Join WhatsApp

Join Now

Crime News: ਪੰਜਾਬ ‘ਚ ਵਿਆਹ ਤੋਂ ਪਹਿਲਾਂ ਮੰਗੇਤਰ ਤੋਂ ਤੰਗ ਆ ਕੇ ਮੁਟਿਆਰ ਨੇ ਨਿਗਲਿਆ ਜ਼ਹਿਰ, ਮੌਤ

On: October 6, 2026 6:06 PM

 

Crime News: ਪੰਜਾਬ ‘ਚ ਵਿਆਹ ਤੋਂ ਪਹਿਲਾਂ ਮੰਗੇਤਰ ਤੋਂ ਤੰਗ ਆ ਕੇ ਮੁਟਿਆਰ ਨੇ ਨਿਗਲਿਆ ਜ਼ਹਿਰ, ਮੌਤ- ਦਾਜ ‘ਚ ਮੰਗੀ ਮਹਿੰਗੀ ਕਾਰ, ਵਟਸਐਪ ਚੈਟ ਨੇ ਖੋਲ੍ਹੇ ਰਾਜ਼: ਹੁਸ਼ਿਆਰਪੁਰ ‘ਚ ਐੱਮ.ਏ. ਦੀ ਪੜ੍ਹਾਈ ਕਰ ਰਹੀ ਧੀ ਨੇ ਦਿੱਤੀ ਜਾਨ

ਹੁਸ਼ਿਆਰਪੁਰ/ਦਸੂਹਾ, 6 ਅਕਤੂਬਰ 2026- (Crime News) ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਬਹਿ ਨੰਗਲ ਵਿੱਚ ਇੱਕ ਬਹੁਤ ਹੀ ਦੁਖਦਾਈ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪੜ੍ਹੀ-ਲਿਖੀ ਮੁਟਿਆਰ ਵੱਲੋਂ ਦਾਜ ਦੇ ਲੋਭੀ ਮੰਗੇਤਰ ਦੀਆਂ ਧਮਕੀਆਂ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ। ਮ੍ਰਿਤਕਾ ਦੀ ਪਛਾਣ ਰਾਧਾ ਰਾਣੀ ਪੁੱਤਰੀ ਧਿਆਨ ਸਿੰਘ, ਵਾਸੀ ਬਹਿ ਨੰਗਲ, ਹੁਸ਼ਿਆਰਪੁਰ ਵਜੋਂ ਹੋਈ ਹੈ, ਜੋ ਕਿ ਐੱਮ.ਏ. (M.A.) ਦੀ ਪੜ੍ਹਾਈ ਕਰ ਰਹੀ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਕੁੜੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਧਾ ਰਾਣੀ ਦਾ ਵਿਆਹ ਆਉਣ ਵਾਲੀ 3 ਨਵੰਬਰ 2026 ਨੂੰ ਤੈਅ ਹੋਇਆ ਸੀ। ਲਗਭਗ ਡੇਢ ਸਾਲ ਪਹਿਲਾਂ ਉਸ ਦਾ ਰਿਸ਼ਤਾ ਹਲਕਾ ਮੁਕੇਰੀਆਂ ਦੇ ਪਿੰਡ ਮੈਰੇ ਜੱਟਾਂ ਦੇ ਰਹਿਣ ਵਾਲੇ ਰਜੀਵ ਨਾਮ ਦੇ ਸ਼ਖਸ ਨਾਲ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ ਅਤੇ ਉਹ ਖਰੀਦਦਾਰੀ ਵਿੱਚ ਮਸਰੂਫ਼ ਸਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਧੀ ਅੰਦਰੋਂ-ਅੰਦਰੀ ਕਿਸ ਕਦਰ ਮਾਨਸਿਕ ਪੀੜਾ ‘ਚੋਂ ਲੰਘ ਰਹੀ ਹੈ।

ਪਰਿਵਾਰ ਮੁਤਾਬਕ, ਮੁੰਡਾ ਸਰਕਾਰੀ ਨੌਕਰੀ ਕਰਦਾ ਸੀ ਅਤੇ ਉਹ ਇਸੇ ਗੱਲ ਦਾ ਰੋਬ ਝਾੜਦਾ ਰਹਿੰਦਾ ਸੀ। ਰਜੀਵ ਅਕਸਰ ਕੁੜੀ ਨੂੰ ਕਹਿੰਦਾ ਹੁੰਦਾ ਸੀ, “ਮੈਂ ਸਰਕਾਰੀ ਨੌਕਰੀ ਕਰਦਾ ਹਾਂ। ਜੇਕਰ ਮੇਰੇ ਨਾਲ ਤੂੰ ਵਿਆਹ ਕਰਵਾਉਣਾ ਹੈ ਤਾਂ ਤੁਹਾਨੂੰ ਦਹੇਜ ਵਿੱਚ ਮਹਿੰਗੀ ਗੱਡੀ ਦੇਣੀ ਪਵੇਗੀ।” ਦਾਜ ਵਿੱਚ ਕਾਰ ਦੀ ਮੰਗ ਨੂੰ ਲੈ ਕੇ ਮੰਗੇਤਰ ਵਾਰ-ਵਾਰ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ, ਉਸ ਨਾਲ ਗਾਲੀ-ਗਲੋਚ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ। ਉਹ ਕਿਸੇ ਨਾ ਕਿਸੇ ਬਹਾਨੇ ਕੁੜੀ ਤੋਂ ਆਪਣਾ ਪਿੱਛਾ ਛਡਵਾਉਣਾ ਚਾਹੁੰਦਾ ਸੀ। ਇਸੇ ਮਾਨਸਿਕ ਤਣਾਅ ਦੇ ਚਲਦਿਆਂ ਲੜਕੀ ਨੇ ਆਖਰਕਾਰ ਇਹ ਖੌਫ਼ਨਾਕ ਕਦਮ ਚੁੱਕ ਲਿਆ।

ਪਰਿਵਾਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਆਤਮਹੱਤਿਆ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਸੀ, ਪਰ ਜਦੋਂ ਮ੍ਰਿਤਕਾ ਦਾ ਫੋਨ ਚੈੱਕ ਕੀਤਾ ਗਿਆ ਤਾਂ ਉਸ ਦੀ ਮੰਗੇਤਰ ਨਾਲ ਹੋਈ ਵਟਸਐਪ ਚੈਟ (WhatsApp Chat) ਤੋਂ ਸਾਰੀ ਸੱਚਾਈ ਸਾਹਮਣੇ ਆ ਗਈ। ਵਟਸਐਪ ਚੈਟ ਵਿੱਚ ਰਜੀਵ ਵੱਲੋਂ ਦਿੱਤੀਆਂ ਗਈਆਂ ਗਾਲ੍ਹਾਂ, ਧਮਕੀਆਂ ਅਤੇ ਬਾਰ-ਬਾਰ ਦਾਜ ਵਿੱਚ ਗੱਡੀ ਮੰਗਣ ਦੇ ਸੁਨੇਹੇ ਮਿਲੇ ਹਨ। ਚੈਟ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮੰਗੇਤਰ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਉਕਸਾਇਆ ਸੀ।

ਪਰਿਵਾਰ ਨੇ ਇੱਕ ਹੋਰ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਗਲਣ ਬਾਰੇ ਆਪਣੇ ਮੰਗੇਤਰ ਅਤੇ ਉਸ ਦੀ ਭੈਣ ਨੂੰ ਫੋਨ ਕਰਕੇ ਦੱਸਿਆ ਸੀ। ਪਰ ਮੰਗੇਤਰ ਨੇ ਜ਼ਿੰਮੇਵਾਰੀ ਦਿਖਾਉਣ ਜਾਂ ਪਰਿਵਾਰ ਨੂੰ ਤੁਰੰਤ ਇਤਲਾਹ ਦੇਣ ਦੀ ਬਜਾਏ ਇਸ ਗੱਲ ਨੂੰ ਛੁਪਾਇਆ। ਜੇਕਰ ਸਮੇਂ ਸਿਰ ਪਰਿਵਾਰ ਨੂੰ ਪਤਾ ਲੱਗ ਜਾਂਦਾ ਤਾਂ ਲੜਕੀ ਨੂੰ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਮ੍ਰਿਤਕਾ ਦੇ ਪਿਤਾ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਧੀ ਦੀ ਪ੍ਰੇਸ਼ਾਨੀ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਉਹ ਇਹ ਰਿਸ਼ਤਾ ਤੋੜ ਦਿੰਦੇ, ਪਰ ਆਪਣੀ ਧੀ ਦੀ ਜਾਨ ਬਚਾ ਲੈਂਦੇ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

 

Leave a Comment