ਵੱਡੀ ਖ਼ਬਰ: ਐਮਰਜੈਂਸੀ ’ਚ ਇਲਾਜ ਦੀ ਬਜਾਏ MLR ਦੀ ਕਾਰਵਾਈ ’ਤੇ ਅੜੇ ਰਹੇ ਡਾਕਟਰ! 5 ਘੰਟੇ ਹਸਪਤਾਲਾਂ ਦੇ ਚੱਕਰ ਕੱਟਣ ਮਗਰੋਂ ਜ਼ਖ਼ਮੀ ਕਾਰੋਬਾਰੀ ਦੀ ਮੌਤ
ਹਾਦਸੇ ’ਚ ਗੰਭੀਰ ਜ਼ਖ਼ਮੀ ਵਿਅਕਤੀ ਇਲਾਜ ਲਈ ਤੜਫਦਾ ਰਿਹਾ, ਡਾਕਟਰ ਐੱਮਐੱਲਆਰ ਦੀ ਉਡੀਕ ਕਰਦੇ ਰਹੇ; ਸਿਹਤ ਵਿਭਾਗ ਨੇ ਜਾਂਚ ਦੇ ਦਿੱਤੇ ਹੁਕਮ
ਪੰਜਾਬ ਨੈੱਟਵਰਕ
ਚੰਡੀਗੜ੍ਹ, 2 ਨਵੰਬਰ 2026- ਪੰਚਕੂਲਾ-ਸ਼ਿਮਲਾ ਨੈਸ਼ਨਲ ਹਾਈਵੇਅ ’ਤੇ ਐੱਚਐੱਮਟੀ ਗੇਟ ਨੇੜੇ ਸ਼ਨੀਵਾਰ ਨੂੰ ਵਾਪਰੇ ਸੜਕ ਹਾਦਸੇ ਤੋਂ ਬਾਅਦ ਸਿਹਤ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ 43 ਸਾਲਾ ਕਾਰੋਬਾਰੀ ਦੀ ਕਰੀਬ ਪੰਜ ਘੰਟਿਆਂ ਤੱਕ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਚੱਕਰ ਕੱਟਣ ਮਗਰੋਂ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਸੈਕਟਰ-6 ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਐੱਮਐੱਲਆਰ (ਮੈਡੀਕੋ ਲੀਗਲ ਰਿਪੋਰਟ) ਦਾ ਹਵਾਲਾ ਦੇ ਕੇ ਇਲਾਜ ਸ਼ੁਰੂ ਨਹੀਂ ਕੀਤਾ ਅਤੇ ਮਰੀਜ਼ ਨੂੰ ਕਾਲਕਾ ਭੇਜ ਦਿੱਤਾ।
ਮ੍ਰਿਤਕ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਪਿੰਡ ਚੱਕੂਲਦਾਨਾ, ਜ਼ਿਲ੍ਹਾ ਕੈਥਲ ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਸਮੇਤ ਪਿੰਜੌਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਦੇ ਪੁੱਤਰ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 10:15 ਵਜੇ ਉਸ ਦੇ ਪਿਤਾ ਐੱਚਐੱਮਟੀ ਪਿੰਜੌਰ ਗੇਟ ਨੇੜੇ ਸੜਕ ਕਿਨਾਰੇ ਟਰੈਕਟਰ-ਟਰਾਲੀ ਖੜ੍ਹੀ ਕਰਕੇ ਉਸ ਦਾ ਡਾਲਾ ਠੀਕ ਕਰ ਰਹੇ ਸਨ। ਇਸੇ ਦੌਰਾਨ ਅਮਰਾਵਤੀ ਵੱਲੋਂ ਆ ਰਹੀ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਪਿੱਛੇ ਤੋਂ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਕਾਰਨ ਸੁਰੇਸ਼ ਸੜਕ ਕਿਨਾਰੇ ਜਾ ਡਿੱਗੇ। ਉਨ੍ਹਾਂ ਦੇ ਸਿਰ ਅਤੇ ਛਾਤੀ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਇੱਕ ਲੱਤ ਵੀ ਟੁੱਟ ਗਈ। ਹਾਦਸੇ ਵਿੱਚ ਪਿਕਅੱਪ ਸਵਾਰ ਵਿਅਕਤੀ ਵੀ ਜ਼ਖ਼ਮੀ ਹੋਇਆ ਅਤੇ ਦੋਵੇਂ ਵਾਹਨ ਨੁਕਸਾਨੇ ਗਏ।
ਹਾਦਸੇ ਦੀ ਸੂਚਨਾ ਮਿਲਣ ’ਤੇ 112 ਦੀ ਟੀਮ ਮੌਕੇ ’ਤੇ ਪਹੁੰਚੀ। ਸਵੇਰੇ 10:26 ਵਜੇ ਸੈਕਟਰ-6 ਤੋਂ ਐਂਬੂਲੈਂਸ ਰਵਾਨਾ ਹੋਈ, ਪਰ ਉਦੋਂ ਤੱਕ ਪਰਿਵਾਰਕ ਮੈਂਬਰ ਸੁਰੇਸ਼ ਨੂੰ ਪਿੰਜੌਰ ਪੌਲੀਕਲੀਨਿਕ ਲੈ ਗਏ ਸਨ। ਉੱਥੇ ਮੁੱਢਲੀ ਸਹਾਇਤਾ ਦੇਣ ਮਗਰੋਂ ਸਵੇਰੇ 11:05 ਵਜੇ ਉਨ੍ਹਾਂ ਨੂੰ ਸੈਕਟਰ-6 ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪਰਿਵਾਰ ਮੁਤਾਬਕ ਸਵੇਰੇ ਕਰੀਬ 11:30 ਵਜੇ ਸੁਰੇਸ਼ ਨੂੰ ਸੈਕਟਰ-6 ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਮਾਈਨਰ ਆਪ੍ਰੇਸ਼ਨ ਥੀਏਟਰ ਵਿੱਚ ਲਿਜਾਣ ਤੋਂ ਬਾਅਦ ਐਮਰਜੈਂਸੀ ਡਾਕਟਰ ਨੇ ਐੱਮਐੱਲਆਰ ਦਾ ਹਵਾਲਾ ਦੇ ਕੇ ਇਲਾਜ ਰੋਕ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਡਾਕਟਰਾਂ ਨੇ ਕਿਹਾ ਕਿ ਇਹ ਪੁਲਿਸ ਕੇਸ ਹੈ, ਪਹਿਲਾਂ ਐੱਮਐੱਲਆਰ ਬਣਵਾਓ ਅਤੇ ਮਰੀਜ਼ ਨੂੰ ਕਾਲਕਾ ਲੈ ਜਾਓ।
22 ਸਾਲਾ ਪੁੱਤਰ ਮਨਦੀਪ ਆਪਣੇ ਪਿਤਾ ਦੇ ਇਲਾਜ ਲਈ ਡਾਕਟਰਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦਾ ਰਿਹਾ, ਪਰ ਉਸ ਦੀ ਗੱਲ ਨਹੀਂ ਸੁਣੀ ਗਈ। ਦੋਸ਼ ਹੈ ਕਿ ਸੁਰੇਸ਼ ਕਰੀਬ ਡੇਢ ਤੋਂ ਦੋ ਘੰਟੇ ਐਮਰਜੈਂਸੀ ਦੇ ਬਾਹਰ ਤੜਫਦੇ ਰਹੇ। ਇਸ ਤੋਂ ਬਾਅਦ ਮਨਦੀਪ ਨੂੰ ਮਜਬੂਰਨ ਨਿੱਜੀ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਲਗਭਗ 20 ਕਿਲੋਮੀਟਰ ਦੂਰ ਕਾਲਕਾ ਸਬ-ਡਿਵੀਜ਼ਨਲ ਹਸਪਤਾਲ ਲਿਜਾਣਾ ਪਿਆ।
ਮਨਦੀਪ ਅਨੁਸਾਰ ਰਸਤੇ ਵਿੱਚ ਵੀ ਉਸ ਦੇ ਪਿਤਾ ਗੱਲਬਾਤ ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਚੱਕਰ ਆ ਰਹੇ ਹਨ, ਪਾਣੀ ਪਿਲਾ ਦੇ ਅਤੇ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ। ਦੁਪਹਿਰ ਕਰੀਬ 2 ਵਜੇ ਕਾਲਕਾ ਲਈ ਰਵਾਨਾ ਹੋਏ ਅਤੇ 3 ਵਜੇ ਉੱਥੇ ਪਹੁੰਚੇ, ਪਰ ਉਦੋਂ ਤੱਕ ਉਨ੍ਹਾਂ ਦੀ ਹਾਲਤ ਕਾਫ਼ੀ ਵਿਗੜ ਚੁੱਕੀ ਸੀ। ਕਾਲਕਾ ਹਸਪਤਾਲ ਵਿੱਚ ਪੁੱਤਰ ਦੀਆਂ ਅੱਖਾਂ ਸਾਹਮਣੇ ਸੁਰੇਸ਼ ਨੇ ਦਮ ਤੋੜ ਦਿੱਤਾ।
ਨਿਯਮਾਂ ਮੁਤਾਬਕ ਪਹਿਲਾਂ ਜ਼ਰੂਰੀ ਇਲਾਜ ਦੇਣਾ ਲਾਜ਼ਮੀ
ਸਿਹਤ ਸਬੰਧੀ ਨਿਯਮਾਂ ਅਨੁਸਾਰ ਸੜਕ ਹਾਦਸੇ ਜਾਂ ਗੰਭੀਰ ਐਮਰਜੈਂਸੀ ਦੀ ਸਥਿਤੀ ਵਿੱਚ ਮਰੀਜ਼ ਨੂੰ ਸਭ ਤੋਂ ਪਹਿਲਾਂ ਤੁਰੰਤ ਇਲਾਜ ਦੇ ਕੇ ਉਸ ਦੀ ਹਾਲਤ ਸਥਿਰ ਕਰਨੀ ਚਾਹੀਦੀ ਹੈ। ਐੱਮਐੱਲਆਰ ਸਮੇਤ ਲੋੜੀਂਦੀ ਕਾਗਜ਼ੀ ਕਾਰਵਾਈ ਇਲਾਜ ਤੋਂ ਬਾਅਦ ਜਾਂ ਇਸ ਦੇ ਨਾਲ-ਨਾਲ ਕੀਤੀ ਜਾ ਸਕਦੀ ਹੈ। ਸੈਕਟਰ-6 ਹਸਪਤਾਲ ਵਿੱਚ ਹੀ ਐੱਮਐੱਲਆਰ ਬਣਾਉਣ ਦੀ ਸਹੂਲਤ ਹੋਣ ਦੇ ਬਾਵਜੂਦ ਮਰੀਜ਼ ਨੂੰ ਕਾਲਕਾ ਭੇਜਣ ਦੇ ਮਾਮਲੇ ਨੇ ਕਈ ਸਵਾਲ ਖੜ੍ਹੇ ਕੀਤੇ ਹਨ।
ਸੈਕਟਰ-6 ਜਨਰਲ ਹਸਪਤਾਲ ਦੇ ਪੀਐੱਮਓ ਡਾ. ਆਰ.ਐੱਸ. ਚੌਹਾਨ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਨੇ ਐਮਰਜੈਂਸੀ ਇੰਚਾਰਜ ਅਤੇ ਹੋਰ ਡਾਕਟਰਾਂ ਤੋਂ ਜਾਣਕਾਰੀ ਲਈ ਹੈ। ਮਰੀਜ਼ ਨੂੰ ਐੱਮਐੱਲਆਰ ਲਈ ਕਾਲਕਾ ਕਿਉਂ ਭੇਜਿਆ ਗਿਆ, ਇਸ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਕਮੇਟੀ ਬਣਾ ਕੇ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ। ਐਮਰਜੈਂਸੀ ਵਿੱਚ ਮਰੀਜ਼ ਨੂੰ ਦੇਖਣ ਵਾਲੇ ਡਾਕਟਰ ਅਤੇ ਉਸ ਸਮੇਂ ਡਿਊਟੀ ’ਤੇ ਤਾਇਨਾਤ ਸਟਾਫ਼ ਤੋਂ ਲਿਖਤੀ ਜਵਾਬ ਮੰਗਿਆ ਗਿਆ ਹੈ। ਹਸਪਤਾਲ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
















