ਕਾਲੀਆਂ ਭੇਡਾਂ ਦਾ ਮੂੰਹ ਖੁੱਲ੍ਹਿਆ..! Punjab Police ਅਤੇ ਹੋਮਗਾਰਡ ਦੇ 2 ਮੁਲਾਜ਼ਮ ਚਿੱਟੇ ਸਮੇਤ ਗ੍ਰਿਫ਼ਤਾਰ
ਪੁਲਿਸ ਵਿਭਾਗ ਹੋਇਆ ਸ਼ਰਮਸਾਰ: ਡਿਊਟੀ ਦੌਰਾਨ ਹੈਰੋਇਨ ਸਮੇਤ ਕਾਂਸਟੇਬਲ ਗ੍ਰਿਫ਼ਤਾਰ, ਹੋਮਗਾਰਡ ਜਵਾਨ ਦਾ ਡੋਪ ਟੈਸਟ ਪੌਜ਼ੀਟਿਵ
ਚੰਡੀਗੜ੍ਹ, 7 ਅਕਤੂਬਰ 2026- ਪੰਜਾਬ ਵਿੱਚ ਨਸ਼ਿਆਂ ਦੀ ਸਮੱਗਲਿੰਗ ਅਤੇ ਵਰਤੋਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਖੰਨਾ ਤੋਂ ਸਾਹਮਣੇ ਆਏ ਇੱਕ ਤਾਜ਼ਾ ਮਾਮਲੇ ਨੇ (Punjab Police) ਪੁਲਿਸ ਵਿਭਾਗ ਦੀ ਕਾਰਜਪ੍ਰਣਾਲੀ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਖੰਨਾ ਪੁਲਿਸ ਨੇ ਆਪਣੀ ਹੀ ਫੋਰਸ ਦੇ ਦੋ ਮੁਲਾਜ਼ਮਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਇੱਕ ਪੁਲਿਸ ਕਾਂਸਟੇਬਲ ਅਤੇ ਇੱਕ ਹੋਮਗਾਰਡ ਜਵਾਨ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।
ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ ਪੁਖ਼ਤਾ ਖ਼ੁਫ਼ੀਆ ਸੂਚਨਾਵਾਂ ਮਿਲ ਰਹੀਆਂ ਸਨ ਕਿ ਫੋਰਸ ਵਿੱਚ ਤਾਇਨਾਤ ਕੁੱਝ ਮੁਲਾਜ਼ਮ ਨਸ਼ਾ ਤਸਕਰਾਂ ਨਾਲ ਗੰਢ-ਤੁੱਪ ਕਰ ਰਹੇ ਹਨ। ਇਨ੍ਹਾਂ ਮਿਲੇ-ਜੁਲੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਯੋਜਨਾਬੰਦੀ ਤਹਿਤ ਜਾਲ ਵਿਛਾਇਆ। ਇਸ ਮੁਹਿੰਮ ਦੌਰਾਨ ਖੰਨਾ ਪੁਲਿਸ ਨੇ ਆਪਣੇ ਹੀ ਇੱਕ ਕਾਂਸਟੇਬਲ ਨੂੰ 10 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਗ੍ਰਿਫ਼ਤਾਰ ਕੀਤੇ ਗਏ ਕਾਂਸਟੇਬਲ ਦੀ ਪਛਾਣ ਅਰੁਣ ਸ਼ਰਮਾ ਵਜੋਂ ਹੋਈ ਹੈ, ਜੋ ਖੰਨਾ ਵਿਖੇ ਤਾਇਨਾਤ ਸੀ। ਜਾਂਚ ਦੌਰਾਨ ਇਹ ਬੇਹੱਦ ਚਿੰਤਾਜਨਕ ਤੱਥ ਸਾਹਮਣੇ ਆਇਆ ਹੈ ਕਿ ਅਰੁਣ ਸ਼ਰਮਾ ਨਾ ਸਿਰਫ਼ ਆਪ ਲੰਬੇ ਸਮੇਂ ਤੋਂ ਨਸ਼ੇ ਦਾ ਸੇਵਨ ਕਰ ਰਿਹਾ ਸੀ, ਬਲਕਿ ਉਹ ਹੈਰੋਇਨ ਦੀ ਤਸਕਰੀ ਅਤੇ ਕਾਰੋਬਾਰ ਵਿੱਚ ਵੀ ਸਰਗਰਮ ਸੀ। ਇਸ ਮੁਲਾਜ਼ਮ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਦੋਸ਼ੀ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਉਸ ਦੇ ਪੂਰੇ ਡਰੱਗ ਸਪਲਾਈ ਨੈੱਟਵਰਕ ਅਤੇ ਅੱਗੇ-ਪਿੱਛੇ ਜੁੜੇ ਤਸਕਰਾਂ ਦੇ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ।
ਇਸੇ ਤਰ੍ਹਾਂ ਇੱਕ ਹੋਰ ਕਾਰਵਾਈ ਕਰਦਿਆਂ ਖੰਨਾ ਪੁਲਿਸ ਨੇ ਹੋਮਗਾਰਡ ਕਾਂਸਟੇਬਲ ਪ੍ਰਿੰਸ ਨੂੰ ਡਿਊਟੀ ਦੇ ਸਮੇਂ ਨਸ਼ੇ ਦੀ ਹਾਲਤ ਵਿੱਚ ਸ਼ੱਕੀ ਪਾਇਆ। ਜਦੋਂ ਪੁਲਿਸ ਟੀਮ ਨੂੰ ਉਸ ‘ਤੇ ਸ਼ੱਕ ਹੋਇਆ ਤਾਂ ਉਸ ਨੂੰ ਤੁਰੰਤ ਡਾਕਟਰੀ ਜਾਂਚ ਅਤੇ ਡੋਪ ਟੈਸਟ ਲਈ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ। ਹਸਪਤਾਲ ਵੱਲੋਂ ਆਈ ਡੋਪ ਟੈਸਟ ਦੀ ਰਿਪੋਰਟ ਵਿੱਚ ਨਸ਼ੇ ਦੀ ਪੁਸ਼ਟੀ (ਪੌਜ਼ੀਟਿਵ) ਹੋਈ। ਰਿਪੋਰਟ ਆਉਂਦੇ ਹੀ ਪੁਲਿਸ ਨੇ ਬਿਨਾਂ ਕੋਈ ਢਿੱਲ ਮੱਠ ਕੀਤੇ ਹੋਮਗਾਰਡ ਜਵਾਨ ਖ਼ਿਲਾਫ਼ ਵੀ ਕਾਨੂੰਨੀ ਸ਼ਿਕੰਜਾ ਕੱਸਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਆਗੂਆਂ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ, ਚਾਹੇ ਕੋਈ ਆਮ ਨਾਗਰਿਕ ਹੋਵੇ ਜਾਂ ਪੁਲਿਸ ਦਾ ਜਵਾਨ। ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਉਂਦਿਆਂ ਕਿਸੇ ਵੀ ਕਾਲੀ ਭੇਡ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਸ ਨੈੱਟਵਰਕ ਨਾਲ ਵਿਭਾਗ ਦੇ ਹੋਰ ਕਿਹੜੇ-ਕਿਹੜੇ ਬੰਦੇ ਜੁੜੇ ਹੋ ਸਕਦੇ ਹਨ।















