ਅਮਰੀਕਾ ਦੀ ਧਰਤੀ ਤੋਂ ਰਾਹੁਲ ਗਾਂਧੀ ਨੇ ਮੁੜ ਚੁੱਕਿਆ ‘ਵੋਟ ਚੋਰੀ’ ਦਾ ਮੁੱਦਾ, ਚੋਣ ਕਮਿਸ਼ਨ ‘ਤੇ ਖੜ੍ਹੇ ਕੀਤੇ ਗੰਭੀਰ ਸਵਾਲ
ਕੋਲੰਬੀਆ ਯੂਨੀਵਰਸਿਟੀ ‘ਚ ਬੋਲੇ ਰਾਹੁਲ ਗਾਂਧੀ- 2024 ‘ਚ ਵੋਟ ਪਾਉਣ ਵਾਲੇ 14 ਕਰੋੜ ਲੋਕਾਂ ਦੇ ਨਾਂ ਵੋਟਰ ਸੂਚੀ ‘ਚੋਂ ਕੱਟੇ ਗਏ
ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰੇ ‘ਤੇ ਭੜਕੀ ਭਾਜਪਾ, ਪ੍ਰਦੀਪ ਭੰਡਾਰੀ ਨੇ ਦੱਸਿਆ ‘ਭਾਰਤ ਵਿਰੋਧੀ ਕੂੜ ਪ੍ਰਚਾਰ ਦਾ ਆਗੂ’
ਚੋਣ ਪ੍ਰਚਾਰ ‘ਚ ਪਾਣੀ ਵਾਂਗ ਵਹਾਇਆ ਗਿਆ ਪੈਸਾ, ਅਚਾਨਕ 5 ਲੱਖ ਵੋਟਾਂ ਦਾ ਫ਼ਰਕ ਵਧਣਾ ਵੱਡਾ ਸਵਾਲ: ਰਾਹੁਲ ਗਾਂਧੀ
ਨਿਊਯਾਰਕ/ਕੋਲੰਬੀਆ 18 ਨਵੰਬਰ 2026: ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਅਮਰੀਕਾ ਦੀ ਧਰਤੀ ਤੋਂ ਭਾਰਤ ਦੀ ਚੋਣ ਪ੍ਰਕਿਰਿਆ ਅਤੇ ਕਥਿਤ ‘ਵੋਟ ਚੋਰੀ’ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਹੈ। ਰਾਹੁਲ ਗਾਂਧੀ ਇਨ੍ਹੀਂ ਦਿਨੀਂ ਦੋ ਦਿਨਾਂ ਦੇ ਅਮਰੀਕਾ ਦੌਰੇ ‘ਤੇ ਹਨ।
ਦੌਰੇ ਦੇ ਪਹਿਲੇ ਦਿਨ ਉਨ੍ਹਾਂ ਨੇ ਨਿਊਯਾਰਕ ਸਥਿਤ ਕੋਲੰਬੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ, ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਅਤੇ ਚੋਣ ਨਤੀਜਿਆਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ। ਹਾਲਾਂਕਿ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਨਹੀਂ ਕੀਤਾ ਗਿਆ, ਪਰ ਉੱਥੇ ਮੌਜੂਦ ਇੰਡੀਅਨ ਓਵਰਸੀਜ਼ ਕਾਂਗਰਸ ਦੇ ਇੱਕ ਵਰਕਰ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਰਾਹੀਂ ਇਹ ਬਿਆਨ ਸਾਹਮਣੇ ਆਏ ਹਨ।
ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 2024 ਦੀਆਂ ਚੋਣਾਂ ਵਿੱਚ ਵੋਟ ਪਾਉਣ ਵਾਲੇ ਲਗਭਗ 14 ਕਰੋੜ ਲੋਕਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਬਾਹਰ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਪ੍ਰਕਿਰਿਆ ਕੋਈ ਆਮ ਵੋਟਰ ਸੂਚੀ ਸੋਧ ਮੁਹਿੰਮ ਨਹੀਂ ਸੀ। ਰਾਹੁਲ ਗਾਂਧੀ ਅਨੁਸਾਰ, ਜੇਕਰ 2024 ਵਿੱਚ ਵੋਟ ਪਾਉਣ ਵਾਲੇ 14 ਕਰੋੜ ਲੋਕਾਂ ਦੇ ਨਾਂ ਸੂਚੀ ਵਿੱਚੋਂ ਕੱਟੇ ਗਏ ਹਨ, ਤਾਂ ਚੋਣਾਂ ਦੀ ਵੈਧਤਾ ‘ਤੇ ਸਵਾਲ ਉੱਠਣਾ ਸੁਭਾਵਿਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਕਈ ਸਵਾਲ ਪੁੱਛੇ ਗਏ ਹਨ, ਪਰ ਕਮਿਸ਼ਨ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਖ਼ਾਮੋਸ਼ ਹੈ।
ਚੋਣ ਨਤੀਜਿਆਂ ਅਤੇ ਖ਼ਰਚੇ ‘ਤੇ ਸਵਾਲ ਉਠਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਪੈਸਾ ਪਾਣੀ ਵਾਂਗ ਵਹਾਇਆ ਗਿਆ ਅਤੇ ਅੰਦਾਜ਼ੇ ਨਾਲੋਂ 20 ਤੋਂ 50 ਗੁਣਾ ਵੱਧ ਖ਼ਰਚ ਕੀਤਾ ਗਿਆ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਚਾਨਕ ਪੰਜ ਲੱਖ ਵੋਟਾਂ ਦਾ ਫ਼ਰਕ ਵਧ ਜਾਣਾ ਕਈ ਸ਼ੰਕੇ ਪੈਦਾ ਕਰਦਾ ਹੈ, ਜਿਸ ਦੀ ਪਾਰਟੀ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਦੇ ਇਨ੍ਹਾਂ ਬਿਆਨਾਂ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਆਗੂ ਪ੍ਰਦੀਪ ਭੰਡਾਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਰਾਹੁਲ ਗਾਂਧੀ ਨੂੰ ‘ਭਾਰਤ-ਵਿਰੋਧੀ ਕੂੜ ਪ੍ਰਚਾਰ ਦਾ ਆਗੂ’ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਪੂਰੀ ਦੁਨੀਆ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਮੰਨ ਰਹੀ ਹੈ, ਉਦੋਂ ਰਾਹੁਲ ਗਾਂਧੀ ਵਿਦੇਸ਼ੀ ਧਰਤੀ ‘ਤੇ ਜਾ ਕੇ ਭਾਰਤੀ ਲੋਕਤੰਤਰ ਦਾ ਅਪਮਾਨ ਕਰ ਰਹੇ ਹਨ। ਪ੍ਰਦੀਪ ਭੰਡਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਹਰ ਵਿਦੇਸ਼ੀ ਯਾਤਰਾ ਦੌਰਾਨ ਦੇਸ਼ ਦੇ ਕੌਮੀ ਹਿੱਤਾਂ ਅਤੇ ਤਿਰੰਗੇ ਦੇ ਮਾਣ ਨੂੰ ਸਭ ਤੋਂ ਉੱਪਰ ਰੱਖਦੇ ਹਨ, ਜਦੋਂਕਿ ਵਿਰੋਧੀ ਧਿਰ ਦੇ ਆਗੂ ਵਜੋਂ ਰਾਹੁਲ ਗਾਂਧੀ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ।
ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਅਮਰੀਕੀ ਸਿਆਸਤ ਅਤੇ ਭਾਰਤ-ਅਮਰੀਕਾ ਸਬੰਧਾਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਮੱਧਕਾਲੀ ਚੋਣਾਂ ਵਿੱਚ ਟਰੰਪ ਦੀ ਹਾਰ ਦਾ ਇੱਕ ਵੱਡਾ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਸਨ, ਜਿਨ੍ਹਾਂ ਨੂੰ ਕਾਬੂ ਕਰਨ ਵਿੱਚ ਅਮਰੀਕਾ ਨਾਕਾਮ ਰਿਹਾ। ਭਾਰਤ-ਅਮਰੀਕਾ ਭਾਈਵਾਲੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 1990 ਦੇ ਦਹਾਕੇ ਤੋਂ 2008 ਤੱਕ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਦਾ ਲਾਭ ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਦੇ ਵਿਕਾਸ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਨਾਲ ਕਰੋੜਾਂ ਲੋਕ ਗ਼ਰੀਬੀ ਵਿੱਚੋਂ ਬਾਹਰ ਨਿਕਲੇ। ਹਾਲਾਂਕਿ, ਉਨ੍ਹਾਂ ਇਹ ਵੀ ਮੰਨਿਆ ਕਿ ਮੌਜੂਦਾ ਆਲਮੀ ਹਾਲਾਤ ਵਿੱਚ ਅਮਰੀਕਾ ਦੀ ਤਾਕਤ ਪਹਿਲਾਂ ਵਰਗੀ ਨਹੀਂ ਰਹੀ ਅਤੇ ਕੌਮਾਂਤਰੀ ਵਿਵਸਥਾ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
















