ਪਰਵਿੰਦਰ ਝੋਟਾ ਹੱਤਿਆਕਾਂਡ: ਮਾਨਸਾ ਦੀ SHO ਸਸਪੈਂਡ, DSP ‘ਤੇ ਵੀ ਡਿੱਗ ਸਕਦੀ ਹੈ ਗਾਜ਼
ਪੀੜਤ ਪਰਿਵਾਰ ਦੇ ਆਰੋਪਾਂ ਤੋਂ ਬਾਅਦ ਐਕਸ਼ਨ ਮੋਡ ‘ਚ ਸਰਕਾਰ, ਐਸ.ਐਚ.ਓ. ਬੇਅੰਤ ਕੌਰ ਸਸਪੈਂਡ, ਡੀ.ਐਸ.ਪੀ. ਖ਼ਿਲਾਫ਼ ਵੀ ਜਾਂਚ ਤੇਜ਼
ਮਾਨਸਾ, 15 ਅਕਤੂਬਰ 2026- ਪਰਵਿੰਦਰ ਝੋਟਾ ਹੱਤਿਆਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਤੇ ਸਖ਼ਤ ਐਕਸ਼ਨ ਦੇਖਣ ਨੂੰ ਮਿਲਿਆ ਹੈ। ਘਟਨਾ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ‘ਤੇ ਉੱਠ ਰਹੇ ਗੰਭੀਰ ਸਵਾਲਾਂ ਦੇ ਮੱਦੇਨਜ਼ਰ ਮਾਨਸਾ ਦੀ ਐਸ.ਐਚ.ਓ. (SHO) ਬੇਅੰਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਖ਼ਬਰ ਹੈ ਕਿ ਡੀ.ਐਸ.ਪੀ. (DSP) ਹਰਜਿੰਦਰ ਸਿੰਘ ਖ਼ਿਲਾਫ਼ ਵੀ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਉਸ ਦੇ ਪਿਤਾ ਭੀਮ ਸਿੰਘ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ‘ਤੇ ਖੁੱਲ੍ਹ ਕੇ ਸਵਾਲ ਖੜ੍ਹੇ ਕੀਤੇ ਗਏ ਸਨ। ਪਿਤਾ ਭੀਮ ਸਿੰਘ ਨੇ ਦੋਸ਼ ਲਾਇਆ ਸੀ ਕਿ ਜਦੋਂ ਉਨ੍ਹਾਂ ਦੇ ਪੁੱਤ ‘ਤੇ ਸ਼ਰੇਆਮ ਲਾਈਵ ਗੋਲੀਆਂ ਚਲਾਈਆਂ ਜਾ ਰਹੀਆਂ ਸਨ, ਤਾਂ ਮੌਕੇ ‘ਤੇ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਟੀਮ ਅੱਧੇ ਘੰਟੇ ਤੱਕ ਵੀ ਘਟਨਾ ਸਥਾਨ ‘ਤੇ ਨਹੀਂ ਪਹੁੰਚੀ। ਪੁਲਿਸ ਦੀ ਇਸ ਦੇਰੀ ਅਤੇ ਲਾਪਰਵਾਹੀ ਕਾਰਨ ਲੋਕਾਂ ਅਤੇ ਪਰਿਵਾਰ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਸੀ, ਜਿਸ ਤੋਂ ਬਾਅਦ ਹੀ ਪਰਿਵਾਰ ਵੱਲੋਂ ਲਾਪਰਵਾਹ ਅਧਿਕਾਰੀਆਂ ‘ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਮਾਮਲੇ ਵਿੱਚ ਸਰਕਾਰ ਲਗਾਤਾਰ ਸਖ਼ਤ ਰੂਪ ਅਖ਼ਤਿਆਰ ਕੀਤੇ ਹੋਏ ਹੈ। ਬੀਤੇ ਦਿਨ ਵੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮਿਲ ਕੇ ਮੁੱਖ ਦੋਸ਼ੀ ਦੀ ਰਿਹਾਇਸ਼ ‘ਤੇ ‘ਪੀਲਾ ਪੰਜਾ’ (ਬੁਲਡੋਜ਼ਰ) ਚਲਾ ਕੇ ਗ਼ੈਰ-ਕਾਨੂੰਨੀ ਉਸਾਰੀ ‘ਤੇ ਵੱਡੀ ਕਾਰਵਾਈ ਕੀਤੀ ਗਈ ਸੀ। ਉਸ ਤੋਂ ਬਾਅਦ ਹੁਣ ਇਹ ਤੀਜੀ ਵੱਡੀ ਕਾਰਵਾਈ ਸਾਹਮਣੇ ਆਈ ਹੈ, ਜਿਸ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਸਪੈਂਡ ਕੀਤੀ ਗਈ ਐਸ.ਐਚ.ਓ. ਬੇਅੰਤ ਕੌਰ ਇਸ ਤੋਂ ਪਹਿਲਾਂ ਤਲਵੰਡੀ ਸਾਬੋ ਵਿਖੇ ਤੈਨਾਤ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਮਾਨਸਾ ਵਿਖੇ ਐਸ.ਐਚ.ਓ. ਵਜੋਂ ਜ਼ਿੰਮੇਵਾਰੀ ਦਿੱਤੀ ਗਈ ਸੀ।
ਮੁੱਖ ਮੰਤਰੀ ਦਾ ਸਖ਼ਤ ਸੁਨੇਹਾ: “ਕਿਸੇ ਨਾਲ ਨਹੀਂ ਕੀਤੀ ਜਾਵੇਗੀ ਲਿਹਾਜ਼”
ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਵੀ ਸਖ਼ਤ ਰੁੱਖ ਅਪਣਾਇਆ ਗਿਆ ਹੈ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਸੁਨੇਹਾ ਦਿੱਤਾ ਹੈ ਕਿ ਚਾਹੇ ਕੋਈ ਵੀ ਅਧਿਕਾਰੀ ਜਾਂ ਵਿਅਕਤੀ ਹੋਵੇ, ਜੇਕਰ ਕਿਸੇ ਦੀ ਵੀ ਇਸ ਮਾਮਲੇ ‘ਚ ਕੋਈ ਢਿੱਲ, ਲਾਪਰਵਾਹੀ ਜਾਂ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲੇ ਜਾਂ ਆਪਣੀ ਡਿਊਟੀ ‘ਚ ਅਣਗਹਿਲੀ ਵਰਤਣ ਵਾਲੇ ਕਿਸੇ ਵੀ ਅਫ਼ਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
















