ਜਬਰ ਵਿਰੋਧੀ ਲਾਮਬੰਦੀ: 6 ਮਾਰਚ ਦੇ ਬਠਿੰਡਾ ਮੁਜ਼ਾਹਰੇ ਲਈ ‘ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ’ ਵੱਲੋਂ ਸ਼ਾਮਲ ਹੋਣ ਦਾ ਸੱਦਾ
ਲੋਕ ਸੰਘਰਸ਼ਾਂ ‘ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਬੁੱਧੀਜੀਵੀਆਂ, ਲੇਖਕਾਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ
ਬਠਿੰਡਾ 4 ਮਾਰਚ 2026:
ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੀ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਲੋਕ ਸੰਘਰਸ਼ਾਂ ਉੱਪਰ ਕੀਤੇ ਜਾ ਰਹੇ ਕਥਿਤ ‘ਵਹਿਸ਼ੀ ਹਮਲਿਆਂ’ ਅਤੇ ਜਬਰ ਦੇ ਖ਼ਿਲਾਫ਼ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸਾਂਝੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਡਾ. ਪਰਮਿੰਦਰ, ਪ੍ਰੋਫੈਸਰ ਏ.ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਵੱਲੋਂ ਸਾਂਝੇ ਤੌਰ ‘ਤੇ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਇਹ ਮੁਜ਼ਾਹਰਾ ਸਮੂਹ ਕਿਸਾਨ-ਮਜ਼ਦੂਰ ਅਤੇ ਜਨਤਕ ਜਮਹੂਰੀ ਤਾਕਤਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ।
ਸੂਬਾ ਕਮੇਟੀ ਨੇ ਪੰਜਾਬ ਦੇ ਸਾਰੇ ਲੋਕਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਕਵੀਆਂ ਅਤੇ ਰੰਗਕਰਮੀਆਂ ਸਮੇਤ ਹਰ ਇਨਸਾਫ਼ਪਸੰਦ ਨਾਗਰਿਕ ਨੂੰ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ।
ਸੂਬਾ ਕਮੇਟੀ ਨੇ ਆਪਣੇ ਕਾਰਕੁਨਾਂ ਅਤੇ ਜਮਹੂਰੀ ਫਰੰਟ ਨਾਲ ਜੁੜੇ ਸਾਰੇ ਹਿੱਸਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਬਠਿੰਡਾ ਪਹੁੰਚ ਕੇ ਜਬਰ ਵਿਰੋਧੀ ਜਮਹੂਰੀ ਲਹਿਰ ਨੂੰ ਸਰਗਰਮ ਅਤੇ ਮਜ਼ਬੂਤ ਬਣਾਉਣ।
ਫਰੰਟ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਲਈ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਦਾ ਵਿਰੋਧ ਕਰਨਾ ਸਮੇਂ ਦੀ ਮੁੱਖ ਲੋੜ ਹੈ।






