Join WhatsApp

Join Now

ਸਕੂਲਾਂ ਦੀ PTM ‘ਚ ਅਧਿਆਪਕਾਂ ਤੋਂ ਆਪਣੀ ਪਾਰਟੀ ਦਾ ਪ੍ਰਚਾਰ ਕਰਵਾਏਗੀ ਸਰਕਾਰ

On: October 8, 2026 10:20 PM

 

ਸਕੂਲਾਂ ਦੀ PTM ‘ਚ ਅਧਿਆਪਕਾਂ ਤੋਂ ਆਪਣੀ ਪਾਰਟੀ ਦਾ ਪ੍ਰਚਾਰ ਕਰਵਾਏਗੀ ਸਰਕਾਰ

ਅਧਿਆਪਕ ਮਾਪਿਆਂ ਨੂੰ ਸਕੂਲਾਂ ਦੀ ਅਸਲੀਅਤ ਦੱਸਣ-ਡੀ ਟੀ ਐਫ਼ ਪੰਜਾਬ

ਚੰਡੀਗੜ੍ਹ/ਮੋਹਾਲੀ,08 ਅਕਤੂਬਰ 2026

ਬਦਲਾਅ ਦਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਰਾਜਨੀਤਕ ਮਨਸੂਬੇ ਪੂਰੇ ਕਰਨ ਲਈ ਕੋਈ ਵੀ ਮੌਕਾ ਨਹੀਂ ਛੱਡ ਰਹੀ|ਸਕੂਲਾਂ ਦੇ ਬੱਚਿਆਂ ਨੂੰ ਮੁੱਖ ਮੰਤਰੀ ਦੀ ਫੋਟੋ ਵਾਲੇ ਬੈਗ, ਲਿਫਾਫੇ ਵੰਡਣ ਤੋ ਬਾਅਦ ਹੁਣ 9 ਅਕਤੂਬਰ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ(PTM) ਵਿੱਚ ਸਰਕਾਰ ਦੀਆਂ ਲੋਕ ਲਭਾਊ ਯੋਜਨਾਵਾਂ ਦੱਸ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਵਾਇਆ ਜਾਵੇਗਾ|

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਆਪਣੇ ਰਾਜਨੀਤਕ ਮਨਸੂਬੇ ਪੂਰੇ ਕਰਨ ਲਈ ਸਕੂਲਾਂ ਦਾ ਸਹਾਰਾ ਲੈ ਰਹੀ ਹੈ|ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਸਰਕਾਰ ਵੱਲੋਂ ਜੋ ਪ੍ਰਿੰਟ ਮਟੀਰੀਅਲ ਛਾਪ ਕੇ ਮਾਪਿਆਂ ਨੂੰ ਵੰਡਣ ਲਈ ਭੇਜਿਆ ਗਿਆ ਹੈ ਉਸ ਵਿੱਚ ਸਰਕਾਰ ਦੀਆਂ ਲੋਕ ਲਭਾਊ ਯੋਜਨਾਵਾਂ ਜਿਵੇਂ ਕਿ ਫ੍ਰੀ ਸਫ਼ਰ, ਮਾਵਾਂ ਧੀਆਂ ਸਤਿਕਾਰ ਯੋਜਨਾ, ਬਿਜਲੀ ਮਾਫ ਆਦਿ ਬਾਰੇ ਦੱਸਿਆ ਗਿਆ ਹੈ|

ਆਗੂਆਂ ਨੇ ਕਿਹਾ ਕਿ ਸਕੂਲਾਂ ਦੀ ਅਸਲ ਹਾਲਤ ਬਾਰੇ ਅਧਿਆਪਕਾਂ ਨੂੰ ਪਤਾ ਹੈ|ਆਗੂਆਂ ਨੇ ਕਿਹਾ ਕਿ ਸੂਬੇ ਦੇ ਸੈਕੰਡਰੀ ਸਕੂਲਾਂ ਵਿੱਚ 70% ਪ੍ਰਿੰਸੀਪਲ ਦੀਆਂ ਪੋਸਟਾਂ, ਅਧਿਆਪਕ, ਹੈਡਮਾਸਟਰ ਅਤੇ ਬੀ ਪੀ ਈ ਓਜ਼ ਦੀਆਂ ਖਾਲੀ ਪੋਸਟਾਂ ਸਮੇਤ 35000 ਪੋਸਟਾਂ ਖਾਲੀ ਹਨ|ਅਪ੍ਰੈਲ ਤੋ ਮਈ ਤੱਕ 65000 ਅਧਿਆਪਕ ਸਕੂਲਾਂ ਤੋ ਬਾਹਰ ਜਣ ਗਣਨਾ ਅਤੇ ਡਰੱਗ ਸਰਵੇ ਕਰਦੇ ਰਹੇ|ਜੂਨ ਤੋ ਅਕਤੂਬਰ ਤੱਕ 25000 ਅਧਿਆਪਕ ਐੱਸ ਆਈ ਆਰ ਸਰਵੇ ਕਰਦੇ ਰਹੇ ਅਤੇ ਹੁਣ ਅਕਤੂਬਰ ਤੋ ਜਨਵਰੀ ਤੱਕ 65000 ਤੋ ਵੱਧ ਅਧਿਆਪਕ ਜਣ ਗਣਨਾ ਦਾ ਦੂਜਾ ਫੇਜ਼ ਕਰਨ ਲਈ ਸਕੂਲਾਂ ਤੋ ਬਾਹਰ ਗਏ|

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਸਿਰਫ ਰੰਗ ਰੋਗਣ ਕਰਨ ਨਾਲ ਸਕੂਲਾਂ ਦੀ ਹਾਲਤ ਨਹੀਂ ਸੁਧਰ ਜਾਂਦੀ ਬਲਕਿ ਅਧਿਆਪਕਾਂ ਨੂੰ ਗ਼ੈਰ ਵਿਦਿਅਕ ਕੰਮਾਂ ਤੋ ਮੁਕਤ ਕਰਕੇ ਪੜਾਈ ਕਰਵਾਉਣ ਦਾ ਮੌਕਾ ਦੇਣ ਨਾਲ ਸਕੂਲਾਂ ਦੀ ਹਾਲਤ ਸੁਧਰੇਗੀ| ਆਗੂਆਂ ਨੇ ਮੌੜ ਦੇ ਐੱਮ ਐੱਲ ਏ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਡਰੀਮ ਪ੍ਰੋਜੈਕਟ ਸਕੂਲ ਆਫ਼ ਐਮੀਨੈਂਸ ਵਿੱਚ ਵੀ ਅਧਿਆਪਕ ਪੂਰੇ ਨਹੀਂ|

ਆਗੂਆਂ ਨੇ ਅੱਗੇ ਦੱਸਿਆ ਕਿ ਸਾਢੇ ਚਾਰ ਸਾਲ ਬਾਅਦ ਮੁੱਖ ਮੰਤਰੀ ਦੇ ਪਿੰਡ ਸਤੌਜ ਵਿੱਚ ਅੱਪਗ੍ਰੇਡ ਕੀਤੇ ਸਕੂਲ ਵਿੱਚ ਤਾਇਨਾਤ ਕਰਨ ਲਈ ਅਧਿਆਪਜ ਨਹੀਂ ਮਿਲੇ ਜਿਸ ਕਰਕੇ ਹੋਰ ਸਕੂਲਾਂ ਦੇ ਅਧਿਆਪਕਾਂ ਨੂੰ ਆਰਜ਼ੀ ਤੌਰ ‘ਤੇ ਸਤੌਜ ਦੇ ਸਕੂਲ ਵਿੱਚ ਜ਼ਬਰੀ ਭੇਜਿਆ ਜਾ ਰਿਹਾ ਹੈ|ਆਗੂਆਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ 9 ਅਕਤੂਬਰ ਦੀ ਪੀ ਟੀ ਐੱਮ ਵਿੱਚ ਮਾਪਿਆਂ ਨੂੰ ਸਕੂਲਾਂ ਦੀ ਅਸਲੀਅਤ ਦਸਣ ਕਿ ਕਿਵੇਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਕੂਲਾਂ ਵਿੱਚ ਪੜਾਈ ਦਾ ਮਹੌਲ ਠੱਪ ਹੋਇਆ ਪਿਆ ਹੈ।

Leave a Comment