Join WhatsApp

Join Now

ਵੱਡੀ ਖ਼ਬਰ: ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਠੱਪ! ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਸ਼ੁਰੂ, IAS ਅਫ਼ਸਰ ਦੀ ਹੈਂਕੜਬਾਜ਼ੀ ਨਾਲ ਜੁੜਿਆ ਮਾਮਲਾ

On: October 6, 2026 5:11 PM

 

ਵੱਡੀ ਖ਼ਬਰ: ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਠੱਪ! ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਸ਼ੁਰੂ, IAS ਅਫ਼ਸਰ ਦੀ ਹੈਂਕੜਬਾਜ਼ੀ ਨਾਲ ਜੁੜਿਆ ਮਾਮਲਾ

ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਆਰ-ਪਾਰ ਦੀ ਲੜਾਈ; DC ‘ਤੇ ਗਾਲੀ-ਗਲੋਚ ਤੇ ਮਾਨਸਿਕ ਪ੍ਰੇਸ਼ਾਨੀ ਦੇ ਦੋਸ਼, ਕਰਮਚਾਰੀ ਯੂਨੀਅਨ ਦਾ ਵੱਡਾ ਐਕਸ਼ਨ: 6 ਤੋਂ 9 ਅਕਤੂਬਰ ਤੱਕ ਧਰਨੇ, ਪੁਤਲੇ ਫੂਕਣ ਅਤੇ ਰੋਸ ਮਾਰਚ ਦਾ ਕੀਤਾ ਐਲਾਨ

ਚੰਡੀਗੜ੍ਹ, 6 ਅਕਤੂਬਰ 2026- ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਇੱਕ ਵਾਰ ਫਿਰ ਤੋਂ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ (DC) ਵੱਲੋਂ ਆਪਣੇ ਦਫ਼ਤਰੀ ਸਟਾਫ਼ ਨਾਲ ਕੀਤੇ ਜਾ ਰਹੇ ਕਥਿਤ ਮਾੜੇ ਵਿਹਾਰ, ਗਾਲੀ-ਗਲੋਚ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ਾਂ ਦੇ ਰੋਸ ਵਜੋਂ ਪੰਜਾਬ ਭਰ ਦੇ ਸਮੁੱਚੇ ਡੀ.ਸੀ. ਦਫ਼ਤਰਾਂ, ਐੱਸ.ਡੀ.ਐੱਮ. (SDM) ਦਫ਼ਤਰਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਕਲਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹੜਤਾਲ ਕਾਰਨ ਆਮ ਜਨਤਾ ਨੂੰ ਸਰਕਾਰੀ ਕੰਮਕਾਜ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਇਸ ਮਾਮਲੇ ਸਬੰਧੀ ਪ੍ਰੈੱਸ ਅਤੇ ਪੱਤਰਕਾਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਦਿਆਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਹੀ ਸਟਾਫ਼ ਨਾਲ ਨਿਰੰਤਰ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਧਿਕਾਰੀ ਵੱਲੋਂ ਕਰਮਚਾਰੀਆਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਅਤੇ ਜਨਤਕ ਤੌਰ ‘ਤੇ ਬੇਇੱਜ਼ਤ ਕੀਤਾ ਜਾਂਦਾ ਹੈ, ਜਿਸ ਕਾਰਨ ਪੜ੍ਹੇ-ਲਿਖੇ ਅਤੇ ਇਮਾਨਦਾਰ ਕਰਮਚਾਰੀ ਗੰਭੀਰ ਮਾਨਸਿਕ ਤਣਾਅ ਅਤੇ ਦਬਾਅ ਵਿੱਚੋਂ ਗੁਜ਼ਰਨ ਲਈ ਮਜਬੂਰ ਹੋ ਰਹੇ ਹਨ।

ਯੂਨੀਅਨ ਨੇਤਾਵਾਂ ਨੇ ਦੋਸ਼ ਲਗਾਇਆ ਕਿ ਜਦੋਂ ਕਰਮਚਾਰੀਆਂ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਡਿਪਟੀ ਕਮਿਸ਼ਨਰ ਨੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ। ਅਧਿਕਾਰੀ ਵੱਲੋਂ ਵਿਰੋਧ ਕਰਨ ਵਾਲੇ ਕਰਮਚਾਰੀਆਂ ਵਿੱਚੋਂ ਇੱਕ ਦੇ ਖ਼ਿਲਾਫ਼ ਬਿਨਾਂ ਕਿਸੇ ਠੋਸ ਜਾਂ ਖ਼ਾਸ ਦੋਸ਼ ਦੇ ਚਾਰਜਸ਼ੀਟ ਜਾਰੀ ਕਰ ਦਿੱਤੀ ਗਈ। ਇਸ ਤੋਂ ਵੀ ਅੱਗੇ ਵੱਧ ਕੇ, ਰੰਜਿਸ਼ ਤਹਿਤ ਉਨ੍ਹਾਂ ਕਰਮਚਾਰੀਆਂ ਦੀਆਂ ਵਿੱਤੀ ਸਾਲ ਦੀਆਂ ਏ.ਸੀ.ਆਰਜ਼ (Annual Confidential Reports – ACRs) ਵਿੱਚ ਜਾਣਬੁੱਝ ਕੇ ਸਹੀ ਗ੍ਰੇਡਿੰਗ ਨਹੀਂ ਦਿੱਤੀ ਗਈ, ਜਿਸ ਨਾਲ ਕਰਮਚਾਰੀਆਂ ਦੇ ਭਵਿੱਖ ਅਤੇ ਪਦ-ਉੱਨਤੀ ‘ਤੇ ਮਾੜਾ ਅਸਰ ਪੈ ਰਿਹਾ ਹੈ।

ਡਿਪਟੀ ਕਮਿਸ਼ਨਰ ਦੇ ਇਸ ਤਾਨਾਸ਼ਾਹੀ ਅਤੇ ਅਣਉਚਿਤ ਰਵੱਈਏ ਦੇ ਖ਼ਿਲਾਫ਼ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਇੱਕ ਹੰਗਾਮੀ ਬੈਠਕ ਕੀਤੀ ਗਈ, ਜਿਸ ਵਿੱਚ 6 ਅਕਤੂਬਰ ਤੋਂ 9 ਅਕਤੂਬਰ ਤੱਕ ਵਿਆਪਕ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਸਮੁੱਚੇ ਡੀ.ਸੀ. ਦਫ਼ਤਰਾਂ ਵਿੱਚ (6 ਅਕਤੂਬਰ ਤੋਂ 9 ਅਕਤੂਬਰ ਤੱਕ) ਸਾਰਾ ਦਿਨ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ ਅਤੇ ਹਰੇਕ ਜ਼ਿਲ੍ਹੇ ਵਿੱਚ ਰੋਜ਼ਾਨਾ 2 ਘੰਟੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।

ਸੂਬੇ ਦੇ ਸਾਰੇ ਜ਼ਿਲ੍ਹਿਆਂ ਅੰਦਰ 7 ਅਕਤੂਬਰ ਨੂੰ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੇ ਪੁਤਲੇ ਫੂਕੇ ਜਾਣਗੇ। 8 ਅਕਤੂਬਰ ਨੂੰ ਇਕੱਲੇ ਜ਼ਿਲ੍ਹਾ ਮਲੇਰਕੋਟਲਾ ਦੇ ਬਾਜ਼ਾਰਾਂ ਵਿੱਚ ਡੀ.ਸੀ. ਦੇ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ। 9 ਅਕਤੂਬਰ ਨੂੰ ਡੀ.ਸੀ. ਮਲੇਰਕੋਟਲਾ ਦੇ ਵਿਰੁੱਧ ਇੱਕ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗਾ। ਯੂਨੀਅਨ ਦੇ ਸੂਬਾਈ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਹੜਤਾਲ ਅਤੇ ਸੰਘਰਸ਼ ਦੌਰਾਨ ਆਮ ਜਨਤਾ ਨੂੰ ਹੋਣ ਵਾਲੀ ਹਰ ਪ੍ਰਕਾਰ ਦੀ ਖੱਪਲ-ਖ਼ੁਆਰੀ ਅਤੇ ਪ੍ਰਸ਼ਾਸਨਿਕ ਅੜਚਨਾਂ ਦੀ ਪੂਰੀ ਜ਼ਿੰਮੇਵਾਰੀ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੀ ਹੋਵੇਗੀ। ਜੇਕਰ ਜਲਦ ਹੀ ਉਨ੍ਹਾਂ ਦਾ ਰਵੱਈਆ ਨਾ ਬਦਲਿਆ ਅਤੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

 

Leave a Comment