AAP ਪੰਜਾਬ ਨੂੰ ਵੱਡਾ ਝਟਕਾ! ਕਈ ਆਗੂ ਕਾਂਗਰਸ ‘ਚ ਸ਼ਾਮਲ
ਖੰਨਾ, 02 ਨਵੰਬਰ 2026- ਵਿਧਾਨ ਸਭਾ ਹਲਕਾ ਖੰਨਾ ਅੰਦਰ ਆਮ ਆਦਮੀ ਪਾਰਟੀ ਦੀਆਂ ਸਿਆਸੀ ਜੜ੍ਹਾਂ ਨੂੰ ਉਸ ਵੇਲੇ ਭਾਰੀ ਧੱਕਾ ਲੱਗਾ, ਜਦੋਂ ਪਿੰਡ ਰਹੌਣ ਵਿਖੇ ਵਾਰਡ ਨੰਬਰ-1 ਨਾਲ ਸਬੰਧਤ ਦਰਜਨਾਂ ਸਰਗਰਮ ਆਗੂਆਂ, ਉਤਸ਼ਾਹੀ ਨੌਜਵਾਨਾਂ ਅਤੇ ਇਲਾਕੇ ਦੇ ਪੂਰਨ ਰਸੂਖ਼ਵਾਲੇ ਪਰਿਵਾਰਾਂ ਨੇ ‘ਆਪ’ ਦੀਆਂ ਲੋਕ-ਵਿਰੋਧੀ ਨੀਤੀਆਂ ਅਤੇ ਲਾਰੇਬਾਜ਼ੀ ਦੀ ਰਾਜਨੀਤੀ ਤੋਂ ਅੱਕ ਕੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਰਕੀਰਤ ਸਿੰਘ ਕੋਟਲੀ ਦੀ ਸੁਚੱਜੀ ਅਗਵਾਈ ਅਤੇ ਲੋਕ-ਹਿਤੈਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਸਾਰੇ ਸਾਥੀਆਂ ਨੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕੀਤਾ। ਇਸ ਦੌਰਾਨ ਆਯੋਜਿਤ ਵਿਸ਼ੇਸ਼ ਸਮਾਗਮ ਵਿੱਚ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਆਗੂਆਂ, ਵਰਕਰਾਂ ਅਤੇ ਪਰਿਵਾਰਾਂ ਦਾ ਧਾਰਮਿਕ ਮਰਿਆਦਾ ਅਨੁਸਾਰ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨਵੇਂ ਸ਼ਾਮਲ ਹੋਏ ਆਗੂਆਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਉਨ੍ਹਾਂ ਦੇ ਮਾਣ-ਸਤਿਕਾਰ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਬਣਦੀਆਂ ਢੁਕਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।
ਇਸ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੇ ਮੌਜੂਦਾ ਸਰਕਾਰ ‘ਤੇ ਤਿੱਖੇ ਸਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਸੁਪਨੇ ਦਿਖਾ ਕੇ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਹਰ ਮੋਰਚੇ ‘ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਚੁੱਕੀ ਹੈ। ਸੂਬੇ ਦਾ ਹਰੇਕ ਵਰਗ ਚਾਹੇ ਉਹ ਅੰਨਦਾਤਾ ਕਿਸਾਨ ਹੋਵੇ, ਮਜ਼ਦੂਰ ਹੋਵੇ, ਛੋਟਾ-ਵੱਡਾ ਦੁਕਾਨਦਾਰ ਹੋਵੇ ਜਾਂ ਫਿਰ ਭਵਿੱਖ ਦੀ ਤਲਾਸ਼ ਕਰ ਰਿਹਾ ਨੌਜਵਾਨ ਹੋਵੇ, ਅੱਜ ਹਰ ਕੋਈ ਆਪਣੇ ਆਪ ਨੂੰ ਠੱਗਿਆ ਹੋਇਆ ਅਤੇ ਬੇਵੱਸ ਮਹਿਸੂਸ ਕਰ ਰਿਹਾ ਹੈ।
ਸ. ਕੋਟਲੀ ਨੇ ਅੱਗੇ ਬੋਲਦਿਆਂ ਕਿਹਾ ਕਿ ਮੌਜੂਦਾ ਸ਼ਾਸਨਕਾਲ ਦੌਰਾਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋਣ ਕਰਕੇ ਆਮ ਜਨਤਾ ਭੈਅ ਦੇ ਮਾਹੌਲ ਵਿੱਚ ਜੀਅ ਰਹੀ ਹੈ। ਦੂਜੇ ਪਾਸੇ, ਵਿਕਾਸ ਦੇ ਕਾਰਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ ਅਤੇ ਚੋਣਾਂ ਵੇਲੇ ਕੀਤੇ ਗਏ ਵੱਡੇ-ਵੱਡੇ ਦਾਅਵੇ ਹਵਾ ਵਿੱਚ ਉੱਡ ਗਏ ਹਨ।
ਉਨ੍ਹਾਂ ਪੂਰੇ ਵਿਸ਼ਵਾਸ ਨਾਲ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਅਸਲੀ ਵਿਕਾਸ, ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਅਤੇ ਸੂਬੇ ਦੀ ਆਰਥਿਕ ਸਮਰੱਥਾ ਤੇ ਖੁਸ਼ਹਾਲੀ ਨੂੰ ਮੁੜ ਲੀਹਾਂ ‘ਤੇ ਲਿਆਉਣਾ ਸਿਰਫ਼ ਅਤੇ ਸਿਰਫ਼ ਕਾਂਗਰਸ ਪਾਰਟੀ ਦੀ ਸੋਚ ਅਤੇ ਅਗਵਾਈ ਹੇਠ ਹੀ ਸੰਭਵ ਹੈ। ਜ਼ਮੀਨੀ ਪੱਧਰ ‘ਤੇ ਆਮ ਲੋਕਾਂ ਦਾ ਮੁੜ ਕਾਂਗਰਸ ਪਾਰਟੀ ਵੱਲ ਵਧ ਰਿਹਾ ਇਹ ਵਿਸ਼ਵਾਸ ਅਤੇ ਲਗਾਓ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਕਾਂਗਰਸ ਪਾਰਟੀ ਦਾ ਹੀ ਹੈ।
ਇਸ ਸਮਾਗਮ ਦੌਰਾਨ ਹਲਕੇ ਦੇ ਹੋਰ ਵੀ ਕਈ ਪ੍ਰਮੁੱਖ ਅਤੇ ਸੀਨੀਅਰ ਕਾਂਗਰਸੀ ਆਗੂ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਸਮੂਹ ਆਗੂਆਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਸਾਥੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਭਵਿੱਖ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸਮੁੱਚੇ ਇਲਾਕੇ ਵਿੱਚ ਕਾਂਗਰਸੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
















