ਪਾਸ਼ ਦੇ ਪਿੰਡ ਲਾਗੇ ਰਹੀਮਪੁਰ ਆ ਰਹੇ ਮੁੱਖ ਮੰਤਰੀ ਨੂੰ
ਦੇਸ਼ ਭਗਤ ਯਾਦਗਾਰ ਕਮੇਟੀ ਦੀ ਖੁੱਲ੍ਹੀ ਅਪੀਲ; ਵਿਖਾਵਿਆਂ ‘ਚ ਲੋਕਾਂ ਨੂੰ ਭਰਵੀਂ ਸ਼ਮੂਲੀਅਤ ਦਾ ਸੱਦਾ
ਜਲੰਧਰ, 8 ਅਕਤੂਬਰ: ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਦੇ ਲੇਖਕਾਂ, ਸਾਹਿਤਕਾਰਾਂ, ਕਵੀਆਂ, ਬੁੱਧੀਜੀਵੀਆਂ, ਰੰਗਕਰਮੀਆਂ, ਤਰਕਸ਼ੀਲਾਂ, ਜਮਹੂਰੀ, ਮਿਹਨਤਕਸ਼ ਲੋਕਾਂ ਦੀਆਂ ਸਮੂਹ ਜੱਥੇਬੰਦੀਆਂ ਅਤੇ ਸਖਸ਼ੀਅਤਾਂ ਨੂੰ 9 ਅਕਤੂਬਰ ਨਕੋਦਰ (ਜਲੰਧਰ), 14 ਅਕਤੂਬਰ ਸੰਧਵਾਂ (ਫਰੀਦਕੋਟ) ਅਤੇ 15 ਅਕਤੂਬਰ ਸਵੇਰੇ 11 ਵਜੇ ਸੰਗਰੂਰ ਵਿਖੇ ਪਾਸ਼ ਹੰਸ ਰਾਜ ਕੰਪਲੈਕਸ ਅਤੇ ਮਜ਼ਦੂਰ ਆਗੂ ‘ਤੇ ਹਮਲੇ ਖ਼ਿਲਾਫ਼ ਹੋ ਰਹੇ ਰੋਸ ਵਿਖਾਵਿਆਂ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫ਼ੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਦੋਂ 10 ਅਕਤੂਬਰ ਨੂੰ ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੇ ਐਨ ਗੁਆਂਢ ਵਿੱਚ ਭਗਵਾਨ ਵਾਲਮੀਕ ਆਸ਼ਰਮ ਰਹੀਮਪੁਰ ਆ ਰਹੇ ਹਨ ਤਾਂ ਉਸ ਮੌਕੇ ਉਹ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਅਤੇ ਰੋਸ ਵਿਖਾਵੇ ਲਾਮਬੰਦ ਕਰ ਰਹੀਆਂ ਸੰਸਥਾਵਾਂ ਦੇ ਵਫ਼ਦ ਨੂੰ ਮਿਲਣ ਦਾ ਭਰੋਸਾ ਦਿੰਦੇ ਹੋਏ ਯਕੀਨੀ ਬਣਾਉਣ ਅਤੇ ਉਸ ਦਿਨ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਵਿਰਾਸਤੀ ਯਾਦਗਾਰ ਵਜੋਂ ਐਲਾਨ ਕਰਨ।
ਕਮੇਟੀ ਨੇ ਇਹ ਮੰਗ ਵੀ ਕੀਤੀ ਹੈ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ, ਕਹਾਣੀਕਾਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੂੰ ਤਲਵੰਡੀ ਸਲੇਮ ਦੇ ਸਰਪੰਚ ਪਰਦੀਪ ਸਿੰਘ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਗਾਲਾਂ ਕੱਢਣ, ਪਾਸ਼ ਦੇ ਪਿੰਡ ਪਾਸ਼ ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਕਰਦੇ ਕਾਰਕੁੰਨਾਂ ਦੇ ਫੋਨ ਖੋਹਣ ਕਾਰਨ ਸਰਪੰਚ ਅਤੇ ਉਸਦੇ ਜੋਟੀਦਾਰਾਂ ‘ਤੇ ਕੇਸ ਦਰਜ਼ ਕੀਤਾ ਜਾਵੇ। ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਵਿਰਾਸਤੀ ਯਾਦਗਾਰ ਦਾ ਮੁਹਾਂਦਰਾ ਵਿਗਾੜਨਾ ਬੰਦ ਕੀਤਾ ਜਾਵੇ।
ਕਮੇਟੀ ਨੇ ਕਿਹਾ ਕਿ ਸੰਸਾਰ ਪ੍ਰਸਿੱਧ ਇਨਕਲਾਬੀ ਪੰਜਾਬੀ ਕਵੀ ਪਾਸ਼ ਦੀ ਯਾਦਗਾਰ ਨੂੰ ਸੌੜੇ ਸਿਆਸੀ ਮੁਫ਼ਾਦਾਂ ਲਈ ਵਰਤਣ ਦੇ ਭੁਲੇਖੇ ਦੂਰ ਕਰਕੇ ਪਿੰਡ ਅਤੇ ਲੋਕ-ਸੰਸਥਾਵਾਂ ਦੇ ਜਜ਼ਬਾਤਾਂ ਦਾ ਮਾਣ ਸਨਮਾਨ ਕਰਨਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਠੋਸ ਕਦਮ ਚੁੱਕੇ।
















