ਕੈਪਟਨ ਅਮਰਿੰਦਰ ਦਾ ਵੱਡਾ ਬਿਆਨ; ਕਿਹਾ- ਭਾਜਪਾ ‘ਚ ਸ਼ਾਮਲ ਹੋ ਕੇ ਕੁਝ ਹਾਸਲ ਨਹੀਂ ਹੋਇਆ, ਪਾਰਟੀ ਜ਼ਮੀਨੀ ਹਕੀਕਤ ਤੋਂ ਅਣਜਾਣ
“ਪੰਜ ਸਾਲਾਂ ‘ਚ ਪੰਜਾਬ ਦੇ ਮੁੱਦਿਆਂ ‘ਤੇ ਕੋਈ ਬੈਠਕ ਨਹੀਂ ਹੋਈ”- ਭਾਜਪਾ ਹਾਈਕਮਾਨ ‘ਤੇ ਬਰਸੇ ਸਾਬਕਾ ਮੁੱਖ ਮੰਤਰੀ ਕੈਪਟਨ
ਕਾਂਗਰਸ ‘ਚ ਵਾਪਸੀ ਦੀਆਂ ਚਰਚਾਵਾਂ ‘ਤੇ ਕੈਪਟਨ ਨੇ ਲਾਇਆ ਪੂਰਨ ਵਿਰਾਮ, ਕਿਹਾ- ‘ਭਾਜਪਾ ‘ਚ ਰਹਿਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ’
ਚੰਡੀਗੜ੍ਹ, 25 ਸਤੰਬਰ 2026- ਪੰਜਾਬ ਦੀ ਸਿਆਸਤ ਵਿੱਚ ਲੰਮੇ ਸਮੇਂ ਤੱਕ ਕਾਂਗਰਸ ਦੇ ਸਭ ਤੋਂ ਪ੍ਰਮੁੱਖ ਅਤੇ ਪ੍ਰਭਾਵਸ਼ਾਲੀ ਚਿਹਰਿਆਂ ਵਿੱਚ ਸ਼ੁਮਾਰ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਆਪਣੇ ਚਾਰ ਸਾਲਾਂ ਦੇ ਸਫ਼ਰ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ‘ਦਿ ਟ੍ਰਿਬਿਊਨ’ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੈਪਟਨ ਨੇ ਬੇਬਾਕੀ ਨਾਲ ਮੰਨਿਆ ਕਿ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੂੰ ਕੋਈ ਖ਼ਾਸ ਸਿਆਸੀ ਲਾਭ ਨਹੀਂ ਮਿਲਿਆ ਅਤੇ ਨਾ ਹੀ ਪੰਜਾਬ ਦੀ ਰਾਜਨੀਤੀ ਜਾਂ ਸੂਬੇ ਦੇ ਮੁੱਦਿਆਂ ‘ਤੇ ਪਾਰਟੀ ਹਾਈਕਮਾਨ ਨੇ ਉਨ੍ਹਾਂ ਕੋਲੋਂ ਕਦੇ ਕੋਈ ਸਲਾਹ-ਮਸ਼ਵਰਾ ਲਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਵਿੱਚ ਜਾਣ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਤਾਂ ਨਹੀਂ ਹੈ, ਪਰ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਕੀ ਹਾਸਲ ਹੋਇਆ, ਇਸ ਗੱਲ ਦਾ ਜਵਾਬ ਉਨ੍ਹਾਂ ਕੋਲ ਵੀ ਨਹੀਂ ਹੈ। ਜਦੋਂ ਸਾਬਕਾ ਮੁੱਖ ਮੰਤਰੀ ਤੋਂ ਭਾਜਪਾ ਦੇ ਚਾਰ ਸਾਲਾਂ ਦੇ ਤਜਰਬੇ ਅਤੇ ਪ੍ਰਾਪਤੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਬੇਹੱਦ ਸਿੱਧਾ ਸੀ ਕਿ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸੀਨੀਅਰ ਆਗੂ ਕਿਸੇ ਨਵੀਂ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਹ ਇੱਕ ਕੁਦਰਤੀ ਉਮੀਦ ਹੁੰਦੀ ਹੈ ਕਿ ਉਸ ਦੇ ਲੰਮੇ ਤਜਰਬੇ ਦੀ ਕਦਰ ਕੀਤੀ ਜਾਵੇਗੀ, ਖ਼ਾਸ ਤੌਰ ‘ਤੇ ਉਦੋਂ ਜਦੋਂ ਉਹ ਆਗੂ ਲਗਭਗ 60 ਸਾਲਾਂ ਤੋਂ ਪੰਜਾਬ ਦੀ ਜ਼ਮੀਨੀ ਸਿਆਸਤ ਨੂੰ ਬਾਰੀਕੀ ਨਾਲ ਸਮਝਦਾ ਆ ਰਿਹਾ ਹੋਵੇ। ਕੈਪਟਨ ਨੇ ਦੱਸਿਆ ਕਿ ਕਾਂਗਰਸ ਤੋਂ ਵੱਖ ਹੋਣ ਮਗਰੋਂ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਸੀ, ਜਿਸ ਦਾ ਬਾਅਦ ਵਿੱਚ ਸਮਰਥਕਾਂ ਦੀ ਸਲਾਹ ਨਾਲ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ ਗਿਆ।
ਉਸ ਵੇਲੇ ਕਾਂਗਰਸ ਵਿੱਚ ਵਾਪਸੀ ਦਾ ਰਾਹ ਬੰਦ ਸੀ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ, ਇਸੇ ਲਈ ਭਾਜਪਾ ਵਿੱਚ ਜਾਣ ਦਾ ਫ਼ੈਸਲਾ ਲਿਆ ਗਿਆ ਸੀ। ਭਾਜਪਾ ਅੰਦਰ ਆਪਣੀ ਭੂਮਿਕਾ ਨੂੰ ਲੈ ਕੇ ਵੱਡਾ ਖੁਲਾਸਾ ਕਰਦਿਆਂ ਕੈਪਟਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਦੀ ਰਾਜਨੀਤੀ ਜਾਂ ਸੂਬੇ ਸੰਬੰਧੀ ਨੀਤੀਆਂ ਨੂੰ ਲੈ ਕੇ ਭਾਜਪਾ ਨੇਤਾਵਾਂ ਨਾਲ ਉਨ੍ਹਾਂ ਦੀ ਇੱਕ ਵੀ ਗੰਭੀਰ ਬੈਠਕ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਲਾਕ ਪੱਧਰ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ ਹੈ; ਉਹ ਪੰਜਾਬ ਅੰਦਰ ਛੇ ਵਾਰ ਵਿਧਾਇਕ, ਦੋ ਵਾਰ ਲੋਕ ਸਭਾ ਮੈਂਬਰ ਅਤੇ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਲਈ ਪਾਰਟੀ ਨੂੰ ਜ਼ਮੀਨੀ ਹਕੀਕਤਾਂ ਦੀ ਸਮਝ ਰੱਖਣ ਵਾਲੇ ਅਜਿਹੇ ਤਜਰਬੇਕਾਰ ਆਗੂਆਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਭਾਜਪਾ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਨਹੀਂ ਸਮਝਦੀ
ਇੰਟਰਵਿਊ ਦੌਰਾਨ ਜਦੋਂ ਕੈਪਟਨ ਨੂੰ ਸਿੱਧਾ ਸਵਾਲ ਪੁੱਛਿਆ ਗਿਆ ਕਿ ਕੀ ਭਾਜਪਾ ਪੰਜਾਬ ਦੇ ਸਿਆਸੀ ਤਾਣੇ-ਬਾਣੇ ਨੂੰ ਸਮਝਦੀ ਹੈ, ਤਾਂ ਉਨ੍ਹਾਂ ਨੇ ਸਾਫ਼ ਨਾਂਹ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਲੰਮੇ ਸਮੇਂ ਤੱਕ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਰਹੀ, ਇਸ ਲਈ ਪਾਰਟੀ ਨੂੰ ਸੂਬੇ ਦੀ ਰਾਜਨੀਤਿਕ ਬਣਤਰ ਨੂੰ ਸਮਝਣ ਵਾਸਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ ਲੋੜ ਹੈ। ਸਿਰਫ਼ ਕੇਂਦਰ ਵਿੱਚ ਮੰਤਰੀ ਬਣ ਜਾਣ ਨਾਲ ਕਿਸੇ ਸੂਬੇ ਦੀ ਰਾਜਨੀਤੀ ਦੀ ਸਮਝ ਨਹੀਂ ਆਉਂਦੀ, ਸਗੋਂ ਇਸ ਵਾਸਤੇ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਮਿਹਨਤ ਕਰਨੀ ਪੈਂਦੀ ਹੈ।
ਕੈਪਟਨ ਨੇ ਕਿਹਾ ਕਿ ਭਾਜਪਾ ਨੂੰ ਉਨ੍ਹਾਂ ਵਰਗੇ ਆਗੂਆਂ ਦੀ ਸਲਾਹ ਲੈਣੀ ਚਾਹੀਦੀ ਹੈ; ਜੇਕਰ ਸਲਾਹ ਢੁੱਕਵੀਂ ਨਾ ਲੱਗੇ ਤਾਂ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ, ਪਰ ਤਜਰਬੇ ਦੇ ਬਾਵਜੂਦ ਸਲਾਹ ਤੱਕ ਨਾ ਲੈਣਾ ਬਿਲਕੁਲ ਗ਼ਲਤ ਹੈ।
ਫਿਰ ਭਾਜਪਾ ਵਿੱਚ ਕਿਉਂ ਬਣੇ ਹੋਏ ਹਨ?
ਜਦੋਂ ਇਹ ਪੁੱਛਿਆ ਗਿਆ ਕਿ ਅਹਿਮੀਅਤ ਨਾ ਮਿਲਣ ਦੇ ਬਾਵਜੂਦ ਉਹ ਭਾਜਪਾ ਵਿੱਚ ਕਿਉਂ ਬਣੇ ਹੋਏ ਹਨ, ਤਾਂ ਕੈਪਟਨ ਦਾ ਜਵਾਬ ਸੀ ਕਿ ਉਨ੍ਹਾਂ ਕੋਲ ਹੋਰ ਵਿਕਲਪ ਹੀ ਕੀ ਹੈ? ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋ ਸਕਦੇ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਾਂਗਰਸ ਉਨ੍ਹਾਂ ਨੂੰ ਵਾਪਸ ਲਵੇਗੀ। ਹਾਲਾਂਕਿ, ਉਨ੍ਹਾਂ ਨੇ ਕਾਂਗਰਸ ਪ੍ਰਤੀ ਆਪਣੇ ਪੁਰਾਣੇ ਲਗਾਓ ਨੂੰ ਖੁੱਲ੍ਹ ਕੇ ਸਵੀਕਾਰਿਆ ਅਤੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਲਗਭਗ 50 ਸਾਲ ਕਾਂਗਰਸ ਨਾਲ ਜੁੜੇ ਰਹੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਮੁੜ ਵਾਪਸੀ ਦੀਆਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਾਂਗਰਸ ਆਪਣੀ ਮਰਜ਼ੀ ਨਾਲ ਨਹੀਂ ਛੱਡੀ ਸੀ, ਬਲਕਿ ਹਾਈਕਮਾਨ ਦੇ ਕਹਿਣ ‘ਤੇ ਹੀ ਪਾਰਟੀ ਛੱਡੀ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਵਾਪਸੀ ਲਈ ਕੋਈ ਪਹਿਲਕਦਮੀ ਨਹੀਂ ਕਰ ਰਹੇ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੀ ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਨਾਲ ਕੋਈ ਵੀ ਸਿਆਸੀ ਗੱਲਬਾਤ ਨਹੀਂ ਹੋਈ ਹੈ।
















