ਅਧਿਆਪਕਾਂ ਦੀਆਂ ਜ਼ਬਰੀ ਡੈਪੂਟੇਸ਼ਨਾਂ ਰੱਦ ਕਰਾਉਣ ਲਈ ਵਫ਼ਦ ਡੀ.ਈ.ਓ. ਨੂੰ ਮਿਲਿਆ
ਸੰਗਰੂਰ, 8 ਅਕਤੂਬਰ 2026
ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਨਵੇਂ ਅਪਗਰੇਡ ਕੀਤੇ ਸਕੂਲ ਨੂੰ ਚਲਾਉਣ ਲਈ ਸਿੱਖਿਆ ਵਿਭਾਗ ਵੱਲੋਂ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਸਕੂਲਾਂ ਤੋਂ ਅਧਿਆਪਕਾਂ ਦੀਆਂ ਜ਼ਬਰੀ ਕੀਤੀਆਂ ਡੈਪੂਟੇਸ਼ਨਾਂ ਰੱਦ ਕਰਾਉਣ ਲਈ ਅੱਜ ਸੰਗਰੂਰ ਦੀਆਂ ਅਧਿਆਪਕ,ਮਜ਼ਦੂਰ, ਕਿਸਾਨ ਤੇ ਹੋਰ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਸਾਂਝਾ ਵੱਡਾ ਵਫ਼ਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਗਰੂਰ ਮਨਜੀਤ ਕੌਰ ਨੂੰ ਮਿਲਿਆ।
ਜਾਣਕਾਰੀ ਦਿੰਦਿਆਂ ਡੀ. ਟੀ.ਐੱਫ. ਦੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਵਫ਼ਦ ਨੇ ਮੰਗ ਪੱਤਰ ਸੌਂਪਦੇ ਹੋਏ ਅਧਿਕਾਰੀ ਨੂੰ ਦੱਸਿਆ ਕਿ ਇਸ ਤਰ੍ਹਾਂ ਇੱਕ ਸਕੂਲ ਚਲਾਉਣ ਲਈ ਨੇੜੇ ਤੇੜੇ ਦੇ ਚਾਰ-ਪੰਜ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਕਰਨਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ ਬਲਕਿ ਇੱਕ ਸਿਆਸੀ ਸਟੰਟ ਕਰਨ ਲਈ ਬਿਨਾਂ ਸੋਚੇ ਸਮਝੇ ਚੁੱਕਿਆ ਗਿਆ ਤਰਕਹੀਣ ਤੇ ਧੱਕੇਸ਼ਾਹੀ ਵਾਲਾ ਕਦਮ ਹੈ।
ਜਿਹਨਾਂ ਸਕੂਲਾਂ ਵਿੱਚੋਂ ਅਧਿਆਪਕ ਲਏ ਗਏ ਹਨ ਉੱਥੇ ਉਹਨਾਂ ਤੋਂ ਬਿਨਾਂ ਇਹਨਾਂ ਵਿਸ਼ਿਆਂ ਦਾ ਕੋਈ ਹੋਰ ਅਧਿਆਪਕ ਨਹੀਂ ਬਚਿਆ ਹੈ ਜਿਸ ਕਾਰਨ ਸਬੰਧਤ ਪਿੰਡ ਦੇ ਵਾਸੀਆਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਕੂਲ ਦੇ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੈ। ਸਰਕਾਰ ਦਾ ਸਕੂਲਾਂ ਨੂੰ ਅਪਗਰੇਡ ਕਰਨਾ ਸਵਾਗਤਯੋਗ ਕਦਮ ਹੈ ਪ੍ਰੰਤੂ ਇਸ ਲਈ ਪਹਿਲਾਂ ਲੋੜੀਂਦੇ ਵਸੀਲੇ ਜੁਟਾਏ ਜਾਣ ਅਤੇ ਲੋੜੀਂਦੀ ਗਿਣਤੀ ਵਿੱਚ ਅਧਿਆਪਕਾਂ ਦੀ ਨਵੀਂ ਭਰਤੀ ਕੀਤੀ ਜਾਵੇ ਜਿਸ ਨਾਲ ਪੰਜਾਬ ਦੇ ਸੈਂਕੜੇ ਬੇਰੁਜਗਾਰਾਂ ਨੂੰ ਰੁਜਗਾਰ ਵੀ ਮਿਲੇ।
ਵਫ਼ਦ ਨੇ ਅਧਿਕਾਰੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਡੈਪੂਟੇਸ਼ਨਾਂ ਤੁਰੰਤ ਰੱਦ ਨਾ ਕੀਤੀਆਂ ਗਈਆਂ ਤਾਂ ਜਥੇਬੰਦੀਆਂ ਇਸ ਮਸਲੇ ‘ਤੇ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਗੀਆਂ ਜਿਸ ਵਿੱਚ ਸਬੰਧਤ ਪਿੰਡ ਵਾਸੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਵੀ ਵੱਡੀ ਸ਼ਮੂਲੀਅਤ ਹੋਵੇਗੀ।
ਵਫ਼ਦ ਵਿੱਚ ਉਕਤ ਤੋਂ ਇਲਾਵਾ ਡੀ.ਟੀ.ਐੱਫ. ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਬਲਾਕ ਆਗੂ ਚੰਦਰ ਸ਼ੇਖਰ,ਜਗਦੀਪ ਸਿੰਘ,ਸੰਜੀਵ ਕੁਮਾਰ,ਪਰਵਿੰਦਰ ਉਭਾਵਾਲ,ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਆਗੂ ਬਲਬੀਰ ਲੌਂਗੋਵਾਲ,ਗੁਰਮੇਲ ਸਿੰਘ,ਕੇਵਲ ਸਿੰਘ, ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਬੀ.ਕੇ.ਯੂ. ਉਗਰਾਹਾਂ ਦੇ ਆਗੂ ਦਰਬਾਰਾ ਸਿੰਘ ਛਾਜਲਾ, ਕਰਨੈਲ ਗਨੌਟਾ, ਬਲਵਿੰਦਰ ਮਨਿਆਣਾ,ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਗੋਬਿੰਦ ਛਾਜਲੀ ਅਤੇ ਅਧਿਆਪਕ ਸੰਜੀਵ ਕੁਮਾਰ ਤੇ ਰੀਨਾ ਰਾਣੀ ਸ਼ਾਮਿਲ ਸਨ।
















