ਵੱਡੀ ਖ਼ਬਰ: ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ 95 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ!
ਅਮਰੀਕਾ ਵਿੱਚ ਵੱਡੀ ਕਾਰਵਾਈ: ਮਿਸ਼ੀਗਨ ਪੁਲਿਸ ਵੱਲੋਂ ਟਰੱਕ ਵਿੱਚੋਂ 93 ਕਿਲੋ ਕੋਕੀਨ ਬਰਾਮਦ, ਕੈਨੇਡਾ ਜਾ ਰਿਹਾ ਸੀ ਨਸ਼ੇ ਦਾ ਵੱਡਾ ਜ਼ਖੀਰਾ
ਪੰਜਾਬ ਨੈੱਟਵਰਕ, ਨਿਊਯਾਰਕ:
ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮਿਸ਼ੀਗਨ ਪੁਲਿਸ ਨੇ ਟੈਕਸਸ ਤੋਂ ਕੈਨੇਡਾ ਦੇ ਓਂਟਾਰੀਓ ਵੱਲ ਜਾ ਰਹੇ ਇੱਕ ਟਰੱਕ ਨੂੰ ਰੋਕ ਕੇ ਉਸ ਵਿੱਚੋਂ 93 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਜ਼ਖੀਰੇ ਦੀ ਕੀਮਤ ਘੱਟੋ-ਘੱਟ 18 ਲੱਖ 60 ਹਜ਼ਾਰ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਸ ਗੰਭੀਰ ਮਾਮਲੇ ਵਿੱਚ ਪੰਜਾਬੀ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸੰਘੀ ਅਦਾਲਤ ਵਿੱਚ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟਰੱਕ ਕੈਨੇਡਾ ਵੱਲ ਜਾ ਰਿਹਾ ਸੀ। ਪੁਲਿਸ ਨੇ ਇਸ ਵਾਹਨ ਨੂੰ ਬਲੂ ਵਾਟਰ ਪੁਲ ਤੋਂ ਕਰੀਬ ਸਾਢੇ ਅੱਠ ਮੀਲ ਪਹਿਲਾਂ ਸੇਂਟ ਕਲੇਅਰ ਕਾਊਂਟੀ ਦੇ ਕਿੰਬਲ ਟਾਊਨਸ਼ਿਪ ਵਿੱਚ ਚੈਕਿੰਗ ਲਈ ਰੋਕਿਆ ਸੀ। ਅਦਾਲਤੀ ਦਸਤਾਵੇਜ਼ਾਂ ਤੋਂ ਮਿਲੇ ਵੇਰਵਿਆਂ ਮੁਤਾਬਕ ਟਰੱਕ ਨੂੰ ਮੁੱਢਲੇ ਤੌਰ ਉੱਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਰੋਕਿਆ ਗਿਆ ਸੀ। ਇਸ ਟਰੱਕ ਅਤੇ ਇਸ ਨਾਲ ਜੁੜੇ ਟਰੇਲਰ ਉੱਤੇ ਓਂਟਾਰੀਓ ਦੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ ਅਤੇ ਚਾਲਕ ਇਸ ਵਿੱਚ ਇਕੱਲਾ ਹੀ ਸਵਾਰ ਸੀ। ਟਰੱਕ ਦੇ ਸ਼ਿਪਮੈਂਟ ਕਾਗਜ਼ਾਂ ਵਿੱਚ ਇਹ ਦਰਜ ਸੀ ਕਿ ਮਾਲ ਟੈਕਸਸ ਦੇ ਲਰੇਡੋ ਤੋਂ ਬੈਲਵਿਲ ਲਈ ਲਿਜਾਇਆ ਜਾ ਰਿਹਾ ਹੈ।
ਚੈਕਿੰਗ ਦੌਰਾਨ ਜਦੋਂ ਮਾਮਲਾ ਸ਼ੱਕੀ ਲੱਗਿਆ ਤਾਂ ਪੁਲਿਸ ਨੇ ਨਸ਼ਾ ਸੁੰਘਣ ਵਾਲੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੁੱਤੇ ਦੀ ਮਦਦ ਲਈ। ਕੁੱਤੇ ਨੇ ਟਰੇਲਰ ਦੇ ਪਿਛਲੇ ਹਿੱਸੇ ਵੱਲ ਇਸ਼ਾਰਾ ਕਰਦਿਆਂ ਨਸ਼ੇ ਦੀ ਮੌਜੂਦਗੀ ਦਾ ਸੰਕੇਤ ਦਿੱਤਾ। ਇਸ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਉਨ੍ਹਾਂ ਦੇ ਸਾਹਮਣੇ ਕਈ ਬੇਨਿਯਮੀਆਂ ਆਈਆਂ। ਟਰੇਲਰ ਦੇ ਦਰਵਾਜ਼ੇ ਉੱਤੇ ਲੱਗੀ ਹੋਈ ਪੀਲੀ ਸੀਲ ਦਾ ਨੰਬਰ ਵੀ ਸ਼ਿਪਮੈਂਟ ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾ ਰਿਹਾ ਸੀ। ਅਧਿਕਾਰੀਆਂ ਨੇ ਜਦੋਂ ਸਖ਼ਤੀ ਨਾਲ ਟਰੇਲਰ ਨੂੰ ਖੋਲ੍ਹ ਕੇ ਵਾਧੂ ਤਲਾਸ਼ੀ ਲਈ ਤਾਂ ਅਸਲ ਮਾਲ ਦੇ ਨਾਲ ਰੱਖੇ ਹੋਏ ਚਾਰ ਵਾਧੂ ਬੈਗ ਮਿਲੇ।
ਇਹਨਾਂ ਬੈਗਾਂ ਦੀ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਚਿੱਟੇ ਪਾਊਡਰ ਨਾਲ ਲਪੇਟੇ ਹੋਏ ਵੱਡੀ ਗਿਣਤੀ ਵਿੱਚ ਪੈਕੇਟ ਬਰਾਮਦ ਹੋਏ। ਮੌਕੇ ਉੱਤੇ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਇਨ੍ਹਾਂ ਪੈਕੇਟਾਂ ਵਿੱਚ ਕੋਕੀਨ ਹੋਣ ਦੀ ਪੁਸ਼ਟੀ ਹੋ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਸਪਲਾਈ ਕੀਤੀ ਜਾਣ ਵਾਲੀ ਇਹ ਖੇਪ ਤਸਕਰੀ ਦਾ ਇੱਕ ਵੱਡਾ ਹਿੱਸਾ ਸੀ ਜਿਸ ਨੂੰ ਕਾਫ਼ੀ ਚਲਾਕੀ ਨਾਲ ਲੁਕਾਇਆ ਗਿਆ ਸੀ।
ਕਾਨੂੰਨੀ ਮਾਹਿਰਾਂ ਅਨੁਸਾਰ ਅਮਰੀਕੀ ਕਾਨੂੰਨ ਤਹਿਤ ਨਸ਼ਾ ਤਸਕਰੀ ਦੇ ਇਹ ਦੋਸ਼ ਬਹੁਤ ਗੰਭੀਰ ਸ਼੍ਰੇਣੀ ਵਿੱਚ ਆਉਂਦੇ ਹਨ। ਜੇਕਰ ਅਦਾਲਤ ਵਿੱਚ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਪੰਜਾਬੀ ਟਰੱਕ ਚਾਲਕ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਮਾਮਲੇ ਦੀ ਅੱਗੇ ਦੀ ਜਾਂਚ ਸੰਘੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਤੱਕ ਵੀ ਪਹੁੰਚਿਆ ਜਾ ਸਕੇ।
















