Big Breaking: ਪੰਜਾਬ ਦੀ ਧਰਤੀ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦਾ ਵੱਡਾ ਐਲਾਨ; ਦਸੰਬਰ 2029 ਤੱਕ ਚਿੱਟਾ ਮੁਕਤ ਹੋਵੇਗਾ ਸੂਬਾ
ਅਮਿਤ ਸ਼ਾਹ ਦਾ ਐਲਾਨ: ਕਿਹਾ- ਨਸ਼ਾ ਮੁਕਤ ਪੰਜਾਬ ਦੇ ਮੁੱਦੇ ‘ਤੇ ਚੋਣ ਲੜੇਗੀ ਭਾਜਪਾ- “ਅਸੀਂ ਜੰਮੂ-ਕਸ਼ਮੀਰ ‘ਚੋਂ ਅੱਤਵਾਦ ਤੇ ਨਕਸਲਵਾਦ ਖ਼ਤਮ ਕੀਤਾ, ਹੁਣ ਪੰਜਾਬ ‘ਚੋਂ ਨਸ਼ੇ ਦਾ ਵਪਾਰ ਖ਼ਤਮ ਕਰਾਂਗੇ”
ਪੰਜਾਬ ਨੈੱਟਵਰਕ
ਜਲੰਧਰ/ਚੰਡੀਗੜ੍ਹ, 30 ਸਤੰਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤਾਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਸੂਬੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਰਕਾਰ ਬਣਾਉਣ ਦਾ ਮੌਕਾ ਦਿੰਦੀ ਹੈ, ਤਾਂ 31 ਦਸੰਬਰ 2029 ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ‘ਚਿੱਟਾ ਮੁਕਤ’ ਬਣਾ ਦਿੱਤਾ ਜਾਵੇਗਾ। ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਭਾਜਪਾ ਆਗਾਮੀ ਚੋਣਾਂ ਨਸ਼ਾ ਮੁਕਤ ਪੰਜਾਬ ਦੇ ਮੁੱਖ ਮੁੱਦੇ ‘ਤੇ ਲੜੇਗੀ।
ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ, “ਅਸੀਂ ਜੋ ਕਿਹਾ ਹੈ, ਉਹ ਕਰਕੇ ਵਿਖਾਇਆ ਹੈ। ਅਸੀਂ ਜੰਮੂ-ਕਸ਼ਮੀਰ ਵਿੱਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਅਤੇ ਦੇਸ਼ ਵਿੱਚੋਂ ਨਕਸਲਵਾਦ ਨੂੰ ਠੱਲ੍ਹ ਪਾਈ। ਹੁਣ ਸਾਡਾ ਅਗਲਾ ਮਿਸ਼ਨ ਪੰਜਾਬ ਨੂੰ ਨਸ਼ੇ ਦੀ ਦਲਦਲ ‘ਚੋਂ ਬਾਹਰ ਕੱਢਣਾ ਹੈ।” ਉਨ੍ਹਾਂ ਨੇ ਭਰੋਸਾ ਦਿਵਾਇਆ ਕਿ 31 ਦਸੰਬਰ 2029 ਤੋਂ ਬਾਅਦ ਪੰਜਾਬ ਵਿੱਚ ਤੁਹਾਡੇ ਬੱਚਿਆਂ ਨੂੰ ‘ਚਿੱਟਾ’ ਉਪਲਬਧ ਕਰਵਾਉਣ ਵਾਲਾ ਕੋਈ ਵੀ ਤਸਕਰ ਨਹੀਂ ਬਚੇਗਾ।
ਉਨ੍ਹਾਂ ਅੱਗੇ ਕਿਹਾ, “ਸਾਨੂੰ ਬੱਸ ਇੱਕ ਮੌਕਾ ਦਿਓ, ਅਸੀਂ ਪੰਜਾਬ ਨੂੰ ਚਿੱਟਾ ਮੁਕਤ ਕਰ ਦਿਆਂਗੇ। ਨਸ਼ੇ ਦੀ ਸਪਲਾਈ ਕਰਨ ਵਾਲੇ ਹਰ ਇੱਕ ਤਸਕਰ ਨੂੰ ਚੁਣ-ਚੁਣ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।” ਅਮਿਤ ਸ਼ਾਹ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਸੂਬੇ ਦੇ ਕਈ ਨਸ਼ਾ ਪੀੜਤ ਪਰਿਵਾਰਾਂ ਨੂੰ ਮਿਲੇ ਹਨ ਅਤੇ ਉਨ੍ਹਾਂ ਦਾ ਦੁੱਖ-ਦਰਦ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਜੋ ਪੰਜਾਬ ਕਦੇ ਦੇਸ਼ ਦਾ ਮੁੱਖ ਖੇਤੀ ਪ੍ਰਧਾਨ ਸੂਬਾ ਹੁੰਦਾ ਸੀ, ਅੱਜ ਉੱਥੇ ਨਸ਼ੇ ਦਾ ਵਪਾਰ ਵੱਡੇ ਪੱਧਰ ‘ਤੇ ਹੋ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਵਿਰੋਧੀ ਪਾਰਟੀਆਂ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਸਮੇਂ ਦੇਸ਼ ਅਤੇ ਸੂਬੇ ਅੰਦਰ ਨਸ਼ੇ ਨੇ ਆਪਣੀਆਂ ਜੜ੍ਹਾਂ ਫੈਲਾਈਆਂ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਇਸ ਨਿਕੰਮੀ ਸਰਕਾਰ ਨੂੰ ਹਟਾ ਦਿਓ, ਭਾਜਪਾ ਆਉਂਦਿਆਂ ਹੀ ਦੋ ਸਾਲਾਂ ਵਿੱਚ ਚਿੱਟੇ ਦਾ ਲੱਕ ਤੋੜ ਕੇ ਰੱਖ ਦੇਵੇਗੀ।
ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਪੀਟੀਐੱਨਡੀਪੀ (PITNDPS) ਐਕਟ ਤਹਿਤ ਇੱਕ ਵੀ ਵੱਡੇ ਨਸ਼ਾ ਤਸਕਰ ਨੂੰ ਫੜਨ ‘ਚ ਨਾਕਾਮ ਰਹੀ ਹੈ। ਅਮਿਤ ਸ਼ਾਹ ਨੇ ਕਿਹਾ, “ਜਿਹੜੇ ਲੋਕ ਆਪ ਸ਼ਰਾਬ ਘੁਟਾਲੇ ਵਿੱਚ ਫੜੇ ਗਏ ਹਨ, ਉਹ ਕਦੇ ਵੀ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ। ਭਾਜਪਾ ਨੂੰ ਵੋਟ ਦੇਣ ਦਾ ਮਤਲਬ ਕੇਵਲ ਅਤੇ ਕੇਵਲ ਨਸ਼ਾ ਮੁਕਤ ਪੰਜਾਬ ਲਈ ਵੋਟ ਦੇਣਾ ਹੈ।”
ਅਮਿਤ ਸ਼ਾਹ ਨੇ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਵੇਲੇ ਸੂਬੇ ਦੀ ਆਰਥਿਕ ਵਿਵਸਥਾ ਬਹੁਤ ਬਦਹਾਲ ਹੈ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ‘ਆਪ’ ਸਰਕਾਰ ਕੇਵਲ ਇਸ਼ਤਿਹਾਰਾਂ ਅਤੇ ਮਸ਼ਹੂਰੀਆਂ ਤੱਕ ਸੀਮਤ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦਿਆਂ ਦਾ ਕੀ ਬਣਿਆ? ਉਨ੍ਹਾਂ ਪੁੱਛਿਆ, “ਵਿਧਵਾ ਪੈਨਸ਼ਨ ਵਿੱਚ ਕੀਤਾ ਵਾਧਾ ਕਿੱਥੇ ਹੈ? ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕਿੱਥੇ ਗਿਆ? ਨਜਾਇਜ਼ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਹਵਾ ਵਿੱਚ ਕਿਵੇਂ ਉੱਡ ਗਿਆ?” ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ AAP ਸਰਕਾਰ ਨੇ ਕਿਸਾਨਾਂ ਨੂੰ ਐੱਮ.ਐੱਸ.ਪੀ. (MSP) ਦੇਣ ਦਾ ਵਾਅਦਾ ਕੀਤਾ ਸੀ, ਜੋ ਕਿ ਮਹਿਜ਼ ਇੱਕ ਹਵਾਈ ਵਾਅਦਾ ਸਾਬਤ ਹੋਇਆ ਹੈ।
ਕੇਂਦਰ ਸਰਕਾਰ ਦੇ ਕੰਮਾਂ ਦਾ ਵੇਰਵਾ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਅਤੇ ਹਰ ਸੰਭਵ ਮਦਦ ਦਿੱਤੀ, ਜਦਕਿ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਲਈ ਕੁੱਝ ਨਹੀਂ ਕੀਤਾ।
ਉਨ੍ਹਾਂ ਆਪ ਸਰਕਾਰ ‘ਤੇ ਵਾਅਦਾਖਿਲਾਫੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਈ ਘੁਟਾਲਿਆਂ ਦਾ ਜ਼ਿਕਰ ਕੀਤਾ, ਜਿਵੇਂ ਕਿ ਮੀਡੀਆ ਇਸ਼ਤਿਹਾਰ ਘੁਟਾਲਾ, ਸਮਾਰਟ ਸਿਟੀ ਘੁਟਾਲਾ, ਟਰੱਕ ਯੂਨੀਅਨ ਘੁਟਾਲਾ ਅਤੇ ‘ਪੰਜੀਰੀ’ ਘੁਟਾਲਾ। AAP ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਨਾਕਾਮੀਆਂ ਕਾਰਨ ਰਾਜ ਵਿੱਚ ‘ਚਿੱਟੇ’ ਦਾ ਕਾਰੋਬਾਰ ਸ਼ਰੇਆਮ ਫੈਲ ਰਿਹਾ ਹੈ। ਹਾਲਾਂਕਿ ਪੰਜਾਬ ਵਿੱਚ ਕਿਸਾਨੀ, ਉਦਯੋਗ, ਕਾਨੂੰਨ ਵਿਵਸਥਾ ਅਤੇ ਮਹਿਲਾ ਸੁਰੱਖਿਆ ਵਰਗੇ ਕਈ ਅਹਿਮ ਮੁੱਦੇ ਹਨ, ਪਰ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ ਸਿਰਫ਼ ‘ਨਸ਼ਾ ਮੁਕਤ ਪੰਜਾਬ’ ਦੇ ਮੁੱਦੇ ‘ਤੇ ਲੜੇਗੀ।
ਉਨ੍ਹਾਂ ਕਿਹਾ ਕਿ AAP ਸਰਕਾਰ ਨੇ 16,000 ਵਿਲੇਜ ਕਲੀਨਿਕ ਅਤੇ 16 ਮੈਡੀਕਲ ਕਾਲਜ ਬਣਾਉਣ ਦੇ ਦਾਅਵੇ ਕੀਤੇ ਸਨ, ਪਰ ਅਸਲ ਵਿੱਚ ਕੁਝ ਨਹੀਂ ਕੀਤਾ ਗਿਆ। ਕਿਸਾਨਾਂ ਨੂੰ ਐੱਮ.ਐੱਸ.ਪੀ. (MSP) ਦੇਣ ਦੇ ਵਾਅਦੇ ਵੀ ਅਧੂਰੇ ਰਹੇ, ਜਦਕਿ ਗੁਆਂਢੀ ਰਾਜ ਹਰਿਆਣਾ ਸਾਰੀਆਂ ਫਸਲਾਂ ‘ਤੇ ਐੱਮ.ਐੱਸ.ਪੀ. ਦੇ ਰਿਹਾ ਹੈ।
ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਸੱਚਮੁੱਚ ਨਸ਼ਾ ਖਤਮ ਕੀਤਾ ਹੁੰਦਾ ਤਾਂ ਜਨਤਾ ਉਨ੍ਹਾਂ ਨੂੰ ਮਾਫ਼ ਕਰ ਦਿੰਦੀ, ਪਰ ਉਨ੍ਹਾਂ ਦੇ ਰਾਜ ਵਿੱਚ ਇਹ ਕਾਰੋਬਾਰ ਹੋਰ ਵਧਿਆ ਹੈ। ਸ਼ਾਹ ਨੇ ਕਿਹਾ, “ਸਾਡਾ ਸੰਕਲਪ ਹੈ ਕਿ ਅਸੀਂ ਪੰਜਾਬ ਵਿੱਚ ਇੱਕ ਗ੍ਰਾਮ ਵੀ ਨਸ਼ਾ ਵਿਕਣ ਨਹੀਂ ਦਿਆਂਗੇ ਅਤੇ ਨਾ ਹੀ ਪੰਜਾਬ ਦੀ ਧਰਤੀ ਤੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਨਸ਼ਾ ਜਾਣ ਦਿਆਂਗੇ। ਇਹ ਮੁਹਿੰਮ ਕਿਸੇ ਸਿਆਸੀ ਫਾਇਦੇ ਲਈ ਨਹੀਂ, ਸਗੋਂ ਪੰਜਾਬ ਦੀ ਜਵਾਨੀ ਅਤੇ ਭਵਿੱਖ ਨੂੰ ਬਚਾਉਣ ਲਈ ਹੈ।”
ਅੰਤ ਵਿੱਚ, ਉਨ੍ਹਾਂ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਅਤੇ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ PM ਨਰਿੰਦਰ ਮੋਦੀ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਦੇਸ਼ ‘ਚੋਂ ਨਕਸਲਵਾਦ ਅਤੇ ਅੱਤਵਾਦ ਦਾ ਸਫਾਇਆ ਕੀਤਾ ਗਿਆ ਹੈ, ਉਸੇ ਤਰ੍ਹਾਂ ਪੰਜਾਬ ‘ਚੋਂ ਵੀ ਨਸ਼ੇ ਦੀ ਬੁਰਾਈ ਨੂੰ ਜੜ੍ਹੋਂ ਉਖਾੜ ਦਿੱਤਾ ਜਾਵੇਗਾ।















