ਪੰਜਾਬ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਸਰਕਾਰ ਵੱਲੋਂ ਮਹਿੰਗਾਈ ਭੱਤੇ ਦਾ ਨੋਟੀਫਿਕੇਸ਼ਨ ਜਾਰੀ;
ਮਹਿੰਗਾਈ ਰਾਹਤ (Dearness Relief) 42% ਤੋਂ ਵਧਾ ਕੇ ਕੀਤੀ 50%
ਚੰਡੀਗੜ੍ਹ, 23 ਸਤੰਬਰ 2026: ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (Dearness Relief) ਵਿੱਚ ਵਾਧਾ ਕਰਨ ਦਾ ਹੁਕਮ ਜਾਰੀ ਕੀਤਾ ਹੈ। ਸਰਕਾਰ ਵੱਲੋਂ ਮਹਿੰਗਾਈ ਰਾਹਤ ਦੀ ਮੌਜੂਦਾ ਦਰ 42 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤੀ ਗਈ ਹੈ।

ਵਿੱਤ ਵਿਭਾਗ ਦੀ Finance Pension Policy and Coordination Branch ਵੱਲੋਂ 23 ਸਤੰਬਰ 2026 ਨੂੰ ਜਾਰੀ ਪੱਤਰ ਅਨੁਸਾਰ ਪੰਜਾਬ ਦੇ ਰਾਜਪਾਲ ਵੱਲੋਂ ਪੈਨਸ਼ਨਰਾਂ/ਫੈਮਿਲੀ ਪੈਨਸ਼ਨਰਾਂ ਨੂੰ 8 ਫੀਸਦੀ ਵਾਧੂ ਮਹਿੰਗਾਈ ਰਾਹਤ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਵਧੀ ਹੋਈ ਮਹਿੰਗਾਈ ਰਾਹਤ 1 ਸਤੰਬਰ 2026 ਤੋਂ ਲਾਗੂ ਹੋਵੇਗੀ। ਇਹ ਰਾਹਤ ਸਤੰਬਰ 2026 ਦੀ ਪੈਨਸ਼ਨ/ਫੈਮਿਲੀ ਪੈਨਸ਼ਨ ਦੇ ਨਾਲ ਭੁਗਤਾਨਯੋਗ ਹੋਵੇਗੀ।
ਇਸ ਤਰ੍ਹਾਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਦੀ ਕੁੱਲ ਦਰ ਹੁਣ 50 ਫੀਸਦੀ ਹੋ ਗਈ ਹੈ। ਇਹ ਹੁਕਮ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸਾਰੇ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤੀ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ, ਪ੍ਰਸ਼ਾਸਕੀ ਸਕੱਤਰਾਂ ਅਤੇ ਸੂਬੇ ਦੇ ਸਾਰੇ ਵਿਭਾਗ ਮੁਖੀਆਂ ਸਮੇਤ ਸਬੰਧਤ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ।
ਇਸ ਦੀਆਂ ਕਾਪੀਆਂ ਪੰਜਾਬ ਦੇ ਅਕਾਊਂਟੈਂਟ ਜਨਰਲ (Audit), ਅਕਾਊਂਟੈਂਟ ਜਨਰਲ (A&E), ਪੰਜਾਬ ਅਤੇ ਚੰਡੀਗੜ੍ਹ ਸਮੇਤ ਹੋਰ ਸਬੰਧਤ ਦਫ਼ਤਰਾਂ ਨੂੰ ਵੀ ਜਾਣਕਾਰੀ ਅਤੇ ਲੋੜੀਂਦੀ ਕਾਰਵਾਈ ਲਈ ਭੇਜੀਆਂ ਗਈਆਂ ਹਨ। ਇਸ ਫੈਸਲੇ ਨਾਲ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਵਿੱਚ 8 ਫੀਸਦੀ ਦਾ ਵਾਧਾ ਮਿਲੇਗਾ।
















