‘ਕੋਠੀਆਂ ‘ਤੇ ਕਬਜ਼ੇ ਦੇ ਇਲਜ਼ਾਮਾਂ ‘ਤੇ AAP ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਦਿੱਤੀ ਸਫ਼ਾਈ’! ਸੁਖਪਾਲ ਖਹਿਰਾ ‘ਤੇ ਤਿੱਖਾ ਹਮਲਾ ਕਰ, ਕਿਹਾ- ਝੂਠ ਬੋਲਣਾ ਬੰਦ ਕਰੋ, ਮੈਂ ਹਾਈਕੋਰਟ ਤੋਂ ਬਰੀ ਹੋ ਚੁੱਕੀ ਹਾਂ’
ਕਾਂਗਰਸੀ ਆਗੂਆਂ ‘ਤੇ ਧੱਕਾਮੁੱਕੀ ਦੇ ਇਲਜ਼ਾਮ, ਸਰਬਜੀਤ ਕੌਰ ਮਾਣੂੰਕੇ ਨੇ ਦਿੱਤੀ ਖੁੱਲ੍ਹੀ ਚੁਣੌਤੀ- ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ; ਕਿਹਾ – ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ਕਾਂਗਰਸੀ ਆਗੂ
ਚੰਡੀਗੜ੍ਹ, 27 ਅਕਤੂਬਰ 2026: ਪੰਜਾਬ ਵਿਧਾਨ ਸਭਾ ਵਿੱਚ ਅੱਜ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਆਮ ਆਦਮੀ ਪਾਰਟੀ (AAP) ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ MLA ਸੁਖਪਾਲ ਖਹਿਰਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਆਗੂਆਂ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਤਿੱਖੇ ਸ਼ਬਦੀ ਵਾਰ ਕੀਤੇ। ਵਿਧਾਇਕ ਮਾਣੂੰਕੇ ਨੇ ਕਾਂਗਰਸੀ ਆਗੂਆਂ ‘ਤੇ ਝੂਠੀ ਰਾਜਨੀਤੀ ਕਰਨ, ਧੱਕਾਮੁੱਕੀ ਕਰਨ ਅਤੇ ਅਸਲ ਮੁੱਦਿਆਂ ਤੋਂ ਭੱਜਣ ਦੇ ਇਲਜ਼ਾਮ ਲਗਾਏ ਹਨ।
AAP MLA ਮਾਣੂੰਕੇ ਨੇ ਕਿਹਾ ਕਿ MLA ਸੁਖਪਾਲ ਖਹਿਰਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਵਿਧਾਇਕ ਲਗਾਤਾਰ ਝੂਠ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ, “ਮੈਂ ਸ਼ੁਰੂ ਤੋਂ ਹੀ ਸਭ ਕੁਝ ਸਾਫ਼ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਇਹ ਲੋਕ ਲਗਾਤਾਰ ਝੂਠ ਬੋਲ ਰਹੇ ਹਨ। ਬਾਜਵਾ ਸਾਹਿਬ ਅੰਦਰ ਆਏ ਹੀ ਨਹੀਂ।
‘ਕੋਠੀਆਂ ‘ਤੇ ਕਬਜ਼ੇ ਦੇ ਇਲਜ਼ਾਮਾਂ ‘ਤੇ ਦਿੱਤੀ ਸਫ਼ਾਈ’
ਆਪਣੇ ‘ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਮਾਣੂੰਕੇ ਨੇ ਕਿਹਾ ਕਿ ਉਨ੍ਹਾਂ ‘ਤੇ ਜੋ ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ, ਉਸ ਮਾਮਲੇ ਵਿੱਚ ਮਾਨਯੋਗ ਹਾਈਕੋਰਟ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਮੈਂ ਤਾਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਹਾਈਕੋਰਟ ਨੇ ਮੈਨੂੰ ਬਰੀ ਕੀਤਾ ਹੈ। ਪਰ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਬਿਨਾਂ ਵਜ੍ਹਾ ਇਸ ਗੱਲ ਨੂੰ ਹਵਾ ਦੇ ਰਹੇ ਹਨ।”
ਮਾਣੂੰਕੇ ਨੇ ਕਾਂਗਰਸੀ ਆਗੂਆਂ ਵੱਲੋਂ ਮਾਂਵਾਂ, ਧੀਆਂ ਅਤੇ ਭੈਣਾਂ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ‘ਤੇ ਵੀ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਔਰਤਾਂ ਪ੍ਰਤੀ ਮੰਦੀ ਭਾਸ਼ਾ ਵਰਤਦੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੇ ਵਰਤਾਰੇ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਇਲਜ਼ਾਮਾਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਸੱਚ ਦੀ ਲੜਾਈ ਖ਼ੁਦ ਲੜਨ ਦੇ ਸਮਰੱਥ ਹਨ।
ਮਾਹੌਲ ਹੋਇਆ ਤਣਾਅਪੂਰਨ, ਧੱਕਾਮੁੱਕੀ ਦੇ ਇਲਜ਼ਾਮ
ਪ੍ਰੈੱਸ ਕਾਨਫ਼ਰੰਸ ਦੌਰਾਨ ਮਾਹੌਲ ਉਸ ਸਮੇਂ ਹੋਰ ਵਿਗੜ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਆਪਣੀ ਗੱਲ ਰੱਖ ਰਹੇ ਸਨ। ਉਸੇ ਸਮੇਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਾਂਗਰਸੀ ਵਿਧਾਇਕ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਉੱਥੇ ਪਹੁੰਚ ਗਏ। ‘ਆਪ’ ਆਗੂਆਂ ਦਾ ਦੋਸ਼ ਹੈ ਕਿ ਕਾਂਗਰਸੀਆਂ ਨੇ ਬੇਲੋੜਾ ਹੰਗਾਮਾ ਕੀਤਾ, ਜਿਸ ਨਾਲ ਜਗ੍ਹਾ ਘੱਟ ਹੋਣ ਕਰਕੇ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਅਤੇ ਧੱਕਾਮੁੱਕੀ ਤੱਕ ਦੀ ਨੌਬਤ ਆ ਗਈ।
ਸਰਬਜੀਤ ਕੌਰ ਮਾਣੂੰਕੇ ਨੇ ਆਖ਼ਰ ਵਿੱਚ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ। ਉਨ੍ਹਾਂ ਕਿਹਾ, “ਮੈਂ ਖੁੱਲ੍ਹਾ ਚੈਲੇਂਜ ਕਰਦੀ ਹਾਂ, ਜਿੱਥੇ ਵੀ ਮਾਫ਼ੀ ਵਾਲੀ ਜਾਂ ਮੁੱਦਿਆਂ ‘ਤੇ ਬਹਿਸ ਕਰਨੀ ਹੈ, ਉਹ ਸਮਾਂ ਅਤੇ ਜਗ੍ਹਾ ਦੱਸਣ, ਮੈਂ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।”
















