Punjab News: ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਦੀ ਰੁਕੀਂ ਹੋਈ ਸਕਾਲਰਸ਼ਿਪ ਜਾਰੀ ਕਰਵਾਉਣ ਲਈ PSU ਵੱਲੋਂ ਪ੍ਰਦਰਸ਼ਨ
ਪੰਜਾਬ ਸਰਕਾਰ ਵੱਲੋਂ ਸਕਾਲਰਸ਼ਿਪ ਰੋਕਣ ਦਾ ਮੁੱਖ ਮਕਸਦ ਦਲਿਤ ਵਿਦਿਆਰਥੀਆਂ ਨੂੰ ਪੜਾਈ ਤੋਂ ਵਾਂਝੇ ਕਰਨਾ :ਧੀਰਜ ਫਾਜ਼ਿਲਕਾ
ਫਾਜ਼ਿਲਕਾ
ਵਿਦਿਆਰਥੀਆਂ ਦੇ ਖਾਤੇ ਵਿੱਚ ਸਕਾਲਰਸ਼ਿਪ ਰਾਸ਼ੀ ਨਾ ਆਉਣ ਦੇ ਵਿਰੋਧ ਵਿੱਚ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਾਸ਼ੀ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫਾਜ਼ਿਲਕਾ, ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਅਤੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਰਤਨਪੁਰਾ, ਅਤੇ ਵਿਦਿਆਰਥੀ ਆਗੂ ਧਰਮਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਸਿੱਖਿਆ ਦੇ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦੀ ਦਖਲ ਨੂੰ ਵਧਾਉਣ ਲੱਗੀ ਹੋਈ ਹੈ।
ਜਿਸਦੇ ਤਹਿਤ ਕੇਂਦਰ ਸਰਕਾਰ ਦੀਆਂ ਰਾਹਾਂ ਤੇ ਚੱਲਦੀ ਹੋਈ ਪੰਜਾਬ ਸਰਕਾਰ ਵੀ ਨਵੀਂ ਸਿੱਖਿਆ ਨੀਤੀ ਨੂੰ ਤੇਜ਼ੀ ਨਾਲ ਲਾਗੂ ਕਰ ਰਹੀਂ ਹੈ ਅਤੇ ਸਰਕਾਰੀ ਕਾਲਜਾਂ ਦਾ ਭੋਗ ਪਾਉਣ ਦੀ ਤਿਆਰੀ ਕਰ ਰਹੀ ਹੈ। ਇਹ ਨੀਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਾੜਨ ਦੀ ਨੀਤੀ ਹੈ ਅਤੇ ਜਿਸ ਦੇ ਤਹਿਤ ਹੀ ਪ੍ਰਾਈਵੇਟ ਕਾਲਜਾ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਨੇ ਸਰਕਾਰੀ ਸੰਸਥਾਵਾਂ ਨੂੰ ਖ਼ਤਮ ਕਰਨ ਲਈ ਸਰਕਾਰੀ ਕਾਲਜਾਂ ਦੀ ਸਕਾਲਰਸ਼ਿਪ ਰੋਕ ਰੱਖੀ ਹੈ ਤੇ ਪ੍ਰਾਈਵੇਟ ਕਾਲਜਾਂ ਦੀ ਸਕਾਲਰਸ਼ਿਪ ਜਾਰੀ ਕਰ ਦਿੱਤੀ ਗਈ ਹੈ।
ਇਹ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਰੁਕੀ ਹੋਣ ਕਰਕੇ ਵਿਦਿਆਰਥੀ ਕਾਲਜਾਂ ਵਿੱਚ ਆਪਣੀ ਪ੍ਰੀਖਿਆ ਫੀਸ ਭਰਨ ਤੋਂ ਅਸਮਰੱਥ ਹਨ ਤੇ ਆਪਣੀ ਪੜ੍ਹਾਈ ਛੱਡਣ ਲਈ ਮਜਬੂਰ ਹੋ ਰਹੇ ਹਨ।
ਇਸ ਦੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਮੰਨਣ ਤੋਂ ਇੰਨਕਾਰ ਕਰ ਦਿੱਤਾ ਹੈ ਤੇ ਵਿਦਿਆਰਥੀਆਂ ਤੋਂ ਮੋਟੀ ਫ਼ੀਸ ਵਸੂਲ ਰਹੀ ਹੈ।
ਇਸ ਮੌਕੇ ਵਿਦਿਆਰਥੀ ਆਗੂ ਅਰਸ਼ਦੀਪ ਸਿੰਘ, ਸੂਰਜ ਸਿੰਘ, ਅਮਨਦੀਪ ਕੌਰ ਅਤੇ ਰੇਣੂ ਨੇ ਕਿਹਾ ਕਿ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਦੇ ਵਿੱਚ 85 ਪ੍ਰਤੀਸ਼ਤ ਵਿਦਿਆਰਥੀ ਐੱਸ ਸੀ ਕੈਟਾਗਰੀ ਨਾਲ ਸੰਬਧਿਤ ਹਨ, ਜੋ ਸਿਰਫ ਸਕਾਲਰਸ਼ਿਪ ਦੇ ਸਹਾਰੇ ਪੜ੍ਹਦੇ ਹਨ।
ਪਰ ਸਰਕਾਰ ਵੱਲੋਂ ਇਹ ਸਕੀਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ ਜਿਸਦਾ ਸਿੱਧਾ ਸਿੱਧਾ ਮਕਸਦ ਵਿਦਿਆਰਥੀਆਂ ਨੂੰ ਪੜਾਈ ਤੋਂ ਵਾਂਝੇ ਕਰਨਾ ਹੈ।
ਆਗੂਆ ਨੇ ਕਿਹਾ ਕਿ ਕਾਲਜ ਵਲੋਂ ਵਿਦਿਆਰਥੀਆਂ ਕੋਲੋਂ ਫੀਸ ਦੀ ਮੰਗ ਕੀਤੀ ਜਾ ਰਹੀ ਹੈ ਪਰ ਵਿਦਿਆਰਥੀਆਂ ਦੇ ਘਰਾਂ ਦੀ ਹਾਲਤ ਆਰਥਿਕ ਪੱਖੋ ਮਜ਼ਬੂਤ ਨਾ ਹੋਣ ਕਾਰਣ ਵਿਦਿਆਰਥੀ ਫੀਸਾਂ ਭਰਨ ਤੋਂ ਅਸਮਰਥ ਹਨ।
ਜਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਪੜ੍ਹਦੇ ਵਿਦਿਆਰਥੀਆ ਅਤੇ ਓਹਨਾ ਦੇ ਮਾਪਿਆ ਨੂੰ ਪਿੱਛਲੇ ਦਿਨੀਂ ਹੜ੍ਹਾਂ ਦੀ ਭਿਆਨਕ ਮਾਰ ਝੱਲਣਾ ਪਿਆ ਹੈ। ਜਿਸ ਦਾ ਵੀ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਰੁਕੀ ਹੋਈ ਸਕਾਲਰਸ਼ਿਪ ਰਾਸ਼ੀ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਾਲਜ ਦੇ ਵਿਦਿਆਰਥੀਆਂ ਇਸ ਖਿਆਫ਼ ਤਿੱਖਾ ਸੰਘਰਸ਼ ਵਿੱਢਣਗੇ।
ਇਸ ਮੌਕੇ ਸਾਜਨ, ਕਮਲਜੀਤ, ਸੁਖਚੈਨ, ਪ੍ਰਿੰਸ, ਸੁਨੀਲ, ਸਾਜਨ, ਆਕਾਸ਼, ਮੋਹਿਤ, ਅਮਨਦੀਪ, ਰੌਬਿਨ, ਗੁਰਪ੍ਰੀਤ, ਰਾਹੁਲ, ਕਰਨ, ਸ਼ਿਸ਼ੂ, ਗੁਰਵਿੰਦਰ, ਸਾਕਸ਼ੀ, ਸੰਤੋਸ਼, ਜਸਵੀਰ, ਰਣਜੋਤ, ਰਿਤੂ, ਰਜਨੀ, ਕੋਮਲ, ਮਨਜੀਤ, ਤਾਨਿਆ, ਕਾਜਲ, ਮਨਜੀਤ, ਮਮਤਾ, ਖੁਸ਼ੀ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।






