ਵੱਡੀ ਖ਼ਬਰ: ਭਗਵੰਤ ਮਾਨ ਦੇ OSD ਦੀਆਂ ਵਧੀਆਂ ਮੁਸ਼ਕਲਾਂ; CBI ਵੱਲੋਂ ਸੰਮਨ ਜਾਰੀ!
Punjab Network
ਚੰਡੀਗੜ੍ਹ, 7 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (OSD) ਰਾਜਬੀਰ ਸਿੰਘ ਘੁੰਮਣ ‘ਤੇ ਕੇਂਦਰੀ ਜਾਂਚ ਏਜੰਸੀ (CBI) ਦਾ ਸ਼ਿਕੰਜਾ ਹੋਰ ਕੱਸਦਾ ਜਾ ਰਿਹਾ ਹੈ। ਸੀਬੀਆਈ ਵੱਲੋਂ ਰਾਜਬੀਰ ਘੁੰਮਣ ਨੂੰ ਸੰਮਨ ਭੇਜ ਕੇ ਅੱਜ ਦੁਪਹਿਰ 2:30 ਵਜੇ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿਖੇ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, CBI ਵੱਲੋਂ ਇਹ ਕਾਰਵਾਈ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸੀਬੀਆਈ ਦੀਆਂ ਟੀਮਾਂ ਵੱਲੋਂ ਮੁੱਖ ਮੰਤਰੀ ਦੇ ਓਐੱਸਡੀ ਨਾਲ ਸਬੰਧਤ ਵੱਖ-ਵੱਖ ਠਿਕਾਣਿਆਂ ਅਤੇ ਰਿਹਾਇਸ਼ਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਹਾਈ ਕੋਰਟ ਦੇ ਨਿਰਦੇਸ਼ਾਂ ਅਤੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਸੀਬੀਆਈ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਨੂੰ ਤੇਜ਼ ਕੀਤਾ ਗਿਆ ਹੈ। ਅੱਜ ਦੁਪਹਿਰ ਢਾਈ ਵਜੇ ਹੋਣ ਵਾਲੀ ਪੇਸ਼ੀ ਦੌਰਾਨ ਏਜੰਸੀ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਰਾਜਬੀਰ ਘੁੰਮਣ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਹੈ। ਇੱਕ ਪਾਸੇ ਜਿੱਥੇ ਵਿਰੋਧੀ ਧਿਰਾਂ ਦੇ ਆਗੂ ਆਮ ਆਦਮੀ ਪਾਰਟੀ ਅਤੇ ਸਰਕਾਰ ‘ਤੇ ਨਿਸ਼ਾਨੇ ਸਾਧ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰੀ ਏਜੰਸੀਆਂ ਦਾ ਇਸਤੇਮਾਲ ਰਾਜਨੀਤਿਕ ਬਦਲਾਖੋਰੀ ਲਈ ਕੀਤਾ ਜਾ ਰਹਾ ਹੈ। CBI ਦਫ਼ਤਰ ਵਿੱਚ ਅੱਜ ਹੋਣ ਵਾਲੀ ਇਹ ਪੇਸ਼ੀ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਦੁਪਹਿਰ 2:30 ਵਜੇ ਪੁੱਛਗਿੱਛ ਤੋਂ ਬਾਅਦ ਜਾਂਚ ਏਜੰਸੀ ਵੱਲੋਂ ਕੀ ਅਗਲਾ ਕਦਮ ਚੁੱਕਿਆ ਜਾਂਦਾ ਹੈ ਅਤੇ ਇਸ ਮਾਮਲੇ ਵਿੱਚ ਹੋਰ ਕਿਹੜੇ ਨਵੇਂ ਖ਼ੁਲਾਸੇ ਹੁੰਦੇ ਹਨ?















