ਦਿਵਾਲੀ ਅਤੇ ਵਿਆਹ ਸਮਾਗਮ ਲਈ ਸਿੰਗਾਪੁਰ ਤੋਂ ਭਾਰਤ ਆਏ ਪਰਮਜੀਤ ਧਨਖੜ ਦਾ ਗੁਆਂਢੀ ਵਲੋਂ ਕਤਲ, ਦੋਸ਼ੀ ਬੱਲਭਗੜ੍ਹ ਤੋਂ ਗ੍ਰਿਫ਼ਤਾਰ
ਫਰੀਦਾਬਾਦ ਸ਼ੂਟਆਊਟ: ਲਾਇਸੰਸੀ ਪਿਸਤੌਲ ਨਾਲ ਗੁਆਂਢੀ ਨੇ NRI ‘ਤੇ ਤਾੜ-ਤਾੜ ਚਲਾਈਆਂ ਗੋਲੀਆਂ, ਮੌਕੇ ‘ਤੇ ਹੀ ਹੋਈ ਮੌਤ
ਫਰੀਦਾਬਾਦ 7 ਨਵੰਬਰ 2026- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਸੈਕਟਰ 21-ਸੀ ਤੋਂ ਇੱਕ ਅਤਿਅੰਤ ਦੁਖਦਾਈ ਅਤੇ ਦਿਲ-ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਗੱਡੀ ਦੀ ਪਾਰਕਿੰਗ ਅਤੇ ਪਾਲਤੂ ਕੁੱਤੇ ਨੂੰ ਲੈ ਕੇ ਹੋਏ ਇੱਕ ਮਾਮੂਲੀ ਵਿਵਾਦ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਇੱਕ ਗੁਆਂਢੀ ਨੇ ਟੈਕ ਮਹਿਦਰਾ ਦੇ Ex ਰੀਜਨਲ ਬਿਜ਼ਨਸ ਹੈੱਡ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਧਨਖੜ ਵਜੋਂ ਹੋਈ ਹੈ, ਜੋ ਕਿ ਇੱਕ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਸਿੰਗਾਪੁਰ ਤੋਂ ਭਾਰਤ ਆਏ ਸਨ। ਇਸ ਖੂਨੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮੋਹਨ ਸ਼ਰਮਾ ਆਪਣੇ ਪੂਰੇ ਪਰਿਵਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ, ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਬੱਲਭਗੜ੍ਹ ਇਲਾਕੇ ਤੋਂ ਹਿਰਾਸਤ ਵਿੱਚ ਲੈ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪਰਮਜੀਤ ਧਨਖੜ ਅਤੇ ਦੋਸ਼ੀ ਮੋਹਨ ਸ਼ਰਮਾ ਸੈਕਟਰ 21-ਸੀ ਦੀ ਇੱਕ ਹੀ ਇਮਾਰਤ ਵਿੱਚ ਰਹਿੰਦੇ ਸਨ। ਧਨਖੜ ਦਾ ਪਰਿਵਾਰ ਹੇਠਲੀ ਮੰਜਿਲ (ਗਰਾਊਂਡ ਫਲੋਰ) ‘ਤੇ ਰਹਿੰਦਾ ਸੀ, ਜਦੋਂ ਕਿ ਦੋਸ਼ੀ ਮੋਹਨ ਸ਼ਰਮਾ ਦਾ ਪਰਿਵਾਰ ਦੂਜੀ ਮੰਜਿਲ ‘ਤੇ ਰਹਿੰਦਾ ਹੈ। ਇਨ੍ਹਾਂ ਦੋਹਾਂ ਪਰਿਵਾਰਾਂ ਵਿਚਕਾਰ ਪਾਰਕਿੰਗ ਖੇਤਰ ਵਿੱਚ ਦੋਸ਼ੀ ਦੇ ਪਾਲਤੂ ਕੁੱਤੇ ਦੁਆਰਾ ਗੰਦਗੀ ਫੈਲਾਉਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਣਾਅ ਚੱਲ ਰਿਹਾ ਸੀ। ਪਰਮਜੀਤ ਧਨਖੜ ਦੇ ਪਰਿਵਾਰ ਨੇ ਇਸ ਗੰਦਗੀ ‘ਤੇ ਵਾਰ-ਵਾਰ ਇਤਰਾਜ਼ ਜਤਾਇਆ ਸੀ, ਜਿਸ ਦੇ ਚਲਦਿਆਂ ਇਸ ਘਟਨਾ ਤੋਂ ਚਾਰ-ਪੰਜ ਦਿਨ ਪਹਿਲਾਂ ਵੀ ਦੋਹਾਂ ਧਿਰਾਂ ਵਿਚਕਾਰ ਕਾਫ਼ੀ ਤਿੱਖੀ ਬਹਿਸਬਾਜ਼ੀ ਹੋਈ ਸੀ।
ਫਰੀਦਾਬਾਦ ਪੁਲਿਸ ਤੋਂ ਮਿਲੀ ਅਧਿਕਾਰਤ ਜਾਣਕਾਰੀ ਮੁਤਾਬਕ, ਪਰਮਜੀਤ ਧਨਖੜ ਅਤੇ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਮੋਹਨ ਅਲਿਆਸ ਮੋਨੂ ਸ਼ਰਮਾ ਵਿਚਕਾਰ ਗੱਡੀ ਪਾਰਕ ਕਰਨ ਦੇ ਮੁੱਦੇ ‘ਤੇ ਝਗੜਾ ਸ਼ੁਰੂ ਹੋਇਆ ਸੀ। ਵੇਖਦਿਆਂ ਹੀ ਵੇਖਦਿਆਂ ਇਹ ਮਾਮੂਲੀ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਦੋਸ਼ੀ ਮੋਹਨ ਸ਼ਰਮਾ ਨੇ ਆਪਣਾ ਆਪਾ ਗੁਆ ਦਿੱਤਾ। ਉਹ ਤੁਰੰਤ ਆਪਣੇ ਘਰ ਦੇ ਅੰਦਰੋਂ ਆਪਣੀ ਲਾਇਸੰਸੀ ਪਿਸਤੌਲ ਕੱਢ ਕੇ ਲਿਆਇਆ ਅਤੇ ਉਸ ਨੇ ਪਰਮਜੀਤ ਧਨਖੜ ‘ਤੇ ਅੰਨ੍ਹੇਵਾਹ 15 ਤੋਂ 16 ਰੌਂਦ ਫਾਇਰ ਕਰ ਦਿੱਤੇ।
ਦੋਸ਼ੀ ਦੁਆਰਾ ਚਲਾਈਆਂ ਗਈਆਂ ਗੋਲੀਆਂ ਵਿੱਚੋਂ ਲਗਭਗ 8 ਤੋਂ 9 ਗੋਲੀਆਂ ਸਿੱਧੀਆਂ ਪਰਮਜੀਤ ਨੂੰ ਲੱਗੀਆਂ। ਗੋਲੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ ਅਤੇ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਖੂਨ ਨਾਲ ਲੱਤ-ਪੱਤ ਪਰਮਜੀਤ ਧਨਖੜ ਜ਼ਮੀਨ ‘ਤੇ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋਣ ਕਾਰਨ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਮ੍ਰਿਤਕ ਪਰਮਜੀਤ ਧਨਖੜ ਪਿਛਲੇ ਲੰਮੇ ਸਮੇਂ ਤੋਂ ਸਿੰਗਾਪੁਰ ਵਿੱਚ ਰਹਿ ਰਹੇ ਸਨ ਅਤੇ ਉੱਥੇ ਇੱਕ ਪ੍ਰਮੁੱਖ ਸਾਫਟਵੇਅਰ ਕੰਪਨੀ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ‘ਤੇ ਤਾਇਨਾਤ ਸਨ। ਉਹ 5 ਨਵੰਬਰ ਨੂੰ ਹੀ ਆਪਣੇ ਪਰਿਵਾਰ ਨਾਲ ਦਿਵਾਲੀ ਦਾ ਤਿਉਹਾਰ ਮਨਾਉਣ ਲਈ ਭਾਰਤ ਪਹੁੰਚੇ ਸਨ ਅਤੇ ਉਨ੍ਹਾਂ ਨੇ 24 ਨਵੰਬਰ ਨੂੰ ਆਪਣੇ ਭਤੀਜੇ ਦੇ ਵਿਆਹ ਸਮਾਗਮ ਵਿੱਚ ਵੀ ਸ਼ਿਰਕਤ ਕਰਨੀ ਸੀ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਬੇਟੇ ਸ਼ੌਰਿਆ ਧਨਖੜ ਦੀ ਸ਼ਿਕਾਇਤ ‘ਤੇ ਸੂਰਜਕੁੰਡ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103(1) (ਕਤਲ) ਅਤੇ ਅਸਲਾ ਐਕਟ (ਆਰਮਜ਼ ਐਕਟ) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਰੀਦਾਬਾਦ ਦੇ ਏ.ਸੀ.ਪੀ. (ਕ੍ਰਾਈਮ) ਵਰੁਣ ਕੁਮਾਰ ਦਹੀਆ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਵਾਰਦਾਤ ਵਿੱਚ ਵਰਤਿਆ ਹਥਿਆਰ ਅਤੇ ਹੋਰ ਜਾਣਕਾਰੀ ਬਰਾਮਦ ਕੀਤੀ ਜਾ ਸਕੇ।
















