IAS ਅਫ਼ਸਰਾਂ ਨੂੰ ਸਸਪੈਂਡ ਕਰਨ ਦਾ ਮਾਮਲਾ; ਜਾਖੜ ਦਾ AAP ਸਰਕਾਰ ‘ਤੇ ਗੰਭੀਰ ਦੋਸ਼, ਕਿਹਾ- ਡੀਲ ਫਲੋਪ ਹੋਣ ਦਾ ਨਤੀਜਾ ਮੁਅੱਤਲੀ

On: ਫਰਵਰੀ 8, 2026 12:41 ਬਾਃ ਦੁਃ

 

IAS ਅਫ਼ਸਰਾਂ ਨੂੰ ਸਸਪੈਂਡ ਕਰਨ ਦਾ ਮਾਮਲਾ; ਜਾਖੜ ਦਾ AAP ਸਰਕਾਰ ‘ਤੇ ਗੰਭੀਰ ਦੋਸ਼, ਕਿਹਾ- ਡੀਲ ਫਲੋਪ ਹੋਣ ਦਾ ਨਤੀਜਾ ਮੁਅੱਤਲੀ

ਚੰਡੀਗੜ੍ਹ 8 ਫਰਵਰੀ 2026- ਪੰਜਾਬ ਦੇ ਦੋ ਸੀਨੀਅਰ IAS ਅਫ਼ਸਰਾਂ ਦੀ ਮੁਅੱਤਲੀ (Suspension) ਨੂੰ ਲੈ ਕੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਤੇ ਗੰਭੀਰ ਸਵਾਲ ਚੁੱਕੇ ਹਨ। ਜਾਖੜ ਨੇ ਦੋਸ਼ ਲਾਇਆ ਕਿ ਸਰਕਾਰ ਆਪਣੀ ਮਨਮਾਨੀ ਕਰਨ ਅਤੇ ‘ਕਮਿਸ਼ਨ’ ਦੇ ਚੱਕਰ ਵਿੱਚ ਬਿਊਰੋਕਰੇਸੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

“ਡੀਲ ਫਲੋਪ ਹੋਣ ਦਾ ਨਤੀਜਾ ਹੈ ਮੁਅੱਤਲੀ”-  ਸੁਨੀਲ ਜਾਖੜ​​​​​​​

ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਕਿਸੇ ਸੌਦੇ ਵਿੱਚ ਆਪਣੀ ਮਨਮਾਨੀ ਚਾਹੁੰਦੀ ਸੀ। ਜਦੋਂ ਇਨ੍ਹਾਂ ਅਫ਼ਸਰਾਂ ਨੇ ਨਿਯਮਾਂ ਵਿਰੁੱਧ ਜਾ ਕੇ ‘ਹਾਂ’ ਨਹੀਂ ਭਰੀ, ਤਾਂ ਉਨ੍ਹਾਂ ‘ਤੇ ਅਨੁਸ਼ਾਸਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਾਹਰ ਦੇ ਦੌਰਿਆਂ ‘ਤੇ ਹੁੰਦੇ ਹਨ, ਤਾਂ ਪਿਛੇ ਦਿੱਲੀ ਬੈਠੀ ਲੀਡਰਸ਼ਿਪ ਪੰਜਾਬ ਵਿੱਚ ਡੀਲਾਂ ਕਰ ਰਹੀ ਹੁੰਦੀ ਹੈ। ਜਦੋਂ ਇਹ ਡੀਲ ਫਲੋਪ ਹੋ ਗਈ, ਤਾਂ ਉਸ ਦਾ ਖ਼ਾਮਿਆਜ਼ਾ ਅਫ਼ਸਰਾਂ ਨੂੰ ਭੁਗਤਣਾ ਪਿਆ। ਜਾਖੜ ਨੇ ਸਿੱਧਾ ਵਾਰ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ‘ਟਾਂਕੇ ਲਾਉਣ’ ਦੀ ਖ਼ਾਤਰ ਕੰਮ ਕਰ ਰਹੀ ਹੈ।

ਸਰਦਾਰ ਵੱਲਭ ਭਾਈ ਪਟੇਲ ਦਾ ਜ਼ਿਕਰ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ “IAS ਅਫ਼ਸਰ ਸਾਡੇ ਲੋਕਤੰਤਰ ਦਾ ‘ਆਇਰਨ ਫਰੇਮ’ (Iron Frame) ਹਨ। ਸਰਦਾਰ ਪਟੇਲ ਨੇ ਇਸ ਸੰਸਥਾ ਨੂੰ ਦੇਸ਼ ਦੀ ਮਜ਼ਬੂਤੀ ਲਈ ਬਣਾਇਆ ਸੀ, ਪਰ ਪੰਜਾਬ ਸਰਕਾਰ ਇਸ ਫਰੇਮ ਨਾਲ ਨਾਜਾਇਜ਼ ਵਿਹਾਰ ਕਰ ਰਹੀ ਹੈ। ਅਫ਼ਸਰਾਂ ਨੂੰ ਡਰਾ-ਧਮਕਾ ਕੇ ਆਪਣੀਆਂ ਗਲਤ ਨੀਤੀਆਂ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”

ਜਾਖੜ ਅਨੁਸਾਰ, ਅਜਿਹੀਆਂ ਕਾਰਵਾਈਆਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ, ਜੋ ਕਿ ਰਾਜ ਦੇ ਵਿਕਾਸ ਅਤੇ ਲੋਕਤੰਤਰੀ ਢਾਂਚੇ ਲਈ ਘਾਤਕ ਹੈ। ਉਨ੍ਹਾਂ ਮੰਗ ਕੀਤੀ ਕਿ ਅਫ਼ਸਰਾਂ ਵਿਰੁੱਧ ਕੀਤੀ ਗਈ ਇਸ ਕਾਰਵਾਈ ਦੇ ਅਸਲ ਕਾਰਨ ਜਨਤਕ ਕੀਤੇ ਜਾਣ।

 

Join WhatsApp

Join Now

Leave a Comment