Big Breaking: CBI ਰੇਡ ‘ਤੇ ਸੀ.ਐੱਮ ਮਾਨ ਦਾ ਪਹਿਲਾ ਵੱਡਾ ਬਿਆਨ, ਕਿਹਾ? “ਭਾਜਪਾ ਚੋਣਾਂ ਤੋਂ ਘਬਰਾ ਕੇ ਏਜੰਸੀਆਂ ਦੀ ਕਰ ਰਹੀ ਦੁਰਵਰਤੋਂ”
ਚੰਡੀਗੜ੍ਹ, 6 ਅਕਤੂਬਰ 2026- ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫਿਸ ਵਿੱਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਰੇਡ ਉੱਤੇ ਸੀਐੱਮ ਭਗਵੰਤ ਮਾਨ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਛਾਪੇਮਾਰੀ ਦੀ ਪੁਸ਼ਟੀ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ (ਟਵਿੱਟਰ/X) ‘ਤੇ ਇੱਕ ਟਵੀਟ ਕਰਕੇ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: CBI ਵੱਲੋਂ ਮੁੱਖ ਮੰਤਰੀ ਮਾਨ ਦੇ ਕੈਂਪ ਆਫਿਸ ‘ਤੇ ਛਾਪੇਮਾਰੀ
ਮੁੱਖ ਮੰਤਰੀ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ (BJP) ਸਰਕਾਰ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਆਖਿਆ, “ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ.. ਮੇਰੇ ਕੈਂਪ ਆਫ਼ਿਸ ਵਿੱਚ CBI ਰੇਡ ਕੀਤੀ ਗਈ.. ਹੁਣ ਪੰਜਾਬ ਵਿੱਚ ED ਅਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਅਤੇ ਮੈਨੂੰ ਬਦਨਾਮ ਕੀਤਾ ਜਾ ਸਕੇ.. ਲੋਕਾਂ ਵੱਲੋਂ ਮਿਲਦੇ ਅਥਾਹ ਪਿਆਰ ਨੂੰ ਦੇਖ ਕੇ ਭਾਜਪਾ ਪੂਰੀ ਤਰ੍ਹਾਂ ਘਬਰਾਹਟ ਵਿੱਚ ਹੈ।”
ਸੀਐੱਮ ਭਗਵੰਤ ਮਾਨ ਨੇ ਦੋਸ਼ ਲਗਾਇਆ ਹੈ ਕਿ ਆਉਣ ਵਾਲੀਆਂ ਪੰਜਾਬ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਜਪਾ ਹੁਣ ਕੇਂਦਰੀ ਜਾਂਚ ਏਜੰਸੀਆਂ ਜਿਵੇਂ ਕਿ ਈਡੀ (ED) ਅਤੇ ਸੀਬੀਆਈ (CBI) ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਅਨੁਸਾਰ, ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀ ਛਵੀ ਨੂੰ ਖਰਾਬ ਕਰਨ ਅਤੇ ਉਨ੍ਹਾਂ ਨੂੰ ਰਾਜਨੀਤਿਕ ਤੌਰ ‘ਤੇ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ ਅਤੇ ਮਿਲ ਰਹੇ ਵਿਸ਼ਾਲ ਜਨ-ਸਮਰਥਨ ਤੋਂ ਭਾਜਪਾ ਪੂਰੀ ਤਰ੍ਹਾਂ ਬੌਖਲਾ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਸਰਕਾਰ ਦਾ ਪੱਖ ਪੂਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਾਂਚ ਏਜੰਸੀਆਂ ਨੂੰ “ਪਿੰਜਰੇ ਦਾ ਤੋਤਾ” ਬਣਾ ਕੇ ਵਰਤ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਜਨ ਹਿਤੈਸ਼ੀ ਕੰਮਾਂ ਤੋਂ ਬੋਖਲਾ ਕੇ ਭਾਜਪਾ ਅਜਿਹੇ ਰਾਜਨੀਤਿਕ ਹੱਥਕੰਡੇ ਅਪਣਾ ਰਹੀ ਹੈ।
ਸੂਤਰਾਂ ਮੁਤਾਬਕ, CBI ਦੀ ਇਸ ਛਾਪੇਮਾਰੀ ਦੌਰਾਨ ਕੈਂਪ ਆਫ਼ਿਸ ਵਿੱਚ ਮੌਜੂਦ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਸੀਬੀਆਈ ਵੱਲੋਂ ਇਸ ਰੇਡ ਦੇ ਅਧਿਕਾਰਤ ਕਾਰਨਾਂ ਜਾਂ ਕਿਸੇ ਬਰਾਮਦਗੀ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
















