“ਪੰਜਾਬ ਦੇ ਦਰਦ ਨੂੰ ਸਮਝਦੀ ਹੈ ਖੇਤਰੀ ਪਾਰਟੀ”! ਅਕਾਲੀ ਦਲ ‘ਚ ਸ਼ਾਮਲ ਹੋਣ ਮਗਰੋਂ ਰਵਿੰਦਰ ਆਵਲਾ ਦਾ ਵੱਡਾ ਬਿਆਨ
ਸਿਆਸਤ ਵਿੱਚ ਵੱਡਾ ਫੇਰਬਦਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ; ਸੁਖਬੀਰ ਸਿੰਘ ਬਾਦਲ ਨੇ ਕਰਵਾਈ ਪਾਰਟੀ ਵਿੱਚ ਸ਼ਮੂਲੀਅਤ
ਜਲਾਲਾਬਾਦ / ਚੰਡੀਗੜ੍ਹ 24 ਅਕਤੂਬਰ 2026- ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ ਹੈ। ਜਲਾਲਾਬਾਦ ਹਲਕੇ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਵਿੰਦਰ ਸਿੰਘ ਆਵਲਾ ਨੂੰ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਰਵਿੰਦਰ ਸਿੰਘ ਆਵਲਾ ਦੇ ਨਾਲ ਉਨ੍ਹਾਂ ਦੇ ਕਈ ਨਜ਼ਦੀਕੀ ਸਮਰਥਕ ਅਤੇ ਇਲਾਕੇ ਦੇ ਅਹਿਮ ਆਗੂ ਵੀ ਮੌਜੂਦ ਸਨ।
ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਨੇ ਆਪਣੇ ਇਸ ਫੈਸਲੇ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਆਖਿਆ ਕਿ ਹਰੇਕ ਸਿਆਸੀ ਧਿਰ ਵਿੱਚ ਚੰਗੇ ਅਤੇ ਮਾੜੇ ਲੀਡਰ ਹੁੰਦੇ ਹਨ, ਪਰ ਉਨ੍ਹਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਇਸ ਲਈ ਲਿਆ ਹੈ, ਕਿਉਂਕਿ ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੂਬੇ ਵਿੱਚ ਇੱਕ ਮਜ਼ਬੂਤ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਆਵਲਾ ਨੇ ਅੱਗੇ ਕਿਹਾ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ, ਦੁੱਖ-ਦਰਦ ਅਤੇ ਤਕਲੀਫਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਭਾਈਚਾਰੇ ਨਾਲ ਮਿਲ ਕੇ ਹੀ ਸੂਬੇ ਦੀ ਬਿਹਤਰ ਸੇਵਾ ਕੀਤੀ ਜਾ ਸਕਦੀ ਹੈ। ਕਾਂਗਰਸ ਪਾਰਟੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਰਹਿ ਕੇ ਵੀ ਉਨ੍ਹਾਂ ਨੇ ਸੇਵਾ ਕੀਤੀ ਹੈ, ਪਰ ਉਨ੍ਹਾਂ ਦਾ ਮਨ ਸੀ ਕਿ ਜੋ ਧਿਰ ਪੰਜਾਬ ਦੇ ਮੁੱਦਿਆਂ ਅਤੇ ਜ਼ਮੀਨੀ ਹਾਲਾਤਾਂ ਨੂੰ ਵਧੇਰੇ ਬਿਹਤਰੀ ਨਾਲ ਸਮਝਦੀ ਹੈ, ਉਸ ਨਾਲ ਮਿਲ ਕੇ ਸੂਬੇ ਲਈ ਸਮਾਂ ਲਾਇਆ ਜਾਵੇ।
ਜਦੋਂ ਪੱਤਰਕਾਰਾਂ ਨੇ ਆਵਲਾ ਤੋਂ ਉਨ੍ਹਾਂ ਦੇ ਸਮਰਥਕਾਂ ਅਤੇ ਸਥਾਨਕ ਲੀਡਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਜਲਾਲਾਬਾਦ ਦੇ ਜਿਹੜੇ ਸਾਥੀਆਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ, ਉਹ ਸਾਰੇ ਹੁਣ ਵੀ ਉਨ੍ਹਾਂ ਦੇ ਨਾਲ ਹੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਜਲਾਲਾਬਾਦ ਅਤੇ ਪੰਜਾਬ ਦੀ ਸੇਵਾ ਦੇ ਲੇਖੇ ਲੱਗਣਗੇ। ਕਿਸੇ ਹੋਰ ਆਗੂ ਦੇ ਅਕਾਲੀ ਦਲ ਵਿੱਚ ਆਉਣ ਜਾਂ ਚੋਣ ਲੜਨ ਦੇ ਸਵਾਲ ‘ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਮੇਸ਼ਾ ਆਪਣੇ ਫੈਸਲੇ ਖੁੱਲ੍ਹ ਕੇ ਲੈਂਦੇ ਹਨ ਅਤੇ ਅੱਜ ਉਨ੍ਹਾਂ ਦੇ ਦਿਲ ਨੇ ਪੰਜਾਬ ਦੀ ਸੇਵਾ ਲਈ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।
ਜਲਾਲਾਬਾਦ ਤੋਂ ਆਉਣ ਵਾਲੀਆਂ ਚੋਣਾਂ ਲੜਨ ਜਾਂ ਸੀਟਾਂ ਦੀ ਮੰਗ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਰਵਿੰਦਰ ਸਿੰਘ ਆਵਲਾ ਨੇ ਕਿਹਾ ਕਿ ਪਾਰਟੀ ਦੀ ਰਣਨੀਤੀ ਅਤੇ ਟਿਕਟਾਂ ਬਾਰੇ ਸਾਰੇ ਅੰਤਿਮ ਫੈਸਲੇ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਹਾਈਕਮਾਂਡ ਵੱਲੋਂ ਹੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ।
















