ਵੱਡੀ ਖ਼ਬਰ: ਪੰਜਾਬ ਦੇ ਪਾਣੀਆਂ ‘ਤੇ ਮੋਦੀ ਸਰਕਾਰ ਦੇ ਡਾਕੇ ਖਿਲਾਫ਼ ਵਿਧਾਨ ਸਭਾ ‘ਚ ਮਤੇ ਪਾਸ! ਭਗਵੰਤ ਮਾਨ ਮਾਨ ਨੇ ਕਿਹਾ- ‘ਬੂੰਦ-ਬੂੰਦ ਦੀ ਕਰਾਂਗੇ ਰਖਵਾਲੀ’
ਕੇਂਦਰ ਦੇ ਨਾਦਰਸ਼ਾਹੀ ਫ਼ਰਮਾਨਾਂ ਅੱਗੇ ਨਹੀਂ ਝੁਕੇਗਾ ਪੰਜਾਬ; ਡੈੱਮ ਸੇਫ਼ਟੀ ਐਕਟ ਰਾਹੀਂ ਹੱਕ ਖੋਹਣ ਦੀਆਂ ਕੋਸ਼ਿਸ਼ਾਂ ਨਾਕਾਮ ਕਰਾਂਗੇ;- ਪੰਜਾਬ ਵਿਧਾਨ ਸਭਾ ‘ਚੋਂ ਕਾਂਗਰਸ ਦੇ ਵਾਕਆਊਟ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤੰਜ: ‘ਬੁੱਝਣ ਤੋਂ ਪਹਿਲਾਂ ਦੀਵਾ ਵੱਧ ਫੜਫੜਾਉਂਦਾ ਹੈ, ਲੋਕ ਕਰਨਗੇ ਪੂਰਨ ਬਾਈਕਾਟ’
ਚੰਡੀਗੜ੍ਹ 27 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਵਿਧਾਨ ਸਭਾ ਦੇ ਇਜਲਾਸ ਦੌਰਾਨ ਪਾਸ ਕੀਤੇ ਗਏ ਮਤਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੇ ਪਾਣੀਆਂ ਅਤੇ ਅਧਿਕਾਰਾਂ ਦੀ ਰੱਖਿਆ ਲਈ AAP ਸਰਕਾਰ ਵਚਨਬੱਧ ਹੈ ਅਤੇ ਕੇਂਦਰ ਸਰਕਾਰ ਦੇ ਕਿਸੇ ਵੀ ਨਾਦਰਸ਼ਾਹੀ ਫ਼ਰਮਾਨ ਨੂੰ ਮੰਨਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ, ਪੰਜਾਬ ਵਿਧਾਨ ਸਭਾ ਵਿੱਚ ਅੱਜ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਪ੍ਰਸਤਾਵ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ ਪੰਜ ਅਹਿਮ ਮਤੇ ਸੂਬੇ ਦੇ ਪਾਣੀਆਂ ਨਾਲ ਸੰਬੰਧਿਤ ਹਨ। ਉਨ੍ਹਾਂ ਆਖਿਆ, “ਸਾਡੇ ਪਾਣੀਆਂ ਦੀ ਬੂੰਦ-ਬੂੰਦ ਦੀ ਰਖਵਾਲੀ ਕਰਨਾ ਸਾਡਾ ਸੱਚਾ ਫ਼ਰਜ਼ ਹੈ। ਕੇਂਦਰ ਸਰਕਾਰ ਵੱਲੋਂ ਅਕਸਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਦੇ ਰਾਜਸਥਾਨ ਨੂੰ ਹੋਰ ਪਾਣੀ ਦੇਣ ਦਾ ਦਬਾਅ ਬਣਾਇਆ ਜਾਵੇ, ਕਦੇ ਹਰਿਆਣਾ ਨੂੰ ਪਾਣੀ ਦੇਣ ਦੀ ਗੱਲ ਕੀਤੀ ਜਾਵੇ ਅਤੇ ਕਦੇ ‘ਭਾਖੜਾ ਬਿਆਸ ਪ੍ਰਬੰਧਕੀ ਬੋਰਡ’ (BBMB) ‘ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਨ੍ਹਾਂ ਸਾਰੇ ਅਨਿਆਂਪੂਰਨ ਕਦਮਾਂ ਵਿਰੁੱਧ ਅੱਜ ਵਿਧਾਨ ਸਭਾ ਵਿੱਚ ਪ੍ਰਸਤਾਵ ਪਾਸ ਕਰ ਦਿੱਤੇ ਗਏ ਹਨ।”
ਉਨ੍ਹਾਂ ਅੱਗੇ ਕਿਹਾ ਕਿ ਪਾਣੀ ਸੂਬੇ ਦਾ ਆਪਣਾ ਵਿਸ਼ਾ ਹੈ ਅਤੇ ਪੰਜਾਬ ਆਪਣੇ ਸਾਰੇ ਡੈੱਮਾਂ ਅਤੇ ਹੈੱਡਵਰਕਸਾਂ, ਚਾਹੇ ਉਹ ਫ਼ਿਰੋਜ਼ਪੁਰ ਹੋਵੇ, ਹਰੀਕੇ ਹੋਵੇ ਜਾਂ ਭਾਖੜਾ ਡੈੱਮ, ਦੀ ਸੁਰੱਖਿਆ ਕਰਨ ਦੇ ਪੂਰੀ ਤਰ੍ਹਾਂ ਕਾਬਿਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ‘ਡੈੱਮ ਸੇਫ਼ਟੀ ਐਕਟ’ ਲਿਆ ਕੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਖੇਤੀਬਾੜੀ ਕਾਨੂੰਨਾਂ ਰਾਹੀਂ ਕਿਸਾਨਾਂ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਵਿਰੋਧ ਤੋਂ ਬਾਅਦ ਰੱਦ ਹੋ ਗਏ ਸਨ। ਹੁਣ ਅਮਰੀਕਾ ਰਾਹੀਂ ਕਿਸੇ ਹੋਰ ਰੂਪ ਵਿੱਚ ਉਨ੍ਹਾਂ ਕਾਨੂੰਨਾਂ ਨੂੰ ਪਿਛਲੇ ਚੋਰ-ਦਰਵਾਜ਼ੇ ਤੋਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਧਾਨ ਸਭਾ ਵਿੱਚੋਂ ਕਾਂਗਰਸੀ ਵਿਧਾਇਕਾਂ ਵੱਲੋਂ ਕੀਤੇ ਗਏ ਬਾਈਕਾਟ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਕਾਂਗਰਸ ਦਾ ਵਿਧਾਨ ਸਭਾ ਵਿੱਚ ਸ਼ਾਇਦ ਆਖਰੀ ਦਿਨ ਸਾਬਤ ਹੋ ਗਿਆ ਹੈ, ਕਿਉਂਕਿ ਅਗਲੀ ਵਾਰ ਲੋਕਾਂ ਨੇ ਉਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦੇਣਾ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ, “ਦੀਵਾ ਬੁੱਝਣ ਤੋਂ ਪਹਿਲਾਂ ਜਿਆਦਾ ਫੜਫੜਾਉਂਦਾ ਹੈ, ਕਾਂਗਰਸੀਆਂ ਨੇ ਵੀ ਉਹੀ ਕੀਤਾ। ਪਰ ਅਜਿਹੇ ਰਵੱਈਏ ਨਾਲ ਉਨ੍ਹਾਂ ਨੂੰ ਕੋਈ ਲਾਹਾ ਨਹੀਂ ਮਿਲੇਗਾ।”
ਕਾਂਗਰਸ ਦੀ ਅੰਦਰੂਨੀ ਫੁੱਟ ‘ਤੇ ਚੋਟ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਆਪਸੀ ਏਕਤਾ ਦੀ ਹਾਲਤ ਇਹ ਹੈ ਕਿ ਗੱਡੀ ਵਿੱਚ ਬੈਠਣ ਦੀ ਥਾਂ ਲਈ ਵੀ ਖਿੱਚੋਤਾਣ ਚੱਲ ਰਹੀ ਹੈ, ਅਜਿਹੇ ਵਿੱਚ ਇਹ ਲੋਕ ਪੰਜਾਬ ਲਈ ਕੀ ਲੜਨਗੇ। ਕਾਂਗਰਸ ਦੇ ਕੇਂਦਰੀ ਆਗੂਆਂ ਦੇ ਪੰਜਾਬ ਦੌਰਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਦੋਂ ਵੱਡੇ ਆਗੂ ਪ੍ਰਚਾਰ ਲਈ ਆਏ ਸਨ ਤਾਂ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸਨ, ਇਸ ਵਾਰ ਵੀ ਉਹੀ ਹੋਵੇਗਾ।
ਮੁੱਖ ਮੰਤਰੀ ਨੇ ਖੇਡਾਂ ਦੇ ਉਤਸ਼ਾਹ ਬਾਰੇ ਗੱਲ ਕਰਦਿਆਂ ਦੱਸਿਆ ਕਿ ਹਾਕੀ ਦੇ ਮੋਹਾਲੀ ਵਿਖੇ ਸੈਮੀਫ਼ਾਈਨਲ ਅਤੇ ਫ਼ਾਈਨਲ ਮੁਕਾਬਲੇ ਹੋਣ ਜਾ ਰਹੇ ਹਨ। ਉਨ੍ਹਾਂ ਸਪੀਕਰ ਸਾਹਿਬ, ਪੂਰੀ ਕੈਬਨਿਟ, ਵਿਧਾਇਕਾਂ, ਪੁਰਾਣੇ ਓਲੰਪੀਅਨਾਂ ਅਤੇ ਪੱਤਰਕਾਰ ਭਾਈਚਾਰੇ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਹਾਕੀ ਖਿਡਾਰੀਆਂ ਨੂੰ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਇਸ ਵਿੱਚ ਕੋਈ ਰਾਜਨੀਤੀ ਨਹੀਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ, ਪਾਕਿਸਤਾਨ ਨਾਲ ਸੰਬੰਧਾਂ ਅਤੇ ਗੁਰਪੁਰਬ ਦੇ ਮੌਕੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਆ ਰਿਹਾ ਹੈ। ਜੇਕਰ ਉਨ੍ਹਾਂ ਨੂੰ ਸੱਦਾ ਕੋਈ ਸੱਦਾ ਆਉਂਦਾ ਹੈ ਤਾਂ ਸਿਆਸੀ ਪ੍ਰਵਾਨਗੀ (Political Clearance) ਲਈ ਕੇਂਦਰ ਸਰਕਾਰ ਕੋਲ ਅਪਲਾਈ ਕੀਤਾ ਜਾਵੇਗਾ। ਆਪਣੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਨਾ-ਨਾਨੀ ਅਤੇ ਸਹੁਰਾ ਪਰਿਵਾਰ ਪਾਕਿਸਤਾਨ ਤੋਂ ਹੀ ਆਇਆ ਸੀ, ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਦੋਵਾਂ ਮੁਲਕਾਂ ਦੇ ਆਮ ਲੋਕ ਅਮਨ-ਸ਼ਾਂਤੀ ਚਾਹੁੰਦੇ ਹਨ ਅਤੇ ਪਹਿਲਾਂ ਵਾਂਗ ਬੱਸਾਂ ਤੇ ਸਮਝੌਤਾ ਐਕਸਪ੍ਰੈਸ ਵਰਗੇ ਸੁਚੱਜੇ ਸੰਬੰਧ ਬਹਾਲ ਹੋਣੇ ਚਾਹੀਦੇ ਹਨ।
















