ ਨੇ ਸਾਫ਼ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਠੋਸ ਕਦਮ ਨਾ ਚੁੱਕੇ ਤਾਂ ਇਹ ਸੰਘਰਸ਼ ਹੋਰ ਭਖਾਇਆ ਜਾਵੇਗਾ।

ਇਸ ਰੋਸ ਪ੍ਰਦਰਸ਼ਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ. ਸੁਨੀਲ ਤਰਗੋਤਰਾ ਨੇ ਆਖਿਆ ਕਿ ਆਪਣੀਆਂ ਜਾਇਜ਼ ਮੰਗਾਂ ਦੇ ਹੱਲ ਲਈ ਐਸੋਸੀਏਸ਼ਨ ਵੱਲੋਂ ਲਗਾਤਾਰ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ। ਹਰ ਮੀਟਿੰਗ ਵਿੱਚ ਅਧਿਕਾਰੀਆਂ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਤਾਂ ਦਿੱਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ‘ਤੇ ਕੋਈ ਲਿਖਤੀ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਲਾਰੇਬਾਜ਼ੀ ਅਤੇ ਸਮਾਂ ਟਪਾਊ ਨੀਤੀ ਕਾਰਨ ਸਮੁੱਚੇ ਪੰਜਾਬ ਦੇ CHO ਕੈਡਰ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਦੀ ਲਹਿਰ ਹੈ।

ਜ਼ਿਲ੍ਹਾ ਪ੍ਰਧਾਨ ਡਾ. ਰਵਿੰਦਰ ਅਤੇ ਸੂਰਜ ਪ੍ਰਕਾਸ਼ ਨੇ ਕਮਿਊਨਿਟੀ ਹੈਲਥ ਅਫ਼ਸਰਾਂ ਦੀਆਂ ਮੁੱਖ ਮੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੀਆਂ ਮੰਗਾਂ ਹਨ ਕਿ, CHO ਦੇ ਕੈਡਰ ਨੂੰ ਤੁਰੰਤ ਸੈਂਕਸ਼ਨ ਕੀਤਾ ਜਾਵੇ ਅਤੇ ਰੈਗੂਲਰ ਗ੍ਰੇਡ-ਪੇ ਦੇ ਕੇ ਪੱਕਾ ਕੀਤਾ ਜਾਵੇ। ਮਹੀਨਾਵਾਰ ਤਨਖਾਹ ਵਿੱਚ ਘੱਟੋ-ਘੱਟ ₹5,000 ਦਾ ਵਾਧਾ ਕੀਤਾ ਜਾਵੇ ਅਤੇ ਪਿਛਲਾ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਬੰਦ ਕੀਤਾ ਗਿਆ ਲੋਇਲਟੀ ਅਤੇ ਤਜਰਬਾ ਬੋਨਸ ਮੁੜ ਬਹਾਲ ਕੀਤਾ ਜਾਵੇ। ਮਿਲਣ ਵਾਲੇ ਇਨਸੈਂਟਿਵ ਨੂੰ ਮੂਲ ਤਨਖਾਹ ਵਿੱਚ ਮਿਲਾਇਆ ਜਾਵੇ ਅਤੇ ਇਨਸੈਂਟਿਵ ਪਰਫਾਰਮਾ ਨੂੰ CHO ਨੁਮਾਇੰਦਿਆਂ ਨਾਲ ਹੋਈ ਸਹਿਮਤੀ ਅਨੁਸਾਰ ਸੋਧਿਆ ਜਾਵੇ।

ਜ਼ਿਲ੍ਹਾ ਸਕੱਤਰ ਮੈਡਮ ਨਵਜੋਤ ਨੇ ਆਖਿਆ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮੁਲਾਜ਼ਮਾਂ ਕੋਲ ਸੜਕਾਂ ‘ਤੇ ਉੱਤਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ। ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 18 ਸਤੰਬਰ ਨੂੰ ਦਿੜ੍ਹਬਾ ਵਿਖੇ ਪੂਰੇ ਪੰਜਾਬ ਤੋਂ CHO ਵੱਡਾ ਰੋਸ ਧਰਨਾ ਅਤੇ ਵਿਸ਼ਾਲ ਰੈਲੀ ਕਰਨਗੇ। ਇਹ ਰੈਲੀ ਸਿਹਤ ਵਿਭਾਗ ਦੀ ਬੇਰੁਖ਼ੀ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਕੀਤੀ ਜਾ ਰਹੀ ਹੈ।

CHO ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ 18 ਸਤੰਬਰ ਦੀ ਦਿੜ੍ਹਬਾ ਰੈਲੀ ਤੋਂ ਬਾਅਦ ਵੀ ਜੇਕਰ ਰਾਜ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਲਿਖਤੀ ਅਤੇ ਪੱਕਾ ਹੱਲ ਨਾ ਕੱਢਿਆ, ਤਾਂ ਸੰਘਰਸ਼ ਨੂੰ ਆਰ-ਪਾਰ ਦੀ ਲੜਾਈ ਵਿੱਚ ਬਦਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪੰਜਾਬ ਭਰ ਦੇ ਕਮਿਊਨਿਟੀ ਹੈਲਥ ਅਫ਼ਸਰ ਸੰਗਰੂਰ ਵੱਲ ਕੂਚ ਕਰਨਗੇ ਅਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਅਨਿਸ਼ਚਿਤ ਸਮੇਂ ਲਈ ਪੱਕਾ ਧਰਨਾ ਲਗਾਉਣਗੇ, ਜਿਸ ਤੋਂ ਨਿਕਲਣ ਵਾਲੇ ਹਰ ਸਿੱਟੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਹੋਵੇਗੀ।

 

Leave a Comment