Punjab ‘ਚ ਸਨਸਨੀਖੇਜ਼ ਵਾਰਦਾਤ! ਚਰਿੱਤਰ ‘ਤੇ ਸ਼ੱਕ ਦੇ ਚੱਲਦਿਆਂ ਪਤਨੀ ਦਾ ਬੇਰਹਿਮੀ ਨਾਲ ਕਤਲ
ਆਸਟ੍ਰੇਲੀਆ ਤੋਂ ਆਉਂਦਿਆਂ ਹੀ ਪਤੀ ਨੇ ਉਜਾੜਿਆ ਘਰ, ਪੁੱਤ ਨੂੰ ਬਾਜ਼ਾਰ ਭੇਜ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ; ਮੁਲਜ਼ਮ ਗ੍ਰਿਫ਼ਤਾਰ
ਲੁਧਿਆਣਾ 2 ਨਵੰਬਰ 2026- ਲੁਧਿਆਣਾ ਸ਼ਹਿਰ ਤੋਂ ਇੱਕ ਅਤੀ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਸਟ੍ਰੇਲੀਆ ਤੋਂ ਵਾਪਸ ਪਰਤੇ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦੀ ਇਲਾਕੇ ਵਿੱਚ ਖ਼ਬਰ ਫੈਲਦਿਆਂ ਹੀ ਹੜਕੰਪ ਮਚ ਗਿਆ ਅਤੇ ਇਲਾਕਾ ਨਿਵਾਸੀ ਦਹਿਸ਼ਤ ਦੇ ਮਾਹੌਲ ਵਿੱਚ ਹਨ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਦਿਆਂ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਦੀ ਪਛਾਣ ਕਮਲਦੀਪ ਕੌਰ (49) ਵਜੋਂ ਹੋਈ ਹੈ, ਜਦਕਿ ਮੁਲਜ਼ਮ ਪਤੀ ਰਵਿੰਦਰ ਸਿੰਘ (50) ਪਿਕਅੱਪ ਵੈਨ ਚਲਾਉਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ 50 ਸਾਲਾ ਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਪਿੱਕਅੱਪ ਵੈੱਨ ਚਲਾਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਨੂੰ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਸੀ। ਇਸੇ ਰੰਜਿਸ਼ ਅਤੇ ਸ਼ੱਕੀ ਮਾਨਸਿਕਤਾ ਦੇ ਚੱਲਦਿਆਂ ਦੋਵਾਂ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ।
ਘਟਨਾ ਵਾਲੇ ਦਿਨ ਵੀ ਇਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜਿਸ ਤੋਂ ਬਾਅਦ ਤੈਸ਼ ਵਿੱਚ ਆਏ ਪਤੀ ਨੇ ਤਿੱਖੇ ਚਾਕੂ ਨਾਲ ਆਪਣੀ ਪਤਨੀ ‘ਤੇ ਤਾਬੜਤੋੜ ਵਾਰ ਕਰ ਦਿੱਤੇ, ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮ ਨੇ ਪਹਿਲਾਂ ਤੋਂ ਹੀ ਪੂਰੀ ਵਿਓਂਤਬੰਦੀ ਕੀਤੀ ਹੋਈ ਸੀ। ਵਾਰਦਾਤ ਦੇ ਸਮੇਂ ਘਰ ਵਿੱਚ ਮੌਜੂਦ ਆਪਣੇ ਪੁੱਤਰ ਨੂੰ ਉਸ ਨੇ ਬਾਜ਼ਾਰੋਂ ਕੋਈ ਸਮਾਨ ਖ਼ਰੀਦਣ ਦੇ ਬਹਾਨੇ ਭੇਜ ਦਿੱਤਾ ਤਾਂ ਜੋ ਕੋਈ ਉਸ ਨੂੰ ਵਾਰਦਾਤ ਕਰਨ ਤੋਂ ਰੋਕ ਨਾ ਸਕੇ।
ਜਦੋਂ ਪੁੱਤਰ ਬਾਜ਼ਾਰ ਤੋਂ ਵਾਪਸ ਪਰਤਿਆ ਤਾਂ ਉਸ ਨੇ ਆਪਣੀ ਮਾਂ ਦੀ ਲਾਸ਼ ਰੂਮ ਵਿੱਚ ਖ਼ੂਨ ਨਾਲ ਲੱਥਪੱਥ ਪਈ ਦੇਖੀ। ਮ੍ਰਿਤਕਾ ਦੇ ਸਰੀਰ ‘ਤੇ ਚਾਕੂਆਂ ਦੇ ਕਈ ਗੰਭੀਰ ਨਿਸ਼ਾਨ ਸਨ, ਜਿਸ ਨੂੰ ਦੇਖ ਕੇ ਪੁੱਤਰ ਦੇ ਹੋਸ਼ ਉੱਡ ਗਏ। ਮ੍ਰਿਤਕਾ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਆਸਟ੍ਰੇਲੀਆ ਗਏ ਹੋਏ ਸਨ। ਉਸ ਦੀ ਮਾਂ ਲਗਭਗ ਇੱਕ ਹਫ਼ਤਾ ਪਹਿਲਾਂ ਭਾਰਤ ਆਈ ਸੀ, ਜਦੋਂ ਕਿ ਉਸ ਦਾ ਪਿਤਾ ਰਵਿੰਦਰ ਸਿੰਘ ਦੋ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਉਨ੍ਹਾਂ ਦਾ ਛੋਟਾ ਪੁੱਤਰ ਫਿਲਹਾਲ ਆਸਟ੍ਰੇਲੀਆ ਵਿੱਚ ਹੀ ਰਹਿ ਰਿਹਾ ਹੈ।
ਪੁੱਤਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਦਾ ਪਿਤਾ ਹਮੇਸ਼ਾ ਹੀ ਮਾਂ ‘ਤੇ ਬਿਨਾਂ ਵਜ੍ਹਾ ਸ਼ੱਕ ਕਰਦਾ ਰਹਿੰਦਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਪਹਿਲਾਂ ਵੀ ਘਰ ਵਿੱਚ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਂ ਬੇਕਸੂਰ ਸੀ ਅਤੇ ਪਿਤਾ ਨੇ ਬਿਨਾਂ ਕਿਸੇ ਕਾਰਨ ਇਹ ਖ਼ੌਫ਼ਨਾਕ ਕਦਮ ਚੁੱਕਿਆ।
ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਟੀਮ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਕੇ ਤੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅੱਗੇ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।
















