Join WhatsApp

Join Now

France Protests News: ਫ਼ਰਾਂਸ ਅਤੇ ਸਪੇਨ ‘ਚ ਮਹਿੰਗਾਈ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ! ਪੈਰਿਸ ਸਮੇਤ ਕਈ ਸ਼ਹਿਰਾਂ ‘ਚ ਹਿੰਸਾ, ਹਜ਼ਾਰਾਂ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

On: October 25, 2026 4:26 PM

 

France Protests News: ਫ਼ਰਾਂਸ ਅਤੇ ਸਪੇਨ ‘ਚ ਮਹਿੰਗਾਈ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ! ਪੈਰਿਸ ਸਮੇਤ ਕਈ ਸ਼ਹਿਰਾਂ ‘ਚ ਹਿੰਸਾ, ਹਜ਼ਾਰਾਂ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਮਹਿੰਗਾਈ ਤੇ ਘੱਟ ਤਨਖਾਹਾਂ ਨੂੰ ਲੈ ਕੇ ਯੂਰਪ ‘ਚ ਹਾਹਾਕਾਰ: ਫ਼ਰਾਂਸ ‘ਚ ਸੜਕਾਂ ‘ਤੇ ਉਤਰੇ 4 ਲੱਖ ਤੋਂ ਵੱਧ ਲੋਕ, 70 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ- ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਿੱਖੀਆਂ ਝੜਪਾਂ; ਅੱਥਰੂ ਗੈਸ ਅਤੇ ਪਾਣੀ ਦੀਆਂ ਵਾਛੜਾਂ ਦੀ ਵਰਤੋਂ

ਪੈਰਿਸ/ਬਾਰਸੀਲੋਨਾ, 24 ਅਕਤੂਬਰ 2026: ਫ਼ਰਾਂਸ ਅਤੇ ਸਪੇਨ ਵਿੱਚ ਵਧਦੀ ਮਹਿੰਗਾਈ, ਘਟਦੀਆਂ ਤਨਖਾਹਾਂ ਅਤੇ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਦਿਆਂ ਲੋਕ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਉਤਰ ਆਏ ਹਨ। ਫ਼ਰਾਂਸ ਵਿੱਚ ਬੀਤੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋਏ, ਜਿਸ ਵਿੱਚ ਦੇਸ਼ ਭਰ ਤੋਂ ਲਗਭਗ 4 ਲੱਖ 10 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਕੱਲੀ ਰਾਜਧਾਨੀ ਪੈਰਿਸ ਵਿੱਚ ਹੀ ਲਗਭਗ 1 ਲੱਖ 10 ਹਜ਼ਾਰ ਪ੍ਰਦਰਸ਼ਨਕਾਰੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ ‘ਤੇ ਉਤਰੇ।

ਇਸ ਹੰਗਾਮੇ ਦੌਰਾਨ ਹਾਲਾਤ ਕਾਫ਼ੀ ਤਣਾਅਪੂਰਨ ਹੋ ਗਏ ਅਤੇ ਪੁਲਿਸ ਦੁਆਰਾ ਦੇਸ਼ ਭਰ ਵਿੱਚੋਂ 1,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਦਰਸ਼ਨਾਂ ਦੇ ਚੱਲਦਿਆਂ ਫ਼ਰਾਂਸ ਅਤੇ ਸਪੇਨ ਦੋਵਾਂ ਦੇਸ਼ਾਂ ਵਿੱਚ ਹਾਲਾਤ ਹਿੰਸਕ ਰੂਪ ਧਾਰਨ ਕਰ ਗਏ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਬਲ ਵਿਚਕਾਰ ਤਿੱਖੀਆਂ ਝੜਪਾਂ ਦੇਖਣ ਨੂੰ ਮਿਲੀਆਂ, ਜਿਸ ਦੌਰਾਨ ਕਈ ਥਾਵਾਂ ‘ਤੇ ਦੁਕਾਨਾਂ ਦੀ ਭੰਨਤੋੜ, ਲੁੱਟ-ਖੋਹ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ।

ਪੈਰਿਸ ਵਿੱਚ ਸ਼ੁਰੂਆਤ ਵਿੱਚ ਇਹ ਪ੍ਰਦਰਸ਼ਨ ਸ਼ਾਂਤਮਈ ਸੀ, ਪਰ ਬਾਅਦ ਵਿੱਚ ਹਿੰਸਾ ਭੜਕ ਗਈ। ਪੁਲਿਸ ਨੇ ਭੀੜ ਨੂੰ ਖਿੰਡਾਉਣ ਅਤੇ ਸਥਿਤੀ ‘ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਵਾਛੜਾਂ (ਵਾਟਰ ਕੈਨਨ) ਦੀ ਵਰਤੋਂ ਕੀਤੀ। ਪੈਰਿਸ ਤੋਂ ਇਲਾਵਾ ਫ਼ਰਾਂਸ ਦੇ ਹੋਰ ਪ੍ਰਮੁੱਖ ਸ਼ਹਿਰਾਂ ਜਿਵੇਂ ਲਿਓਨ, ਕਲੇਰਮੋਂਟ-ਫੇਰਾ, ਸਟ੍ਰਾਸਬੁਰਗ, ਨੀਸ, ਨਾਂਤੇਸ ਅਤੇ ਮਾਰਸੇਈ ਵਿੱਚ ਵੀ ਭਾਰੀ ਹੰਗਾਮਾ ਹੋਇਆ।

ਦੂਜੇ ਪਾਸੇ ਸਪੇਨ ਦੇ ਬਾਰਸੀਲੋਨਾ ਸ਼ਹਿਰ ਵਿੱਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਭੰਨਤੋੜ ਤੋਂ ਬਾਅਦ ਅਧਿਕਾਰੀਆਂ ਨੇ 100 ਦੇ ਲਗਭਗ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਫ਼ਰਾਂਸ ‘ਚ ਹੋਈਆਂ ਇਨ੍ਹਾਂ ਝੜਪਾਂ ਵਿੱਚ ਲਗਭਗ 1,000 ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋਏ ਹਨ, ਜਦੋਂ ਕਿ ਇਕੱਲੇ ਪੈਰਿਸ ਵਿੱਚ 100 ਦੇ ਕਰੀਬ ਪ੍ਰਦਰਸ਼ਨਕਾਰੀ ਅਤੇ ਆਮ ਨਿਵਾਸੀ ਵੀ ਜ਼ਖ਼ਮੀ ਹੋਏ ਹਨ।

70 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ

ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਫ਼ਰਾਂਸ ਦੇ ਗ੍ਰਹਿ ਮੰਤਰੀ ਲੌਰੈਂਟ ਨੂਨੇਜ਼ ਨੇ ਪੂਰੇ ਦੇਸ਼ ਵਿੱਚ 70 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਸਨ। ਸੁਰੱਖਿਆ ਲਈ ਹੈਲੀਕਾਪਟਰ, ਬਖ਼ਤਰਬੰਦ ਵਾਹਨ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਹਫ਼ਤੇ ਵੀ 5 ਲੱਖ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਦੇਸ਼ ਭਰ ਵਿੱਚ ਲਗਭਗ 3,000 ਦੁਕਾਨਾਂ ਦੀ ਭੰਨਤੋੜ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ ਸਨ।

ਇਸ ਵਿਸ਼ਾਲ ਅੰਦੋਲਨ ਦੀ ਸ਼ੁਰੂਆਤ ਪਿਛਲੇ ਮਹੀਨੇ ਪੈਰਿਸ ਦੇ ਦੱਖਣ-ਪੂਰਬ ਵਿੱਚ ਸਥਿਤ ਇੱਕ ਹਾਈ ਸਕੂਲ ਵਿੱਚ ਸਟਾਫ਼ ਦੀ ਘਾਟ ਦੇ ਵਿਰੋਧ ਨਾਲ ਹੋਈ ਸੀ, ਜੋ ਹੁਣ ਹੌਲੀ-ਹੌਲੀ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਵਧਦੀ ਮਹਿੰਗਾਈ ਦੇ ਮੱਦੇਨਜ਼ਰ ਅਧਿਆਪਕ ਅਤੇ ਸਰਕਾਰੀ ਕਰਮਚਾਰੀ ਤਨਖਾਹਾਂ ਵਿੱਚ ਵਾਧੇ, ਬਿਹਤਰ ਪੈਨਸ਼ਨ ਸਹੂਲਤਾਂ ਅਤੇ ਸਿੱਖਿਆ ਖੇਤਰ ਲਈ ਵਧੇਰੇ ਬਜਟ ਦੀ ਮੰਗ ਕਰ ਰਹੇ ਹਨ। ਵਿਦਿਆਰਥੀ ਸੰਗਠਨਾਂ ਵੱਲੋਂ ਉੱਚ ਸਿੱਖਿਆ ਵਿੱਚ 2.5 ਲੱਖ ਵਾਧੂ ਸੀਟਾਂ, ਸਕੂਲਾਂ ਤੇ ਯੂਨੀਵਰਸਿਟੀਆਂ ਵਿੱਚ ਨਵੇਂ ਅਧਿਆਪਕਾਂ ਦੀ ਤੁਰੰਤ ਨਿਯੁਕਤੀ, ਵਜ਼ੀਫ਼ੇ ਵਿੱਚ 200 ਯੂਰੋ ਪ੍ਰਤੀ ਮਹੀਨਾ ਵਾਧਾ ਅਤੇ ਸਰਕਾਰੀ ਹੋਸਟਲਾਂ ਦੇ ਕਿਰਾਏ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਲਿਓਨ, ਨੀਸ ਅਤੇ ਮੋਂਪੇਲੀਏ ਵਰਗੇ ਸ਼ਹਿਰਾਂ ਵਿੱਚ ਪ੍ਰਸ਼ਾਸਨ ਦੁਆਰਾ ਪ੍ਰਦਰਸ਼ਨਾਂ ‘ਤੇ ਲਗਾਈ ਗਈ ਰੋਕ ਦਾ ਟਰੇਡ ਯੂਨੀਅਨਾਂ ਨੇ ਤਿੱਖਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ‘ਯੈਲੋ ਵੈਸਟ’ (Yellow Vest) ਅੰਦੋਲਨ ਨਾਲ ਜੁੜੀਆਂ ਜਥੇਬੰਦੀਆਂ ਨੇ ਆਗਾਮੀ 31 ਅਕਤੂਬਰ ਨੂੰ ਇੱਕ ਵਾਰ ਫਿਰ ਵੱਡੇ ਪੱਧਰ ‘ਤੇ ਦੇਸ਼ ਵਿਆਪੀ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ, ਜਿਸ ਨਾਲ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

 

Leave a Comment