ਆਪਣੀਆਂ ਮੰਗਾਂ ਨੂੰ ਲੈ ਕੇ 21 ਅਤੇ 22 ਅਕਤੂਬਰ ਦੀ ਸਮੂਹਿਕ ਛੁੱਟੀ ਲੈਣਗੇ ਅਧਿਆਪਕ
ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-ਡੀ ਟੀ ਐਫ਼
ਚੰਡੀਗੜ੍ਹ/ਮੋਹਾਲੀ, 12 ਅਕਤੂਬਰ 2026- ਪੰਜਾਬ ਸਰਕਾਰ ਦੇ ਖਿਲਾਫ ਚੱਲ ਰਹੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਇਤਿਹਾਸਿਕ ਅੰਦੋਲਨ ਦੀ ਅਗਲੀ ਕੜੀ ਵਜੋਂ 21 ਅਤੇ 22 ਅਕਤੂਬਰ ਨੂੰ ਪੰਜਾਬ ਦੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਸਰਕਾਰੀ ਅਦਾਰੇ ਬੰਦ ਰੱਖਣਗੇ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਦੱਸਿਆ 21 ਅਤੇ 22 ਅਕਤੂਬਰ ਨੂੰ ਪੰਜਾਬ ਦੇ ਸਕੂਲਾਂ ਦਾ ਸਮੂਹ ਸਟਾਫ ਸਮੂਹਿਕ ਛੁੱਟੀ ਲਵੇਗਾ।
ਇਸ ਤੋਂ ਪਹਿਲਾਂ ਵੀ 27 ਅਗਸਤ ਨੂੰ ਪੰਜਾਬ ਦੇ ਲਗਭਗ 80% ਅਧਿਆਪਕਾਂ ਨੇ ਸਮੂਹਿਕ ਛੁੱਟੀ ਲਈ ਸੀ। ਆਗੂਆਂ ਨੇ ਦੱਸਿਆ ਕਿ 18 ਸਤੰਬਰ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਪਰ ਅਜੇ ਤੱਕ ਕਿਸੇ ਮੀਟਿੰਗ ਦਾ ਸੱਦਾ ਨਹੀਂ ਆਇਆ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਦੱਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨੀ, 17-7-20 ਅਤੇ 15-1-15 ਦੇ ਪੱਤਰ ਰੱਦ ਕਰਨੇ, ਕੱਚੇ ਮੁਲਾਜ਼ਮ ਪੱਕੇ ਕਰਨੇ, ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਦੀ ਤਨਖਾਹ 18000 ਰੁਪਏ ਕਰਨੀ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣਾ, 10% ਪੈਂਡਿੰਗ ਡੀ ਏ ਜਾਰੀ ਕਰਨਾ, ਏ ਸੀ ਪੀ ਲਾਗੂ ਕਰਨਾ, ਪੇਂਡੂ ਭੱਤਾ ਲਾਗੂ ਕਰਨਾ ਆਦਿ ਅਜੇ ਤੱਕ ਪੈਂਡਿੰਗ ਹਨ।
ਆਗੂਆਂ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ 21 ਅਤੇ 22 ਅਕਤੂਬਰ ਨੂੰ ਵਿਸ਼ਾਲ ਏਕਤਾ ਦਾ ਮੁਜ਼ਾਹਰਾ ਕਰਦੇ ਹੋਏ ਆਪਣੇ ਸਕੂਲਾਂ ਵਿੱਚੋ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਦੇ ਮੈਦਾਨ ਵਿੱਚ ਆਉਣ। ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਿਰ ਪਾਰਟੀ ਦੇ ਵੋਟਾਂ ਮੰਗਣ ਆਏ ਲੀਡਰਾਂ ਨੂੰ ਗਲੀਆਂ ਮੁਹੱਲਿਆ ਵਿੱਚ ਘੇਰਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਝੂਠੇ ਮੁੱਖ ਮੰਤਰੀ ਨੂੰ ਸਕੱਤਰੇਤ ਤੋਂ ਸਤੌਜ ਤੱਕ ਪਹੁੰਚਾ ਕੇ ਹੀ ਦਮ ਲੈਣਗੇ।
















