ਕੇਂਦਰ ਸਰਕਾਰ ਵੱਲੋਂ ਡਾ ਬੀ ਆਰ ਅੰਬੇਡਕਰ ਪੋਰਟਲ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ (NSP) ਤੇ ਸ਼ਿਫਟ ਕਰਨ ਖ਼ਿਲਾਫ਼ PSU ਵੱਲੋਂ ਰੋਸ ਪ੍ਰਦਰਸ਼ਨ
ਡਾ. ਬੀ ਆਰ ਅੰਬੇਡਕਰ ਪੋਰਟਲ ਨੂੰ ਮੁੜ ਤੋਂ ਬਹਾਲ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ :- ਪੰਜਾਬ ਸਟੂਡੈਂਟਸ ਯੂਨੀਅਨ
ਚੰਡੀਗੜ੍ਹ 8 ਅਕਤੂਬਰ 2026
ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਡਾ ਬੀ ਆਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਤੋਂ ਕੇਂਦਰੀਕਰਨ ਦੀ ਨੀਤੀ ਤਹਿਤ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਸ਼ਿਫਟ ਕਰਨ ਖ਼ਿਲਾਫ਼ ਅਤੇ ਸਕਾਲਰਸ਼ਿਪ ਸਕੀਮ ਵਿੱਚੋ ਡਾ ਬੀ ਆਰ ਅੰਬੇਡਕਰ ਦਾ ਨਾਮ ਬਾਹਰ ਕੱਢਣ ਦੇ ਵਿਰੋਧ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (PSU) ਵੱਲੋਂ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿੱਚ ਰੋਸ ਰੈਲੀ ਕੀਤੀ ਗਈ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫਾਜ਼ਿਲਕਾ, ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ ਅਤੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਰਤਨਪੁਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਆਪਣੀ ਕੇਂਦਰੀਕਰਨ ਦੀ ਨੀਤੀ ਤਹਿਤ ਸੂਬਿਆ ਦੇ ਅਧਿਕਾਰਾਂ ਨੂੰ ਦਰਕਿਨਾਰ ਕਰਦਿਆਂ ਸਭ ਕੁਝ ਆਪਣੇ ਕੰਟਰੋਲ ਹੇਠ ਕਰਨ ਲੱਗੀ ਹੋਈ ਹੈ।
ਇਸ ਦੇ ਤਹਿਤ ਹੀ ਪੰਜਾਬ ਸਰਕਾਰ ਅਧੀਨ ਆਉਂਦਾ ਡਾ ਬੀ ਆਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ ਖ਼ਤਮ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ ਉਪਰ ਸ਼ਿਫਟ ਕਰ ਦਿੱਤਾ ਗਿਆ ਜੋਂ ਕਿ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਦਾ ਇੱਕ ਰਾਹ ਹੈ। ਤਾਂ ਜੋਂ ਦਲਿਤ ਵਿਦਿਆਰਥੀਆਂ ਦੀ ਪਹੁੰਚ ਤੋਂ ਸਿੱਖਿਆ ਨੂੰ ਦੂਰ ਕੀਤਾ ਜਾ ਸਕੇ ਤੇ ਸਿੱਖਿਆ ਸਿਰਫ਼ ਇੱਕ ਖ਼ਾਸ ਤਬਕੇ ਤਕ ਹੀ ਸੀਮਤ ਕਰਕੇ ਰੱਖਿਆ ਜਾ ਸਕੇ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਸਾਡੇ ਸ਼ਹੀਦਾਂ ਅਤੇ ਮਹਾਨ ਨਾਇਕਾਂ ਦੇ ਇਤਿਹਾਸ ਨੂੰ ਸਿਲੇਬਸ ਵਿੱਚੋ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵਿਦਿਆਰਥੀਆਂ ਉਪੱਰ ਮਿਥਿਹਾਸਿਕ ਅਤੇ ਗੈਰ ਵਿਗਿਆਨਕ ਸਿਲੇਬਸ ਥੋਪਿਆ ਜਾ ਰਿਹਾ ਹੈ। ਇਸੇ ਤਹਿਤ ਹੀ ਡਾ ਬੀ ਆਰ ਅੰਬੇਡਕਰ ਦੇ ਨਾਮ ਦੇ ਬਣੇ ਪੋਰਟਲ ਨੂੰ ਖ਼ਤਮ ਕੀਤਾ ਗਿਆ ਹੈ।
ਇਸ ਮੌਕੇ ਵਿਦਿਆਰਥੀ ਆਗੂ ਜਸਵਿੰਦਰ ਸਿੰਘ , ਸੰਜਨਾ ਰਾਣੀ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਖ਼ਤਮ ਕੀਤੀ ਕੋਈ ਪਹਿਲੀ ਸਕੀਮ ਨਹੀਂ ਹੈ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਲਣ ਵਾਲੀ ਮੌਲਾਨਾ ਅਜ਼ਾਦ ਫੈਲੋਸ਼ਿਪ ਅਤੇ ਦਲਿਤ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਅਨੇਕਾਂ ਸਕੀਮਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਗੂਆ ਨੇ ਕਿਹਾ ਕਿ ਐਮ ਆਰ ਸਰਕਾਰੀ ਕਾਲਜ ਵਿੱਚ ਅੱਜ 90% ਦਲਿਤ ਵਿਦਿਆਰਥੀ ਪੜ੍ਹਦੇ ਹਨ ਤੇ ਉਹ ਸਕਾਲਰਸ਼ਿਪ ਦੇ ਸਹਾਰੇ ਹੀ ਆਪਣੀ ਪੜ੍ਹਾਈ ਪੂਰੀ ਕਰਦੇ ਹਨ। ਜੇਕਰ ਇਹ ਸਕਾਲਰਸ਼ਿਪ ਸਕੀਮ ਖ਼ਤਮ ਹੁੰਦੀ ਹੈ ਜਾਂ ਸਰਕਾਰ ਦੀ ਕਿਸੇ ਸ਼ਰਤ ਕਰਕੇ ਕੋਈ ਵਿਦਿਆਰਥੀ ਆਪਣੀ ਸਕਾਲਰਸ਼ਿਪ ਭਰਨ ਤੋਂ ਰਹਿ ਜਾਂਦਾ ਹੈ ਤਾਂ ਉਹ ਆਪਣੀ ਪੜ੍ਹਾਈ ਛੱਡਣ ਲਈ ਮਜ਼ਬੂਰ ਹੋਣਗੇ।
ਅੰਤ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਰੋਧ ਦੇ ਦਬਾਅ ਸਦਕਾ ਸਪਲੀ/ਕੰਪਾਰਮੇਂਟ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਅਧੀਨ ਲਿਆਉਣ ਦੀ ਸ਼ਰਤ ਪੂਰੀ ਹੋਣ ਤੇ ਇਸ ਨੂੰ ਆਂਸ਼ਿਕ ਜਿੱਤ ਵਜੋਂ ਲੈਂਦਿਆ ਡਾ ਬੀ ਆਰ ਅੰਬੇਡਕਰ ਪੋਰਟਲ ਨੂੰ ਮੁੜ ਤੋਂ ਬਹਾਲ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਸੋਨੂੰ, ਗਗਨਦੀਪ ਸਿੰਘ, ਪਰਮਿੰਦਰ ਸਿੰਘ, ਰਮਨਦੀਪ ਸਿੰਘ, ਸਾਜਨ ਸਿੰਘ, ਸੁਜਲ ਸਿੰਘ,ਸਚਿਨ, ਸਰਬਜੀਤ ਕੌਰ, ਅਮਨ, ਵੀਰਪਾਲ ਕੌਰ ਅਤੇ ਹੋਰ ਵੀ ਵਿਦਿਆਰਥੀ ਹਾਜ਼ਰ ਸਨ।
















