ਪੰਜਾਬ ‘ਚ ਕੱਲ੍ਹ ਹੋਵੇਗੀ NMMS and PSTSE ਪ੍ਰੀਖਿਆ; ਪਾਬੰਦੀਆਂ ਦੇ ਹੁਕਮ ਜਾਰੀ!
ਐਨ.ਐਮ.ਐਮ.ਐਸ. ਅਤੇ ਪੀ.ਐੱਸ.ਟੀ.ਐੱਸ.ਈ. ਪ੍ਰੀਖਿਆ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 163 ਤਹਿਤ ਪਾਬੰਦੀ ਦੇ ਹੁਕਮ ਜਾਰੀ
22 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ ਪ੍ਰੀਖਿਆ, ਜ਼ਿਲ੍ਹੇ ਵਿੱਚ ਬਣਾਏ ਗਏ ਹਨ 10 ਪ੍ਰੀਖਿਆ ਕੇਂਦਰ
ਰੂਪਨਗਰ, 21 ਨਵੰਬਰ 2026: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ੍ਰੀਮਤੀ ਚੰਦਰਜਯੋਤੀ ਸਿੰਘ ਵੱਲੋਂ 22 ਨਵੰਬਰ 2026 ਨੂੰ ਹੋਣ ਵਾਲੀ ਐਨ.ਐਮ.ਐਮ.ਐਸ. (NMMS-8ਵੀਂ ਜਮਾਤ) ਅਤੇ ਪੀ.ਐੱਸ.ਟੀ.ਐੱਸ.ਈ. (PSTSE- 10ਵੀਂ ਜਮਾਤ) ਦੀ ਪ੍ਰੀਖਿਆ ਦੇ ਮੱਦੇਨਜ਼ਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਇਹ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਵਾਈਆਂ ਜਾਣਗੀਆਂ। ਜ਼ਿਲ੍ਹੇ ਵਿੱਚ ਦੋਵਾਂ ਪ੍ਰੀਖਿਆਵਾਂ ਲਈ 5-5, ਕੁੱਲ 10 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿੱਥੇ ਕੁੱਲ 2,712 ਵਿਦਿਆਰਥੀ ਪ੍ਰੀਖਿਆ ਦੇਣਗੇ। ਇਨ੍ਹਾਂ ਵਿੱਚ ਐਨ.ਐਮ.ਐਮ.ਐਸ. ਦੇ 1,578 ਅਤੇ ਪੀ.ਐੱਸ.ਟੀ.ਐੱਸ.ਈ. ਦੇ 1,134 ਵਿਦਿਆਰਥੀ ਸ਼ਾਮਲ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਤਹਿਤ ਸਾਰੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸਰਕਾਰੀ ਡਿਊਟੀ ਨਿਭਾ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਣਗੇ।
















