Join WhatsApp

Join Now

Sangrur Police ਦੀ ਧੱਕੇਸ਼ਾਹੀ? ਮਾਂ ਦੀਆਂ ਚੀਕਾਂ ਨੂੰ ਅਣਸੁਣਿਆ ਕਰਕੇ ਜਬਰੀ ਚੁੱਕਿਆ ਧਰਨਾ, ਪੁਲਿਸ ਨੇ ਪਰਿਵਾਰ ਦੀ ਗੈਰ-ਹਾਜ਼ਰੀ ‘ਚ ਕੀਤਾ ਦਲਿਤ ਨੌਜਵਾਨ ਦਾ ਅੰਤਿਮ ਸੰਸਕਾਰ

On: ਅਕਤੂਬਰ 2, 2026 1:03 ਬਾਃ ਦੁਃ

 

Sangrur Police ਦੀ ਧੱਕੇਸ਼ਾਹੀ? ਮਾਂ ਦੀਆਂ ਚੀਕਾਂ ਨੂੰ ਅਣਸੁਣਿਆ ਕਰਕੇ ਜਬਰੀ ਚੁੱਕਿਆ ਧਰਨਾ, ਪੁਲਿਸ ਨੇ ਪਰਿਵਾਰ ਦੀ ਗੈਰ-ਹਾਜ਼ਰੀ ‘ਚ ਕੀਤਾ ਦਲਿਤ ਨੌਜਵਾਨ ਦਾ ਅੰਤਿਮ ਸੰਸਕਾਰ

ਸਨਮਦੀਪ ਸਿੰਘ ਖੁਦਕੁਸ਼ੀ ਮਾਮਲਾ: ਪੁਲੀਸ ਵੱਲੋਂ ਸ਼ਮਸ਼ਾਨਘਾਟ ਸੀਲ ਕਰਕੇ ਅੰਤਿਮ ਸੰਸਕਾਰ, ਪਰਿਵਾਰ ਨੂੰ ਪੁੱਤ ਦੇ ਆਖਰੀ ਦਰਸ਼ਨ ਵੀ ਨਸੀਬ ਨਹੀਂ ਹੋਏ

ਇਨਸਾਫ਼ ਦੀ ਮੰਗ ਕਰ ਰਹੇ ਪੀੜਤ ਪਰਿਵਾਰ ‘ਤੇ ਹੀ ਪੁਲੀਸ ਦੀ ਕਾਰਵਾਈ; ਮ੍ਰਿਤਕ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਕੁੱਲ 8 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ

ਸੰਗਰੂਰ/ਚੰਡੀਗੜ੍ਹ, 2 ਅਕਤੂਬਰ 2026- ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਕਥਿਤ ਰੂਪ ਵਿੱਚ ਜਬਰੀ ਅੰਤਿਮ ਸੰਸਕਾਰ ਕਰਨ ਦਾ ਮਾਮਲਾ ਹਾਲੇ ਪੂਰੀ ਤਰ੍ਹਾਂ ਠੰਢਾ ਵੀ ਨਹੀਂ ਸੀ ਹੋਇਆ ਕਿ ਹੁਣ ਪਿੰਡ ਕਨੋਈ ਦੇ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ। ਇਨਸਾਫ਼ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਅੱਗੇ ਪਿਛਲੇ ਛੇ ਦਿਨਾਂ ਤੋਂ ਧਰਨੇ ’ਤੇ ਬੈਠੇ ਪੀੜਤ ਪਰਿਵਾਰ ਅਤੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੂੰ ਸੰਗਰੂਰ ਪੁਲੀਸ (Sangrur Police) ਵੱਲੋਂ ਜਬਰੀ ਚੁੱਕ ਲਿਆ ਗਿਆ।

ਕਾਰਵਾਈ ਦੌਰਾਨ ਮੌਰਚਰੀ ਅੱਗੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਰੋਂਦਿਆਂ ਅਤੇ ਚੀਕਦਿਆਂ ਕਿਹਾ, “ਵੇਖੋ, ਸ਼ਰੇਆਮ ਧੱਕਾ ਹੋ ਰਿਹਾ ਹੈ, ਨਾਲੇ ਮੇਰਾ ਪੁੱਤ ਮਾਰ ਦਿੱਤਾ ਅਤੇ ਨਾਲੇ ਹੁਣ ਪੁਲੀਸ ਸਾਨੂੰ ਘੜੀਸ ਕੇ ਲਿਜਾ ਰਹੀ ਹੈ।” ਪਰ ਤਰਲੇ ਪਾਉਂਦੀ ਮਾਂ ਦੀਆਂ ਚੀਕਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਸੁਣੀਆਂ ਅਤੇ ਮਹਿਲਾ ਪੁਲੀਸ ਕਰਮਚਾਰੀ ਉਸ ਨੂੰ ਲੱਤਾਂ-ਬਾਹਾਂ ਤੋਂ ਘੜੀਸਦੇ ਹੋਏ ਗੱਡੀ ਵਿੱਚ ਬਿਠਾ ਕੇ ਲੈ ਗਏ।

ਪੁਲੀਸ ਨੇ ਪੀੜਤ ਪਰਿਵਾਰਕ ਮੈਂਬਰਾਂ ਅਤੇ ਧਰਨਾਕਾਰੀਆਂ ਨੂੰ ਚੁੱਕ ਕੇ ਥਾਣਾ ਧੂਰੀ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲੀਸ ਨੇ ਖੁਦ ਹੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ। ਇੰਨਾ ਹੀ ਨਹੀਂ, ਪਿੰਡ ਕਨੋਈ ਦੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕਰਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲੀਸ ਦੀ ਇਸ ਜਬਰੀ ਕਾਰਵਾਈ ਕਾਰਨ ਬਦਕਿਸਮਤ ਪੀੜਤ ਪਰਿਵਾਰ ਨੂੰ ਆਪਣੇ ਜਵਾਨ ਪੁੱਤ ਦੇ ਆਖਰੀ ਦਰਸ਼ਨ ਕਰਨੇ ਅਤੇ ਅੰਤਿਮ ਰਸਮਾਂ ਨਿਭਾਉਣਾ ਵੀ ਨਸੀਬ ਨਹੀਂ ਹੋਇਆ।

ਕੀ ਹੈ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਪਿੰਡ ਕਨੋਈ ਦੇ ਦਲਿਤ ਨੌਜਵਾਨ ਸਨਮਦੀਪ ਸਿੰਘ ਨੇ ਬੀਤੀ 25 ਸਤੰਬਰ ਨੂੰ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਪੀੜਤ ਪਰਿਵਾਰ ਨੇ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਸਤੇ ਜ਼ਿੰਮੇਵਾਰ ਠਹਿਰਾਇਆ ਸੀ। 26 ਸਤੰਬਰ ਤੋਂ ਹੀ ਪੀੜਤ ਪਰਿਵਾਰ ਦੋਸ਼ੀਆਂ ਖਿਲਾਫ਼ ਸਖ਼ਤ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਅੱਗੇ ਦਿਨ-ਰਾਤ ਦੇ ਰੋਸ ਧਰਨੇ ’ਤੇ ਬੈਠਾ ਸੀ। ਪੁਲੀਸ ਨੇ ਤੀਜੇ ਦਿਨ ਸਰਪੰਚ ਸਮੇਤ ਚਾਰ ਜਣਿਆਂ ਖਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਸੀ, ਪਰ ਪਰਿਵਾਰ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਸੀ। ਪਰਿਵਾਰ ਦੀ ਮੰਗ ਸੀ ਕਿ ਇਸ ਕੇਸ ਵਿੱਚ ਐਸਸੀ/ਐਸਟੀ (SC/ST) ਐਕਟ ਦੀਆਂ ਧਾਰਾਵਾਂ ਜੋੜੀਆਂ ਜਾਣ ਅਤੇ ਨਾਮਜ਼ਦ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਸ਼ਾਮ ਵੇਲੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਸੰਗਰੂਰ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ 28 ਸਤੰਬਰ ਨੂੰ ਪੁਲੀਸ ਨੇ ਪਿੰਡ ਦੇ ਸਰਪੰਚ ਦੀਪ ਸਿੰਘ ਬਾਵਾ, ਉਸ ਦੇ ਭਰਾ ਗੁਰਿੰਦਰ ਸਿੰਘ ਗੋਗਾ, ਸਾਬਕਾ ਮੈਂਬਰ ਹਰਬੰਸ ਸਿੰਘ ਅਤੇ ਪਰਮਜੀਤ ਕੌਰ ਖਿਲਾਫ਼ ਧਾਰਾ 108, 3 (5) ਬੀ.ਐਨ.ਐਸ. (BNS) ਤਹਿਤ ਕੇਸ ਦਰਜ ਕਰ ਲਿਆ ਸੀ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਸਿਆਸੀ ਆਗੂ ਰਾਜਿੰਦਰ ਉਰਫ਼ ਦੀਪਾ ਵਾਸੀ ਸੁਨਾਮ ਅਤੇ ਹੋਰਾਂ ਦੀ ਸ਼ਹਿ ’ਤੇ ਧਰਨਾ ਖਤਮ ਨਹੀਂ ਕੀਤਾ ਜਾ ਰਿਹਾ ਸੀ।

ਡੀ.ਐਸ.ਪੀ. ਨੇ ਮੰਨਿਆ ਕਿ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕੀਤਾ ਗਿਆ ਹੈ, ਪਰ ਉਨ੍ਹਾਂ ਕਿਹਾ ਕਿ ਮੌਕੇ ‘ਤੇ ਪਿੰਡ ਦੇ ਕੁੱਝ ਵਿਅਕਤੀ ਮੌਜੂਦ ਸਨ। ਐਸ.ਐਮ.ਓ. ਵੱਲੋਂ ਮ੍ਰਿਤਕ ਦੇਹ ਖਰਾਬ ਹੋਣ ਸਬੰਧੀ ਨੋਟਿਸ ਪ੍ਰਾਪਤ ਹੋ ਰਹੇ ਸਨ, ਜਿਸ ਕਰਕੇ ਇਨਸਾਨੀਅਤ ਦੇ ਨਾਤੇ ਲਾਸ਼ ਦਾ ਪੋਸਟਮਾਰਟਮ ਅਤੇ ਸਸਕਾਰ ਕਰਨਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਧਰਨਾਕਾਰੀਆਂ ਵੱਲੋਂ ਡਿਊਟੀ ਮੈਜਿਸਟ੍ਰੇਟ ਅਤੇ ਐਸ.ਐਮ.ਓ. ਦੇ ਨੋਟਿਸ ਲੈਣ ਤੋਂ ਇਨਕਾਰ ਕੀਤਾ ਗਿਆ ਅਤੇ ਮ੍ਰਿਤਕ ਦੇਹ ਦੀ ਨਿਰਾਦਰੀ ਕਰਦਿਆਂ ਅੰਤਿਮ ਕਿਰਿਆ ਵਿੱਚ ਰੁਕਾਵਟ ਪਾਈ ਗਈ।

ਇਸ ਘਟਨਾ ਤੋਂ ਬਾਅਦ ਸੰਗਰੂਰ ਪੁਲੀਸ ਨੇ ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਮ੍ਰਿਤਕ ਦੇ ਤਿੰਨ ਰਿਸ਼ਤੇਦਾਰਾਂ ਖਿਲਾਫ਼ ਥਾਣਾ ਸਿਟੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ ਇੰਚਾਰਜ ਇੰਸਪੈਕਟਰ ਮਨਪ੍ਰੀਤ ਸਿੰਘ ਅਨੁਸਾਰ ਜਦੋਂ ਪੁਲੀਸ ਨੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਰਾਜਿੰਦਰ ਦੀਪਾ, ਬਲਕਾਰ ਸਿੰਘ (ਧਨੌਲਾ), ਸੁਖਦੇਵ ਸਿੰਘ (ਭਲਵਾਨ) ਅਤੇ ਲਵਪ੍ਰੀਤ ਸਿੰਘ ਉਰਫ਼ ਲਵਦੀਪ ਸਿੰਘ (ਪਿੰਡ ਮਹਿਲਾਂ) ਪੁਲੀਸ ਨਾਲ ਉਲਝ ਪਏ, ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਪੁਲੀਸ ਪਾਰਟੀ ’ਤੇ ਹਮਲਾ ਕੀਤਾ। ਅਦਾਲਤ ਨੇ ਇਨ੍ਹਾਂ ਚਾਰਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ।

ਇਸ ਤੋਂ ਇਲਾਵਾ, ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਦੇ ਨਾਂ ‘ਤੇ ਪੁਲੀਸ ਨੇ ਮ੍ਰਿਤਕ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਕੁੱਲ 8 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ, ਜਿਨ੍ਹਾਂ ਨੂੰ ਖ਼ਬਰ ਲਿਖੇ ਜਾਣ ਤੱਕ ਰਿਹਾਅ ਨਹੀਂ ਕੀਤਾ ਗਿਆ ਸੀ।

 

Leave a Comment