Big Breaking- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਉਣਗੇ ਪੰਜਾਬ; ਚੋਣਾਂ ਤੋਂ ਪਹਿਲਾਂ ਕੀ ਕਰਨਗੇ ਵੱਡਾ ਐਲਾਨ?
ਜਲੰਧਰ, 30 ਸਤੰਬਰ 2026
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਵਿਸ਼ੇਸ਼ ਦੌਰੇ ‘ਤੇ ਪਹੁੰਚ ਰਹੇ ਹਨ। ਉਹ ਜਲੰਧਰ ਦੇ ਪਰਾਗਪੁਰ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਉਲੀਕੀ ਗਈ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਇਹ ਵਿਸ਼ੇਸ਼ ਸਮਾਗਮ ਭਾਜਪਾ ਵੱਲੋਂ ਸੂਬੇ ਵਿੱਚ ਚਲਾਈਆਂ ਗਈਆਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਦੇ ਸਫਲਤਾਪੂਰਵਕ ਸੰਪੂਰਨ ਹੋਣ ਦੀ ਖੁਸ਼ੀ ਵਿੱਚ ਕਰਵਾਇਆ ਜਾ ਰਿਹਾ ਹੈ।
ਇਸ ਇਤਿਹਾਸਕ ਰੈਲੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਰਾਗਪੁਰ ਵਿਖੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸਮਾਗਮ ਲਈ ਲਗਭਗ 60 ਤੋਂ 65 ਏਕੜ ਖੁੱਲ੍ਹੇ ਖੇਤਰ ਵਿੱਚ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ, ਜਦਕਿ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਵੱਖਰੇ ਤੌਰ ‘ਤੇ ਵਿਸ਼ਾਲ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਦੇ ਇਸ ਇਕੱਠ ਵਿੱਚ ਸ਼ਮੂਲੀਅਤ ਕਰਨ ਦੀ ਪੂਰੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ 18 ਸਤੰਬਰ ਨੂੰ ਸੂਬੇ ਨੂੰ ਨਸ਼ਾਮੁਕਤ ਕਰਨ ਦਾ ਸੁਨੇਹਾ ਦੇਣ ਲਈ ਇਹ ਮੁਹਿੰਮ ਵਿੱਢੀ ਗਈ ਸੀ। ਵੱਖ-ਵੱਖ ਮਾਰਗਾਂ ਰਾਹੀਂ ਹੁੰਦੇ ਹੋਏ ਇਸ ਯਾਤਰਾ ਨੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ।
ਜਨ ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ, ਕੇਂਦਰੀ ਗ੍ਰਹਿ ਮੰਤਰੀ ਜਲੰਧਰ ਦੇ ਪ੍ਰਸਿੱਧ ਧਾਰਮਿਕ ਅਸਥਾਨ ‘ਸ੍ਰੀ ਦੇਵੀ ਤਲਾਬ ਮੰਦਰ’ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਦੁਪਹਿਰ ਲਗਭਗ 12:25 ਵਜੇ ਮੰਦਰ ਪ੍ਰਾਂਗਣ ਵਿੱਚ ਪਹੁੰਚਣਗੇ ਅਤੇ ਕਰੀਬ ਅੱਧਾ ਘੰਟਾ ਉੱਥੇ ਠਹਿਰਨਗੇ। ਧਾਰਮਿਕ ਮਾਨਤਾਵਾਂ ਅਨੁਸਾਰ ਪੂਜਾ-ਅਰਚਨਾ ਕਰਨ ਤੋਂ ਬਾਅਦ ਉਹ ਸਿੱਧੇ ਰੈਲੀ ਵਾਲੇ ਅਸਥਾਨ ਲਈ ਰਵਾਨਾ ਹੋਣਗੇ। ਗ੍ਰਹਿ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ।















