Apple Outage: Apple ਦੀਆਂ ਆਨਲਾਈਨ ਸੇਵਾਵਾਂ ਅਚਾਨਕ ਠੱਪ, ਕਰੋੜਾਂ ਯੂਜ਼ਰ ਹੋਏ ਪ੍ਰੇਸ਼ਾਨ; ਕੰਪਨੀ ਨੇ ਸਾਈਬਰ ਹਮਲੇ ਦੀ ਸੰਭਾਵਨਾ ਨਕਾਰੀ
Apple Outage
ਦੁਨੀਆ ਦੀ ਦਿੱਗਜ ਤਕਨੀਕੀ ਕੰਪਨੀ ਐਪਲ (Apple) ਦੇ ਕਰੋੜਾਂ ਯੂਜ਼ਰਜ਼ ਨੂੰ ਮੰਗਲਵਾਰ ਨੂੰ ਵੱਡੀ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦੁਨੀਆ ਭਰ ਵਿੱਚ ਕੰਪਨੀ ਦੀਆਂ ਕਈ ਪ੍ਰਮੁੱਖ ਆਨਲਾਈਨ ਸੇਵਾਵਾਂ ਅਚਾਨਕ ਠੱਪ ਹੋ ਗਈਆਂ, ਜਿਸ ਕਾਰਨ ਯੂਜ਼ਰਜ਼ ਨੂੰ ਆਈਕਲਾਊਡ (iCloud), ਐਪ ਸਟੋਰ (App Store), ਐਪਲ ਪੇਅ (Apple Pay), ਐਪਲ ਮਿਊਜ਼ਿਕ (Apple Music) ਅਤੇ ਐਪਲਕੇਅਰ (AppleCare) ਵਰਗੀਆਂ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਭਾਰੀ ਦਿੱਕਤਾਂ ਆਈਆਂ। ਸੇਵਾਵਾਂ ਬੰਦ ਹੋਣ ਕਾਰਨ ਸੋਸ਼ਲ ਮੀਡੀਆ ਅਤੇ ਆਊਟੇਜ ਦੀ ਨਿਗਰਾਨੀ ਕਰਨ ਵਾਲੇ ਪਲੇਟਫਾਰਮਾਂ ‘ਤੇ ਸ਼ਿਕਾਇਤਾਂ ਦੀ ਭਰਮਾਰ ਹੋ ਗਈ।
ਸੇਵਾਵਾਂ ਅਚਾਨਕ ਬੰਦ ਹੋਣ ਕਾਰਨ ਯੂਜ਼ਰਜ਼ ਵਿੱਚ ਡਾਟਾ ਚੋਰੀ ਅਤੇ ਸਾਈਬਰ ਹਮਲੇ ਨੂੰ ਲੈ ਕੇ ਵੀ ਚਿੰਤਾ ਵਧ ਗਈ ਸੀ। ਹਾਲਾਂਕਿ, ਐਪਲ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਸੇ ਵੀ ਤਰ੍ਹਾਂ ਦੇ ਸਾਈਬਰ ਹਮਲੇ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਕਿਸੇ ਬਾਹਰੀ ਹਮਲੇ ਕਾਰਨ ਨਹੀਂ, ਸਗੋਂ ਅੰਦਰੂਨੀ ਸਾਫਟਵੇਅਰ ਅਪਡੇਟ ਵਿੱਚ ਆਈ ਗੜਬੜ ਕਾਰਨ ਪੈਦਾ ਹੋਈ ਸੀ।
ਐਪਲ ਦੇ ਬੁਲਾਰੇ ਅਨੁਸਾਰ, ਸਵੇਰ ਸਮੇਂ ਕੀਤੇ ਗਏ ਇੱਕ ਅੰਦਰੂਨੀ ਅਪਡੇਟ ਕਾਰਨ ਕੰਪਨੀ ਦੀਆਂ ਕੁਝ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਸਮੱਸਿਆ ਦਾ ਪਤਾ ਲੱਗਦਿਆਂ ਹੀ ਤਕਨੀਕੀ ਟੀਮ ਨੇ ਇਸ ਨੂੰ ਦੂਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ। ਕੰਪਨੀ ਮੁਤਾਬਕ ਹੁਣ ਜ਼ਿਆਦਾਤਰ ਸਿਸਟਮ ਮੁੜ ਸੁਚਾਰੂ ਢੰਗ ਨਾਲ ਕੰਮ ਕਰਨ ਲੱਗ ਪਏ ਹਨ। ਬਾਕੀ ਪ੍ਰਭਾਵਿਤ ਸੇਵਾਵਾਂ ਨੂੰ ਵੀ ਪੂਰੀ ਤਰ੍ਹਾਂ ਬਹਾਲ ਕਰਨ ਲਈ ਕੰਮ ਜਾਰੀ ਹੈ।
ਆਊਟੇਜ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ ਡਾਊਨਡਿਟੈਕਟਰ (Downdetector) ਅਨੁਸਾਰ, ਸਮੱਸਿਆ ਆਪਣੇ ਸਿਖਰ ‘ਤੇ ਪਹੁੰਚਣ ਸਮੇਂ ਹਜ਼ਾਰਾਂ ਯੂਜ਼ਰਜ਼ ਨੇ ਸੇਵਾਵਾਂ ਬੰਦ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਸਭ ਤੋਂ ਵੱਧ ਸ਼ਿਕਾਇਤਾਂ ਐਪਲ ਪੇਅ, ਐਪਲ ਸਪੋਰਟ ਅਤੇ ਆਈਕਲਾਊਡ ਵਿੱਚ ਲੌਗਇਨ ਕਰਨ ਸਬੰਧੀ ਸਾਹਮਣੇ ਆਈਆਂ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਹੋਰ ਵੱਡੀਆਂ ਤਕਨੀਕੀ ਅਤੇ ਬੈਂਕਿੰਗ ਕੰਪਨੀਆਂ ਵੀ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੀਆਂ ਹਨ। ਪਿਛਲੇ ਹਫ਼ਤੇ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀ ਵੱਡੀ ਤਕਨੀਕੀ ਖ਼ਰਾਬੀ ਆਈ ਸੀ, ਜਿਸ ਕਾਰਨ ਆਊਟਲੁੱਕ (Outlook), ਟੀਮਜ਼ (Teams) ਅਤੇ ਕੰਪਨੀ ਦਾ ਏਆਈ ਸਹਾਇਕ ਕੋਪਾਇਲਟ (Copilot) ਸਮੇਤ ਕਈ ਡਿਜੀਟਲ ਸਾਧਨ ਪ੍ਰਭਾਵਿਤ ਹੋਏ ਸਨ। ਇਸ ਦਾ ਅਸਰ ਕਾਰੋਬਾਰੀ ਅਦਾਰਿਆਂ, ਹਸਪਤਾਲਾਂ ਅਤੇ ਅਮਰੀਕੀ ਸੰਘੀ ਅਦਾਲਤਾਂ ਦੇ ਕੰਮਕਾਜ ‘ਤੇ ਵੀ ਪਿਆ ਸੀ।
ਮਾਈਕ੍ਰੋਸਾਫਟ ਨੇ ਵੀ ਉਸ ਸਮੇਂ ਸਪੱਸ਼ਟ ਕੀਤਾ ਸੀ ਕਿ ਇਸ ਗੜਬੜ ਪਿੱਛੇ ਕਿਸੇ ਸਾਈਬਰ ਹਮਲੇ ਜਾਂ ਗ਼ਲਤ ਮਨਸ਼ਾ ਨਾਲ ਕੀਤੀ ਗਈ ਕਾਰਵਾਈ ਦੇ ਸੰਕੇਤ ਨਹੀਂ ਮਿਲੇ। ਫਿਲਹਾਲ ਐਪਲ ਦੀਆਂ ਸੇਵਾਵਾਂ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਜ਼ਿਆਦਾਤਰ ਯੂਜ਼ਰਜ਼ ਮੁੜ ਆਮ ਵਾਂਗ ਡਿਜੀਟਲ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।
















