ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 3 ਨਵੇਂ ਲੇਬਰ ਕੋਡ ਨਿਯਮਾਂ ਨੂੰ ਮਨਜ਼ੂਰੀ
ਕਿਰਤ ਸੁਧਾਰਾਂ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ: ਕੈਬਨਿਟ ਵੱਲੋਂ ਵੇਜਜ਼, ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਨਿਯਮ 2026 ਪ੍ਰਵਾਨ
Punjab Network
ਚੰਡੀਗੜ੍ਹ, 31 ਅਕਤੂਬਰ 2026: ਪੰਜਾਬ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਦੀ ਰਾਖੀ ਕਰਨ, ਉਹਨਾਂ ਦੀ ਸਿਹਤ-ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਮਾਜਿਕ ਸੁਰੱਖਿਆ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਮੰਤਰੀ ਮੰਡਲ (ਕੈਬਨਿਟ) ਵੱਲੋਂ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਦੌਰਾਨ ਸੂਬੇ ਵਿੱਚ ਕਿਰਤੀਆਂ ਦੀ ਭਲਾਈ ਨੂੰ ਸਮਰਪਿਤ ਤਿੰਨ ਪ੍ਰਮੁੱਖ ਲੇਬਰ ਕੋਡ ਨਿਯਮਾਂ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ, ਸਰਕਾਰ ਦੇ ਇਸ ਕਦਮ ਨਾਲ ਪੰਜਾਬ ਵਿੱਚ ਮਜ਼ਦੂਰ ਭਲਾਈ, ਵਾਜਬ ਮਿਹਨਤਾਨਾ, ਕੰਮ ਵਾਲੀ ਥਾਂ ‘ਤੇ ਸੁਰੱਖਿਅਤ ਮਾਹੌਲ ਅਤੇ ਸਮਾਜਿਕ ਬੀਮਾ ਪ੍ਰਬੰਧਾਂ ਦੇ ਲਾਗੂਕਰਨ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੇਗੀ।
ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ 3 ਪ੍ਰਮੁੱਖ ਲੇਬਰ ਕੋਡ ਨਿਯਮ
ਕੋਡ ਆਨ ਵੇਜਜ਼ (ਪੰਜਾਬ) ਰੂਲਜ਼-2026: ਇਹ ਨਿਯਮ ‘ਵੇਜਜ਼ ਕੋਡ, 2019’ ਦੇ ਤਹਿਤ ਤਿਆਰ ਕੀਤੇ ਗਏ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਸੂਬੇ ਦੇ ਹਰ ਮਜ਼ਦੂਰ ਅਤੇ ਕਿਰਤੀ ਨੂੰ ਸਮੇਂ ਸਿਰ ਅਤੇ ਵਾਜਬ ਤਨਖਾਹ/ਦਿਹਾੜੀ ਦੀ ਗਰੰਟੀ ਦੇਣਾ ਹੈ। ਇਸ ਨਾਲ ਤਨਖਾਹਾਂ ਵਿੱਚ ਹੁੰਦੇ ਵਿਤਕਰੇ ਨੂੰ ਖ਼ਤਮ ਕਰਨ ਅਤੇ ਸਾਰੇ ਖੇਤਰਾਂ ਵਿੱਚ ਮਜ਼ਦੂਰਾਂ ਦੀ ਘੱਟੋ-ਘੱਟ ਆਮਦਨ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਪੰਜਾਬ ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਰੂਲਜ਼, 2026: ਇਹ ਨਿਯਮ ‘ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਜ਼ ਕੋਡ, 2020’ ਦੇ ਤਹਿਤ ਬਣਾਏ ਗਏ ਹਨ। ਇਸ ਰਾਹੀਂ ਕਾਰਖਾਨਿਆਂ, ਉਦਯੋਗਾਂ ਅਤੇ ਹੋਰ ਕਾਰਜ ਸਥਾਨਾਂ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਰੀਰਕ ਸੁਰੱਖਿਆ ਅਤੇ ਸਿਹਤ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ। ਕੰਮ ਵਾਲੀਆਂ ਥਾਵਾਂ ‘ਤੇ ਹਾਦਸਿਆਂ ਨੂੰ ਰੋਕਣ ਲਈ ਪੁਖ਼ਤਾ ਰੈਗੂਲੇਟਰੀ ਢਾਂਚਾ ਲਾਗੂ ਕੀਤਾ ਜਾਵੇਗਾ।
ਪੰਜਾਬ ਸੋਸ਼ਲ ਸਕਿਓਰਿਟੀ ਰੂਲਜ਼, 2026: ‘ਕੋਡ ਆਨ ਸੋਸ਼ਲ ਸਕਿਓਰਿਟੀ, 2020’ ਦੇ ਅਧੀਨ ਤਿਆਰ ਕੀਤੇ ਗਏ ਇਹ ਨਿਯਮ ਮਜ਼ਦੂਰਾਂ ਨੂੰ ਭਵਿੱਖ ਵਿੱਚ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਗੇ। ਇਸ ਨਾਲ ਸੰਗਠਿਤ ਅਤੇ ਅਸੰਗਠਿਤ ਦੋਵਾਂ ਖੇਤਰਾਂ ਦੇ ਮਜ਼ਦੂਰਾਂ ਨੂੰ ਬੀਮਾ, ਪੈਨਸ਼ਨ, ਅਤੇ ਹੋਰ ਸਰਕਾਰੀ ਭਲਾਈ ਯੋਜਨਾਵਾਂ ਦਾ ਸਿੱਧਾ ਲਾਭ ਮਿਲਣਾ ਆਸਾਨ ਹੋ ਜਾਵੇਗਾ।
ਕੈਬਨਿਟ ਦੀ ਇਸ ਪ੍ਰਵਾਨਗੀ ਨਾਲ ਪੰਜਾਬ ਵਿੱਚ ਕੇਂਦਰੀ ਲੇਬਰ ਕੋਡਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੋੜੀਂਦਾ ਰਾਜ-ਪੱਧਰੀ ਰੈਗੂਲੇਟਰੀ ਢਾਂਚਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਨਵੇਂ ਨਿਯਮ ਲਾਗੂ ਹੋਣ ਨਾਲ ਜਿੱਥੇ ਮਜ਼ਦੂਰਾਂ ਦੇ ਸ਼ੋਸ਼ਣ ‘ਤੇ ਠੱਲ੍ਹ ਪਵੇਗੀ, ਉੱਥੇ ਹੀ ਮਾਲਕਾਂ ਅਤੇ ਮਜ਼ਦੂਰਾਂ ਵਿਚਕਾਰ ਇੱਕ ਸੁਖਾਵਾਂ ਅਤੇ ਪਾਰਦਰਸ਼ੀ ਮਾਹੌਲ ਵੀ ਸਿਰਜਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਪੰਜਾਬ ਸਰਕਾਰ ਕਿਰਤੀਆਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਮਜ਼ਦੂਰ ਹੀ ਸੂਬੇ ਦੇ ਵਿਕਾਸ ਦੀ ਅਸਲ ਨੀਂਹ ਹਨ, ਅਤੇ ਇਹਨਾਂ ਨਵੇਂ ਰੂਲਜ਼ ਨਾਲ ਸੂਬੇ ਦਾ ਮਜ਼ਦੂਰ ਵਰਗ ਆਰਥਿਕ ਅਤੇ ਸਮਾਜਿਕ ਤੌਰ ‘ਤੇ ਹੋਰ ਸੁਰੱਖਿਅਤ ਹੋਵੇਗਾ।















