Join WhatsApp

Join Now

BREAKING- ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਦਿੱਤਾ ਵੱਡਾ ਝਟਕਾ; ਜੰਤਰ-ਮੰਤਰ ਉੱਤੇ ਧਰਨਾ ਲਗਾਉਣ ‘ਤੇ ਲਗਾਈ ਮੁਕੰਮਲ ਪਾਬੰਦੀ!

On: October 12, 2026 2:28 PM

 

BREAKING- ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਦਿੱਤਾ ਵੱਡਾ ਝਟਕਾ; ਜੰਤਰ-ਮੰਤਰ ਉੱਤੇ ਧਰਨਾ ਲਗਾਉਣ ‘ਤੇ ਲਗਾਈ ਮੁਕੰਮਲ ਪਾਬੰਦੀ!

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਜੰਤਰ-ਮੰਤਰ ਨੂੰ ਪ੍ਰਦਰਸ਼ਨ ਵਾਲੀਆਂ ਥਾਵਾਂ ਦੀ ਸੂਚੀ ਵਿੱਚੋਂ ਅਧਿਕਾਰਤ ਤੌਰ ‘ਤੇ ਬਾਹਰ ਕੀਤਾ- ਰਾਮਲੀਲਾ ਮੈਦਾਨ, ਬੁਰਾੜੀ ਗਰਾਊਂਡ ਅਤੇ ਸੀਬੀਡੀ ਗਰਾਊਂਡ ਬਣੇ ਨਵੇਂ ਵਿਰੋਧ ਪ੍ਰਦਰਸ਼ਨ ਸਥਾਨ

ਕੇਂਦਰੀ ਗ੍ਰਹਿ ਮੰਤਰਾਲੇ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਲਿਆ ਗਿਆ ਇਹ ਅਹਿਮ ਫ਼ੈਸਲਾ – ਜੰਤਰ-ਮੰਤਰ ਦਾ 1993 ਤੋਂ ਚੱਲ ਰਿਹਾ ਲੰਮਾ ਇਤਿਹਾਸਕ ਦੌਰ ਖ਼ਤਮ

ਨਵੀਂ ਦਿੱਲੀ, 12 ਅਕਤੂਬਰ 2026- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦਰਸ਼ਨਾਂ ਅਤੇ ਧਰਨਿਆਂ ਦੇ ਕੇਂਦਰ ਵਜੋਂ ਜਾਣੇ ਜਾਂਦੇ ਜੰਤਰ-ਮੰਤਰ ਨੂੰ ਲੈ ਕੇ ਇੱਕ ਵੱਡਾ ਪ੍ਰਸ਼ਾਸਨਿਕ ਫ਼ੈਸਲਾ ਸਾਹਮਣੇ ਆਇਆ ਹੈ। ਦਿੱਲੀ ਪੁਲੀਸ ਨੇ ਜੰਤਰ-ਮੰਤਰ ਨੂੰ ਅਧਿਕਾਰਤ ਤੌਰ ‘ਤੇ ਪ੍ਰਦਰਸ਼ਨ ਕਰਨ ਵਾਲੀਆਂ ਥਾਵਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਇਸ ਫ਼ੈਸਲੇ ਦੇ ਤਹਿਤ ਹੁਣ ਸ਼ਹਿਰ ਵਿੱਚ ਧਰਨੇ, ਮੁਜ਼ਾਹਰੇ ਅਤੇ ਸਿਆਸੀ ਇਕੱਠ ਕਰਨ ਲਈ ਤਿੰਨ ਨਵੇਂ ਸਥਾਨਾਂ ਰਾਮਲੀਲਾ ਮੈਦਾਨ, ਬੁਰਾੜੀ ਗਰਾਊਂਡ ਅਤੇ ਪੂਰਬੀ ਦਿੱਲੀ ਦੇ ਸੀਬੀਡੀ (CBD) ਗਰਾਊਂਡ ਨੂੰ ਮਾਨਤਾ ਦੇ ਦਿੱਤੀ ਗਈ ਹੈ।

ਦਿੱਲੀ ਦੇ ਪੁਲੀਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਵਿੱਚ ਇਸ ਗੱਲ ਦੀ ਸਪੱਸ਼ਟ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਅਤੇ ਜਾਰੀ ਹੁਕਮਾਂ ਮੁਤਾਬਕ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਮ ਨਾਗਰਿਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਸੰਵਿਧਾਨਕ ਅਧਿਕਾਰ ਨੂੰ ਬਰਕਰਾਰ ਰੱਖਦਿਆਂ ਮੌਜੂਦਾ ਥਾਵਾਂ ਦੇ ਬਦਲ ਵਜੋਂ ਨਵੇਂ ਸਥਾਨਾਂ ਦੀ ਚੋਣ ਕਰਨ ਲਈ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਕੀਤੀਆਂ ਗਈਆਂ ਡੂੰਘੀਆਂ ਸਿਫ਼ਾਰਸ਼ਾਂ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸੂਚੀ ਵਿੱਚੋਂ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਨ੍ਹਾਂ ਤਿੰਨ ਨਵੀਆਂ ਥਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਤਿੰਨਾਂ ਨਿਰਧਾਰਤ ਥਾਵਾਂ ‘ਤੇ ਪ੍ਰਦਰਸ਼ਨ ਕਰਨ ਦੇ ਤਰੀਕਿਆਂ ਅਤੇ ਨੇਮਾਂ ਸੰਬੰਧੀ ਵਿਸਥਾਰਤ ਮਿਆਰੀ ਸੰਚਾਲਨ ਪ੍ਰਕਿਰਿਆ (SOP) ਦੇ ਦਿਸ਼ਾ-ਨਿਰਦੇਸ਼ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ, ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਚਲਾਏ ਜਾ ਸਕਣ।

Latest and Breaking News on NDTV

ਜੰਤਰ-ਮੰਤਰ ਦਾ ਦਿੱਲੀ ਦੇ ਸਿਆਸੀ ਅਤੇ ਸਮਾਜਿਕ ਅੰਦੋਲਨਾਂ ਵਿੱਚ ਇੱਕ ਇਤਿਹਾਸਕ ਪੜਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 1988 ਵਿੱਚ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਹੋਏ ਵਿਸ਼ਾਲ ਕਿਸਾਨ ਅੰਦੋਲਨ ਤੋਂ ਬਾਅਦ ਇੰਡੀਆ ਗੇਟ ਦੇ ਨੇੜਲੇ ਬੋਟ ਕਲੱਬ ਉੱਤੇ ਹਰ ਤਰ੍ਹਾਂ ਦੇ ਪ੍ਰਦਰਸ਼ਨਾਂ ਉੱਤੇ ਰੋਕ ਲਗਾ ਦਿੱਤੀ ਗਈ ਸੀ। ਇਸ ਪਾਬੰਦੀ ਤੋਂ ਬਾਅਦ ਸਾਲ 1993 ਤੋਂ ਜੰਤਰ-ਮੰਤਰ ਦਿੱਲੀ ਦਾ ਮੁੱਖ ਅਤੇ ਸਭ ਤੋਂ ਵੱਧ ਸਰਗਰਮ ਪ੍ਰਦਰਸ਼ਨ ਸਥਾਨ ਬਣ ਗਿਆ ਸੀ, ਜਿੱਥੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਦੇਸ਼ ਭਰ ਤੋਂ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੁੰਦੇ ਰਹੇ ਹਨ।

ਇਸ ਤੋਂ ਪਹਿਲਾਂ ਵੀ ਅਕਤੂਬਰ 2017 ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਵਾਤਾਵਰਨ ਅਤੇ ਸ਼ੋਰ ਪ੍ਰਦੂਸ਼ਣ ਦੇ ਮੱਦੇਨਜ਼ਰ ਇੱਥੇ ਧਰਨਿਆਂ ਅਤੇ ਮੁਜ਼ਾਹਰਿਆਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਪ੍ਰਦਰਸ਼ਨਾਂ ਨੂੰ ਰਾਮਲੀਲਾ ਮੈਦਾਨ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ ਸਨ। ਹਾਲਾਂਕਿ, ਜੁਲਾਈ 2018 ਵਿੱਚ ਸੁਪਰੀਮ ਕੋਰਟ ਨੇ ਇਸ ਪੂਰਨ ਪਾਬੰਦੀ ਨੂੰ ਖ਼ਾਰਜ ਕਰਦਿਆਂ ਕੁਝ ਸਖ਼ਤ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ। ਹੁਣ ਤਾਜ਼ਾ ਹੁਕਮਾਂ ਤਹਿਤ ਇਸ ਨੂੰ ਸੂਚੀ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ, ਨਵੇਂ ਨਿਰਧਾਰਤ ਕੀਤੇ ਗਏ ਸਥਾਨਾਂ ਵਿੱਚੋਂ ਰਾਮਲੀਲਾ ਮੈਦਾਨ ਦਾ ਸਿਆਸੀ ਲਾਮਬੰਦੀ ਅਤੇ ਇਤਿਹਾਸਕ ਮਹੱਤਵ ਬਹੁਤ ਵੱਡਾ ਰਿਹਾ ਹੈ। ਇਸ ਮੈਦਾਨ ਵਿੱਚ 1975 ਦੌਰਾਨ ਇੰਦਰਾ ਗਾਂਧੀ ਦੀ ਸਰਕਾਰ ਖ਼ਿਲਾਫ਼ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੇ ਇਤਿਹਾਸਕ ਅੰਦੋਲਨ ਤੋਂ ਲੈ ਕੇ ਸਾਲ 2011 ਦੇ ਅੰਨਾ ਹਜ਼ਾਰੇ ਦੇ ਦੇਸ਼-ਵਿਆਪੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੱਕ ਦੇ ਕਈ ਵੱਡੇ ਅਤੇ ਯਾਦਗਾਰੀ ਇਕੱਠ ਹੋ ਚੁੱਕੇ ਹਨ। ਹੁਣ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਨਵੇਂ ਸਥਾਨਾਂ ਦੇ ਨਿਰਧਾਰਨ ਨਾਲ ਸ਼ਹਿਰ ਦੀ ਆਵਾਜਾਈ ਅਤੇ ਆਮ ਲੋਕਾਂ ਦੀ ਆਉਂਜਾਣ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਰੂਪ ਵਿੱਚ ਚੱਲ ਸਕੇਗੀ।

 

Leave a Comment