SGPC ਮੈਂਬਰ ਚਾਵਲਾ ‘ਤੇ ਦਰਜ ਰੇਪ ਦਾ ਮਾਮਲਾ! AAP ‘ਤੇ ਵਰ੍ਹੇ ਪ੍ਰਧਾਨ ਝਿੰਜਰ, ਕਿਹਾ – ਸਰਕਾਰ ਆਪਣੇ ਘੁਟਾਲਿਆਂ ਤੋਂ ਧਿਆਨ ਭਟਕਾਉਣ ਲਈ ਕਰ ਰਹੀ ਅਕਾਲੀ ਆਗੂਆਂ ਦੀ ਕਿਰਦਾਰਕੁਸ਼ੀ
ਵਿਰਸਾ ਸਿੰਘ ਵਲਟੋਹਾ ਦਾ ਵੀ ਆਇਆ ਬਿਆਨ- ਪੀੜਤ ਬੀਬੀ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ
ਪੰਜਾਬ ਨੈੱਟਵਰਕ
ਚੰਡੀਗੜ੍ਹ, 23 ਸਤੰਬਰ 2026- ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵੱਡਾ ਅਤੇ ਤਿੱਖਾ ਬਿਆਨ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ (AAP) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਕੇਸ ਨਾਲ ਜੋੜ ਕੇ ਅਕਾਲੀ ਆਗੂਆਂ ‘ਤੇ ਲਗਾਏ ਜਾ ਰਹੇ ਗੰਭੀਰ ਦੋਸ਼ਾਂ ‘ਤੇ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਝਿੰਜਰ ਨੇ ਸਰਕਾਰ ਵਿਰੁੱਧ ਹਿੱਕ ਠੋਕ ਕੇ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ, “ਮੈਂ ਨਾ ਡਰਾਂਗਾ ਤੇ ਨਾ ਹੀ ਝੁਕਾਂਗਾ। ਤੁਹਾਡੇ ਹਰ ਵਾਰ ਦਾ ਡੱਟ ਕੇ ਮੁਕਾਬਲਾ ਕਰਾਂਗਾ।”
ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਦੀ ਮੌਜੂਦਾ ‘ਆਪ’ ਸਰਕਾਰ ਆਪਣੇ ਨਾਕਾਮੀਆਂ ਅਤੇ ਘੁਟਾਲਿਆਂ ਨੂੰ ਛੁਪਾਉਣ ਦੇ ਲਈ ਅਜਿਹੀਆਂ ਨੀਚ ਰਾਜਨੀਤਿਕ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਅਤੇ ਪ੍ਰਸ਼ਾਸਨਿਕ ਘੁਟਾਲਿਆਂ ਤੋਂ ਭਟਕਾਉਣ ਲਈ ਅਕਾਲੀ ਦਲ ਦੇ ਸੀਨੀਅਰ ਅਤੇ ਯੂਥ ਆਗੂਆਂ ਦੀ ਕਿਰਦਾਰਕੁਸ਼ੀ (Character Assassination) ਕੀਤੀ ਜਾ ਰਹੀ ਹੈ। ‘ਸਾਮ, ਦਾਨ, ਦੰਡ, ਭੇਦ’ ਦੀ ਨੀਤੀ ਅਪਣਾ ਕੇ ਇਹ ਭ੍ਰਿਸ਼ਟ ਸਰਕਾਰ ਆਪਣੀ ਸੱਤਾ ਚਲਾ ਰਹੀ ਹੈ।
ਝਿੰਜਰ ਨੇ ਅੱਗੇ ਬੋਲਦਿਆਂ ਕਿਹਾ, “ਮੈਂ ਇਸ ਭ੍ਰਿਸ਼ਟ ਸਰਕਾਰ ਨੂੰ ਨਹੀਂ, ਸਗੋਂ ਗੁਰੂ ਰੂਪੀ ਸਾਧ ਸੰਗਤ ਨੂੰ ਜਵਾਬਦੇਹ ਹਾਂ। ਜੇਕਰ ਸਰਕਾਰ ਜਾਂ ਸੱਤਾਧਾਰੀ ਧਿਰ ਕੋਲ ਕੋਈ ਸਬੂਤ ਹਨ ਤਾਂ ਉਹ ਸਾਬਤ ਕਰਕੇ ਵਿਖਾਵੇ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਸਾਰਾ ਘਟਨਾਕ੍ਰਮ ਇੱਕ ਡੂੰਘੀ ਸਾਜ਼ਿਸ਼ ਦੇ ਤਹਿਤ ਰਚਿਆ ਗਿਆ ਹੈ ਤਾਂ ਜੋ ਸਰਕਾਰ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਇਆ ਜਾ ਸਕੇ।
ਮੇਰਾ ਇਸ ਬੀਬੀ ਨਾਲ ਕੋਈ ਲੈਣਾ-ਦੇਣਾ ਨਹੀਂ- ਵਿਰਸਾ ਸਿੰਘ ਵਲਟੋਹਾ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਵਿਰੁੱਧ ਦਰਜ ਹੋਏ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਸ ਸਮੇਂ ਇੱਕ ਵੱਡਾ ਮੋੜ ਆਇਆ, ਜਦੋਂ ਮੁਕੱਦਮਾ ਦਰਜ ਕਰਵਾਉਣ ਵਾਲੀ ਬੀਬੀ ਦੀ ਇੱਕ ਵੀਡੀਓ ਵਾਇਰਲ ਹੋਈ। ਇਸ ਕਥਿਤ ਵੀਡੀਓ ਵਿੱਚ ਬੀਬੀ ਵੱਲੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਦਾ ਨਾਂ ਵੀ ਲਿਆ ਗਿਆ।
ਇਸ ਵਾਇਰਲ ਵੀਡੀਓ ਅਤੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਤੋਂ ਬਾਅਦ ਜਿੱਥੇ ਸਰਬਜੀਤ ਸਿੰਘ ਝਿੰਜਰ ਨੇ ਇਸ ਨੂੰ ਸਿਆਸੀ ਬਦਲਾਖੋਰੀ ਅਤੇ ਸਾਜ਼ਿਸ਼ ਕਰਾਰ ਦਿੱਤਾ, ਉੱਥੇ ਹੀ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਵਲਟੋਹਾ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ “ਮੇਰਾ ਇਸ ਬੀਬੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਬੀਬੀ ਦਾ ਕਿਰਦਾਰ ਕੀ ਹੈ, ਇਹ ਸਭ ਚੰਗੀ ਤਰ੍ਹਾਂ ਜਾਣਦੇ ਹਨ।”
ਇਸ ਵਿਵਾਦ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਗਰਮਾ-ਗਰਮੀ ਹੋਰ ਵਧ ਗਈ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਜਨਤਕ ਮੁੱਦਿਆਂ, ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਅਤੇ ਆਪਣੇ ਆਗੂਆਂ ‘ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਧਿਆਨ ਹਟਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਝੂਠੇ ਕੇਸਾਂ ਅਤੇ ਵਿਵਾਦਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਯੂਥ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਅਜਿਹੇ ਝੂਠੇ ਇਲਜ਼ਾਮਾਂ ਅੱਗੇ ਕਦੇ ਨਹੀਂ ਝੁਕਣਗੇ ਅਤੇ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਰੱਖਣਗੇ।
















