Join WhatsApp

Join Now

Great News: ਡਾ. ਸਰਦਾਰਾ ਸਿੰਘ ਜੌਹਲ ਨੂੰ ਮਿਲੇਗਾ ਪੰਜਾਬ ਰਤਨ ਐਵਾਰਡ

On: November 16, 2026 11:25 AM

 

Great News: ਪੰਜਾਬੀ ਭਵਨ ਲੁਧਿਆਣਾ ਵਿਖੇ 21 ਤੋਂ 24 ਨਵੰਬਰ ਤੱਕ ਲੱਗੇਗਾ ਤੀਜਾ ਸਾਲਾਨਾ ਪੁਸਤਕ ਮੇਲਾ, Dr. Sardara Singh Johl ਨੂੰ ਮਿਲੇਗਾ ‘ਪੰਜਾਬ ਰਤਨ ਸਨਮਾਨ’

ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਸਮਰਪਿਤ ਹੋਵੇਗਾ ਲੁਧਿਆਣਾ ਦਾ ਚਾਰ ਰੋਜ਼ਾ ਸਾਹਿਤ ਉਤਸਵ-2026, ਕਈ ਨਾਮਵਰ ਲੇਖਕ ਅਤੇ ਬੁੱਧੀਜੀਵੀ ਕਰਨਗੇ ਸ਼ਿਰਕਤ

ਪੁਸਤਕ ਪ੍ਰੇਮੀਆਂ ਲਈ ਵੱਡੀ ਖ਼ੁਸ਼ਖ਼ਬਰੀ: ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਚਾਰ ਦਿਨਾਂ ਸਾਹਿਤਕ ਸਮਾਗਮਾਂ ਦੀ ਰੂਪ-ਰੇਖਾ ਜਾਰੀ

ਲੁਧਿਆਣਾ, 16 ਨਵੰਬਰ 2026- ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਆਪਣਾ ਤੀਜਾ ਸਾਲਾਨਾ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ-2026 ਸਥਾਨਕ ਪੰਜਾਬੀ ਭਵਨ ਵਿਖੇ 21 ਤੋਂ 24 ਨਵੰਬਰ ਤੱਕ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਦਾ ਸਮੁੱਚਾ ਸਮਾਗਮ ਮਹਾਨ ਵਿਦਵਾਨ ਸਵਰਗੀ ਡਾ. ਰਤਨ ਸਿੰਘ ਜੱਗੀ ਦੀਆਂ ਸਾਹਿਤਕ ਸੇਵਾਵਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ ਰਤਨ ਸਨਮਾਨ’ ਉੱਘੇ ਅਰਥ-ਸ਼ਾਸਤਰੀ ਅਤੇ ਵਿਦਵਾਨ ਡਾ. ਸਰਦਾਰਾ ਸਿੰਘ ਜੌਹਲ (Dr. Sardara Singh Johl) ਨੂੰ ਭੇਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਇਸ ਉਤਸਵ ਦੇ ਮੁੱਖ ਪ੍ਰਬੰਧਕ ਡਾ. ਪਾਲ ਕੌਰ ਨੇ ਸਮਾਗਮਾਂ ਦੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਨਵੰਬਰ ਨੂੰ ਉਦਘਾਟਨੀ ਸਮਾਗਮ ਸਵੇਰੇ 10 ਵਜੇ ਆਰੰਭ ਹੋਵੇਗਾ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ਼ਿਰਕਤ ਕਰਨਗੇ, ਜਦਕਿ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਪੁਸਤਕ ਮੇਲੇ ਦਾ ਰਸਮੀ ਉਦਘਾਟਨ ਕਰਨਗੇ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਡਾ. ਸਰਬਜੀਤ ਸਿੰਘ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨਗੇ। ਉਪਰੰਤ ‘ਆਓ ਪੁਸਤਕਾਂ ਪੜ੍ਹੀਏ’ ਵਿਸ਼ੇ ’ਤੇ ਵਿਸ਼ੇਸ਼ ਵਿਚਾਰ-ਚਰਚਾ ਹੋਵੇਗੀ, ਜਿਸ ਵਿੱਚ ਪ੍ਰੋ. ਕਿਰਪਾਲ ਕਜ਼ਾਕ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਸੈਸ਼ਨ ਦੇ ਪ੍ਰਬੰਧਕ ਡਾ. ਹਰੀ ਸਿੰਘ ਜਾਚਕ ਹੋਣਗੇ ਅਤੇ ਧੰਨਵਾਦ ਦੇ ਸ਼ਬਦ ਡਾ. ਪਾਲ ਕੌਰ ਕਹਿਣਗੇ। ਦੁਪਹਿਰ ਵੇਲੇ ਸਾਹਿਤਕ ‘ਰੂ-ਬ-ਰੂ’ ਪ੍ਰੋਗਰਾਮ ਹੋਵੇਗਾ, ਜਿਸ ਦਾ ਸੰਚਾਲਨ ਡਾ. ਗੁਰਇਕਬਾਲ ਸਿੰਘ ਕਰਨਗੇ। ਪਹਿਲੇ ਦਿਨ ਦੀ ਸ਼ਾਮ ਨੂੰ 4 ਵਜੇ ਰੰਗਮੰਚ ਰੰਗਨਗਰੀ ਵੱਲੋਂ ਡਾ. ਸਵਰਾਜਬੀਰ ਦਾ ਲਿਖਿਆ ਪ੍ਰਸਿੱਧ ਨਾਟਕ ‘ਸਕੈਲਪਲ’ ਖੇਡਿਆ ਜਾਵੇਗਾ।

ਸਾਹਿਤ ਉਤਸਵ ਦੇ ਦੂਜੇ ਦਿਨ 22 ਨਵੰਬਰ ਨੂੰ ਸਵੇਰੇ 10 ਵਜੇ ‘ਨਵੀਂ ਪੀੜ੍ਹੀ ਦੀਆਂ ਕੁੜੀਆਂ ਦਾ ਪਿੱਤਰ ਸੱਤਾ ਨਾਲ ਦਸਤ-ਪੰਜਾ’ ਵਿਸ਼ੇ ’ਤੇ ਗੰਭੀਰ ਵਿਚਾਰ-ਚਰਚਾ ਕਰਵਾਈ ਜਾਵੇਗੀ। ਇਸ ਬਹਿਸ ਵਿੱਚ ਡਾ. ਕੰਵਲਜੀਤ ਢਿੱਲੋਂ, ਡਾ. ਜਗਦੀਸ਼ ਕੌਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਡਾ. ਕੁਲਦੀਪ ਕੌਰ ਆਪਣੇ ਵਿਚਾਰ ਰੱਖਣਗੇ। ਇਸ ਤੋਂ ਬਾਅਦ ਹੋਣ ਵਾਲੇ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰਾ ਡਾ. ਵਨੀਤਾ ਕਰਨਗੇ। ਇਸ ਸੈਸ਼ਨ ਦੇ ਪ੍ਰਬੰਧਕ ਡਾ. ਸਿਮਰਜੀਤ ਕੌਰ ਗਿੱਲ ਹੋਣਗੇ, ਮੰਚ ਸੰਚਾਲਨ ਡਾ. ਅਰਵਿੰਦਰ ਕੌਰ ਕਾਕੜਾ ਕਰਨਗੇ ਅਤੇ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਵੱਲੋਂ ਕੀਤਾ ਜਾਵੇਗਾ। ਦੁਪਹਿਰ ਦੇ ਸੈਸ਼ਨ ਵਿੱਚ ਡਾ. ਵਨੀਤਾ ਨਾਲ ‘ਰੂ-ਬ-ਰੂ’ ਹੋਵੇਗਾ, ਜਿਸ ਦੇ ਸੰਚਾਲਕ ਡਾ. ਗੁਰਇਕਬਾਲ ਸਿੰਘ ਹੋਣਗੇ।

ਅਕਾਦਮੀ ਦੇ ਸਰਗਰਮੀਆਂ ਸਕੱਤਰ ਡਾ. ਹਰੀ ਸਿੰਘ ਜਾਚਕ, ਦਫ਼ਤਰ ਸਕੱਤਰ ਕੇ. ਸਾਧੂ ਸਿੰਘ ਅਤੇ ਭਵਨ ਪ੍ਰਬੰਧਕ ਸਕੱਤਰ ਪ੍ਰਭਜੋਤ ਸੋਹੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਤੀਜੇ ਦਿਨ 23 ਨਵੰਬਰ ਨੂੰ ਸਵੇਰੇ 10 ਵਜੇ ਦਾ ਪਹਿਲਾ ਸੈਸ਼ਨ ‘ਆਦਿ ਧਰਮ ਮੰਡਲ ਲਹਿਰ’ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ‘ਆਦਿ ਧਰਮ ਮੰਡਲ ਅਤੇ ਸਮਕਾਲੀ ਰਾਜਨੀਤੀ’ ਵਿਸ਼ੇ ’ਤੇ ਡਾ. ਜਸਵੰਤ ਰਾਏ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ। ਇਸ ਤੋਂ ਬਾਅਦ ਵਿਸ਼ਾਲ ਕਵੀ ਦਰਬਾਰ ਹੋਵੇਗਾ, ਜਿਸ ਦੀ ਪ੍ਰਧਾਨਗੀ ਗੁਰਤੇਜ ਕੁਹਾਰਵਾਲਾ ਕਰਨਗੇ।

ਉਤਸਵ ਦੇ ਅਖ਼ੀਰਲੇ ਦਿਨ 24 ਨਵੰਬਰ ਨੂੰ ਸਵੇਰੇ 10 ਵਜੇ ‘ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਸਨਮਾਨ ਸਮਾਗਮ’ ਕਰਵਾਇਆ ਜਾਵੇਗਾ। ਇਸ ਸਮਾਗਮ ਦੌਰਾਨ ਡਾ. ਸਰਦਾਰਾ ਸਿੰਘ ਜੌਹਲ ਨੂੰ ‘ਪੰਜਾਬ ਰਤਨ ਸਨਮਾਨ’ ਨਾਲ ਨਿਵਾਜਿਆ ਜਾਵੇਗਾ ਅਤੇ ਡਾ. ਗੁਰਮੇਲ ਸਿੰਘ ਵੱਲੋਂ ਯਾਦਗਾਰੀ ਭਾਸ਼ਣ ਦਿੱਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ/ਡਾ. ਹਰਵਿੰਦਰ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

 

Leave a Comment