Join WhatsApp

Join Now

ਬਲਾਤਕਾਰ ਮਾਮਲਾ! SGPC ਅਮਰਜੀਤ ਚਾਵਲਾ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਮਲਕੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਨੇ ਪੰਥ ‘ਚੋਂ ਛੇਕਿਆ

On: ਸਤੰਬਰ 20, 2026 1:23 ਬਾਃ ਦੁਃ

 

ਬਲਾਤਕਾਰ ਮਾਮਲਾ! SGPC ਅਮਰਜੀਤ ਚਾਵਲਾ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਮਲਕੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਨੇ ਪੰਥ ‘ਚੋਂ ਛੇਕਿਆ

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਲਏ ਗਏ ਅਹਿਮ ਫ਼ੈਸਲੇ, ਵਿਵਾਦਾਂ ‘ਚ ਘਿਰੇ ਅਹੁਦੇਦਾਰਾਂ ‘ਤੇ ਹੋਈ ਸਖ਼ਤ ਕਾਰਵਾਈ

ਅੰਮ੍ਰਿਤਸਰ, 20 ਸਤੰਬਰ 2026- ਪਿਛਲੇ ਮਹੀਨੇ ਐਸਜੀਪੀਸੀ ਮੈਂਬਰ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਦੇ ਵਿਰੁੱਧ ਬਲਾਤਕਾਰ ਦਾ ਕੇਸ ਆਨੰਦਪੁਰ ਸਾਹਿਬ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਦੇ ਸਬੰਧ ਵਿੱਚ ਬੇਸ਼ੱਕ ਹੁਣ ਤੱਕ ਪੁਲਿਸ ਦੇ ਹੱਥ ਖ਼ਾਲੀ ਹੀ ਹਨ ਅਤੇ ਚਾਵਲਾ ਕੈਨੇਡਾ ਭੱਜ ਗਏ ਹਨ। ਪਰ ਇਸੇ ਸਭ ਦੇ ਵਿਚਾਲੇ ਪੰਜ ਸਿੰਘ ਸਾਹਿਬਾਨਾਂ ਦੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰਤਾ ਹੋਈ, ਜਿਸ ਵਿੱਚ ਐਸਜੀਪੀਸੀ ਮੈਂਬਰ ਅਤੇ ਸਾਬਕਾ ਅਕਾਲੀ ਆਗੂ ਅਮਰਜੀਤ ਚਾਵਲਾ ਅਤੇ ਐਡਿਸ਼ਨਲ ਹੈੱਡ ਗ੍ਰੰਥੀ ਮਲਕੀਤ ਸਿੰਘ ਦੇ ਵਿਰੁੱਧ ਸਖ਼ਤ ਫ਼ੈਸਲਾ ਲੈਂਦਿਆਂ ਹੋਇਆ, ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਇਸ ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਇਤਿਹਾਸਕ ਅਤੇ ਸਖ਼ਤ ਫ਼ੈਸਲਿਆਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ।

ਜਥੇਦਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਇੱਕ ਮਾਮਲੇ ਵਿੱਚ ਇੱਕ ਬੀਬੀ ਵੱਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਸਨ। ਕਿਉਂਕਿ ਇਹ ਮਾਮਲਾ ਸਿੱਖਾਂ ਦੀ ਸਿਰਮੌਰ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਮੈਂਬਰ ਨਾਲ ਜੁੜਿਆ ਹੋਇਆ ਸੀ, ਇਸ ਲਈ ਇਸ ਦੀ ਗੰਭੀਰਤਾ ਅਤੇ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੀ ਬਹੁਤ ਸਾਰੇ ਚਿੱਠੀ-ਪੱਤਰ ਅਤੇ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਸਨ।

ਇਹਨਾਂ ਸਾਰੇ ਤੱਥਾਂ ਅਤੇ ਸੁਝਾਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਜ ਸਿੰਘ ਸਾਹਿਬਾਨ ਨੇ ਫ਼ੈਸਲਾ ਲਿਆ ਹੈ ਕਿ ਜਿੰਨਾ ਚਿਰ ਤੱਕ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਨਿਰਦੋਸ਼ ਸਾਬਤ ਨਹੀਂ ਹੋ ਜਾਂਦੇ, ਉੱਨਾ ਚਿਰ ਤੱਕ ਉਹਨਾਂ ਨੂੰ ਸਿੱਖੀ ਵਿੱਚੋਂ ਖ਼ਾਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਨਿਰਦੋਸ਼ ਸਾਬਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਾ ਪਵੇਗਾ। ਉੱਨਾ ਸਮਾਂ ਇਹਨਾਂ ਦੇ ਸਿੱਖ ਧਾਰਮਿਕ ਸੰਸਥਾਵਾਂ ਅੰਦਰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ‘ਤੇ ਉਮਰ ਭਰ ਲਈ ਰੋਕ ਲਗਾ ਦਿੱਤੀ ਗਈ ਹੈ।

ਅਡੀਸ਼ਨਲ ਹੈੱਡ ਗ੍ਰੰਥੀ ‘ਤੇ ਵੀ ਡਿੱਗੀ ਗਾਜ

ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ‘ਤੇ ਵੀ ਉਕਤ ਬੀਬੀ ਵੱਲੋਂ ਗਲਤ ਚੈਟਿੰਗ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ‘ਚ ਵੀ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਗਿਆਨੀ ਮਲਕੀਤ ਸਿੰਘ ਨੂੰ ਵੀ ਨਿਰਦੋਸ਼ ਸਾਬਤ ਹੋਣ ਤੱਕ ਸਿੱਖੀ ‘ਚੋਂ ਖ਼ਾਰਜ ਕਰਨ ਦਾ ਫ਼ੈਸਲਾ ਸੁਣਾਇਆ ਹੈ। ਉਹਨਾਂ ‘ਤੇ ਵੀ ਉਮਰ ਭਰ ਲਈ ਕਿਸੇ ਵੀ ਧਾਰਮਿਕ ਸਿੱਖ ਸੰਸਥਾ ਦੇ ਅੰਦਰ ਕੰਮ ਕਰਨ ‘ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ।

ਦਿੱਲੀ ਅਤੇ ਮੁੰਬਈ ਦੇ ਗੁਰਦੁਆਰਾ ਪ੍ਰਬੰਧਕਾਂ ਨੂੰ ਤਾੜਨਾ

ਇਕੱਤਰਤਾ ਦੌਰਾਨ ਦਿੱਲੀ ਦੇ ਸੁਭਾਸ਼ ਨਗਰ ਸਥਿਤ ‘ਸ੍ਰੀ ਗੁਰੂ ਸਿੰਘ ਸਭਾ’ ਗੁਰਦੁਆਰਾ ਸਾਹਿਬ ਦੇ ਮਾਮਲੇ ‘ਤੇ ਵੀ ਚਰਚਾ ਹੋਈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਭਾਸ਼ ਨਗਰ ਦੀ ਕਮੇਟੀ ਨੂੰ ਵਾਰ-ਵਾਰ ਆਦੇਸ਼ ਭੇਜੇ ਜਾ ਰਹੇ ਸਨ, ਪਰ ਉਹ ਲਗਾਤਾਰ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਅੱਜ ਕਮੇਟੀ ਨੂੰ ਅੰਤਿਮ ਤਾੜਨਾ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਅਗਲੀ ਇਕੱਤਰਤਾ ਵਿੱਚ ਉਹਨਾਂ ਖ਼ਿਲਾਫ਼ ਬੇਹੱਦ ਸਖ਼ਤ ਪੰਥਕ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੰਬਈ (ਠਾਣੇ) ਸਥਿਤ ਮੀਰਾ ਰੋਡ, ਸ਼ਾਂਤੀ ਨਗਰ ਸੈਕਟਰ 6 ਦੇ ‘ਸ੍ਰੀ ਗੁਰੂ ਨਾਨਕ ਦਰਬਾਰ’ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਅਤੇ ਸਕੱਤਰ ਦਵਿੰਦਰ ਸਿੰਘ ਨੂੰ ਵੀ ਹਦਾਇਤ ਜਾਰੀ ਕੀਤੀ ਗਈ ਹੈ। ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਨ ਲਈ ਕਿਹਾ ਗਿਆ ਹੈ। ਜੇਕਰ ਉਹ ਆਦੇਸ਼ਾਂ ਨੂੰ ਮੰਨਣ ਤੋਂ ਅਸਮਰੱਥ ਰਹਿੰਦੇ ਹਨ, ਤਾਂ ਉਹਨਾਂ ਵਿਰੁੱਧ ਵੀ ਪੰਥਕ ਰਵਾਇਤਾਂ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

Leave a Comment