ਸਕੂਲ ਲੈਬ ਸਟਾਫ਼ ਨੇ ਮਾਨ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ; 4 ਸਾਲਾਂ ਤੋਂ ਮੀਟਿੰਗ ਨਾ ਕਰਨ ਅਤੇ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਲਾਇਆ ਦੋਸ਼
14 ਮਾਰਚ ਨੂੰ ਜਲੰਧਰ ਵਿਖੇ ਹੋਵੇਗੀ ਸੂਬਾ ਪੱਧਰੀ ਮੀਟਿੰਗ- ਮੁੱਖ ਮੰਤਰੀ ਦੀ ਕੋਠੀ ਦੇ ਘੇਰਾਓ ਦੀ ਦਿੱਤੀ ਚੇਤਾਵਨੀ
ਸਕੂਲ ਲੈਬ ਸਟਾਫ਼ ਯੂਨੀਅਨ ਦੀ 14 ਮਾਰਚ ਨੂੰ ਜਲੰਧਰ ਵਿਖੇ ਹੋਵੇਗੀ ਸੂਬਾ ਪੱਧਰੀ ਮੀਟਿੰਗ
ਬਠਿੰਡਾ, 5 ਮਾਰਚ 2026:
ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਆਨ ਲਾਇਨ ਮੀਟਿੰਗ ਸੂਬਾ ਪ੍ਰਧਾਨ ਪਤਵੰਤ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਨੇ ਕਿਹਾ ਕਿ, ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਮੁੱਖ ਤੌਰ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਨੂੰ ਧਰਨੇ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅਸੀਂ ਹਰ ਮਹੀਨੇ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਮਸਲਿਆਂ ਦਾ ਹੱਲ ਕਰਾਂਗੇ।
ਪਰ ਪਿਛਲੇ ਚਾਰ ਸਾਲਾਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਇਕ ਵੀ ਮੀਟਿੰਗ ਸਾਡੀ ਜਥੇਬੰਦੀ ਨਾਲ ਨਹੀਂ ਕੀਤੀ ਗਈ। ਸਾਡੇ ਵੱਲੋਂ ਸਮੇਂ-ਸਮੇਂ ‘ਤੇ ਦਫ਼ਤਰਾਂ ਵਿਚ ਜਾ ਕੇ,ਸੋਸ਼ਲ ਮੀਡੀਆ ਰਾਹੀਂ ਅਤੇ ਡਾਕ ਰਾਹੀਂ ਮੀਟਿੰਗ ਕਰਨ ਲਈ ਮੰਗ-ਪੱਤਰ ਭੇਜ ਕੇ ਬੇਨਤੀਆਂ ਕੀਤੀਆਂ ਗਈਆਂ। ਪਰ ਇਸ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਹੀ ਸਾਹਮਣੇ ਆਇਆ ਹੈ।
ਕਿਉਂਕਿ ਸਾਲ 2011 ਤੋਂ ਐਸ ਐਲ ਏ ਕਰਮਚਾਰੀਆਂ ਦੀ ਪੇ-ਪੈਰਿਟੀ ਟੁੱਟੀ ਹੈ, ਜਿਸ ਕਾਰਨ ਸਮੁੱਚੇ ਐਸ ਐਲ ਏ ਕਰਮਚਾਰੀ ਆਪਣੇ ਬਰਾਬਰਤਾ ਦੇ ਕੇਡਰਾਂ ਨਾਲੋਂ ਹਰ ਮਹੀਨੇ 73% ਦੇ ਘਾਟੇ ਨਾਲ ਪਛੜ ਰਹੇ ਹਨ ਜਿਸ ਕਾਰਨ ਮਹਿਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ ਇਹ ਸਭ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਲਾਪਰਵਾਹੀ ਕਾਰਨ ਹੋ ਰਿਹਾ ਹੈ।
ਜਿਸ ਕਾਰਨ ਸਮੁੱਚੇ ਐਸ ਐਲ ਏ ਕਰਮਚਾਰੀਆਂ ਅੰਦਰ ਬਹੁਤ ਰੋਸ ਹੈ ਇਸੇ ਰੋਸ ਦੇ ਵਿਰੋਧ ਵਿਚ ਅਸੀਂ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਜਲਦੀ ਹੀ ਵੱਡਾ ਐਕਸ਼ਨ ਕਰਾਂਗੇ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਿੱਖਿਆ ਵਿਭਾਗ ਨੂੰ ਪਿਛਲੇ ਚਾਰ ਸਾਲਾਂ ਤੋਂ ਅਸਾਮੀ ਦਾ ਨਾਮ ਬਦਲਣ ਦੀ ਮੰਗ ਕੀਤੀ ਗਈ ਹੈ ਜਿਸ ਦਾ ਸਰਕਾਰ ਜਾਂ ਸਿਖਿਆ ਵਿਭਾਗ ਤੇ ਕੋਈ ਵਿੱਤੀ ਬੋਝ ਵੀ ਨਹੀਂ ਪੈਂਦਾ।
ਪਰ ਚਾਰ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਮੰਗ ਪੂਰੀ ਨਹੀਂ ਹੋਈ ਜਿਸ ਤੋਂ ਮਜਬੂਰ ਹੋ ਕੇ ਅਸੀਂ ਤਿੱਖਾ ਸੰਘਰਸ਼ ਕਰਨ ਲਈ ਜਲੰਧਰ ਦੇਸ਼ ਭਗਤ ਯਾਦਗਾਰ ਹਾਲ 14 ਮਾਰਚ 2026 ਨੂੰ ਸੂਬਾ ਪੱਧਰੀ ਮੀਟਿੰਗ ਕਰਨ ਜਾ ਰਹੇ ਹਾਂ। ਇਹ ਮੀਟਿੰਗ ਹੀ ਹੁਣ ਸਾਡਾ ਭਵਿੱਖ ਤਹਿ ਕਰੇਗੀ। ਇਸ ਮੀਟਿੰਗ ਵਿਚ ਜਥੇਬੰਦੀ ਦੇ ਸਾਰੇ ਜ਼ਿਲ੍ਹਿਆਂ ਤੋਂ ਐਸ ਐਲ ਏ ਕਰਮਚਾਰੀ ਆਪਣੇ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਦੀ ਅਗਵਾਈ ਵਿੱਚ ਹਾਜ਼ਰ ਹੋਣਗੇ ਅਤੇ ਐਸ ਐਲ ਏ ਕਰਮਚਾਰੀਆਂ ਦੇ ਵੱਖ-ਵੱਖ ਮਸਲਿਆਂ ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾਵੇਗੀ।
ਜਥੇਬੰਦੀ ਦੇ ਸੂਬਾਈ ਆਗੂ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਯੋਗਤਾ ਦੇ ਹਿਸਾਬ ਨਾਲ ਐਸ ਐਲ ਏ ਕਰਮਚਾਰੀਆਂ ਦੀਆਂ ਵੱਖ-ਵੱਖ ਪੋਸਟਾਂ ਤੇ ਤਰੱਕੀਆਂ ਕਰਨ ਅਤੇ ਨਾਨ-ਟੀਚਿੰਗ ਕਰਮਚਾਰੀਆਂ ਦਾ ਪ੍ਰਮੋਸ਼ਨ ਕੋਟਾ 1%ਤੋ ਵਧਾ ਕੇ 4% ਕਰਨ ਬਾਰੇ ਵੀ ਸਿਖਿਆ ਵਿਭਾਗ ਨੂੰ ਕਈ ਵਾਰ ਮੰਗ ਪੱਤਰ ਦਿੱਤਾ ਗਿਆ ਹੈ ਪਰ ਡਾਇਰੈਕਟਰ ਐਜੂਕੇਸ਼ਨ ਵੱਲੋਂ ਭਰੋਸਾ ਦੇਣ ਤੋਂ ਬਾਅਦ ਕੋਈ ਹੱਲ ਨਹੀਂ ਕੀਤਾ ਗਿਆ।
ਮੁਕਦੀ ਗੱਲ ਇਹ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਐਸ ਐਲ ਏ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਪਰ ਹੁਣ ਅਸੀਂ ਹੋਰ ਚੁੱਪ ਨਹੀਂ ਬੈਠਾਂਗੇ ਅਸੀਂ ਆਪਣੀ 14 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿੱਚ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਜਲਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰਦੇ ਬਾਹਰ ਵੱਡਾ ਐਕਸ਼ਨ ਕਰਾਂਗੇ।
ਇਸ ਮੌਕੇ ਸੂਬਾ ਸ੍ਰਪਰਸਤ ਜਸਵੰਤ ਰਾਏ, ਸੂਬਾ ਵਿੱਤ ਸਕੱਤਰ ਸੁਖਮੰਦਰ ਸਿੰਘ ਮੋਗਾ, ਸੂਬਾ ਜਨਰਲ ਸਕੱਤਰ ਪੰਕਜ ਸਪਰਾ, ਸੂਬਾ ਮੁੱਖ ਬੁਲਾਰਾ ਹਰਜੀਤ ਸਿੰਘ ਬਰਾੜ, ਸੂਬਾ ਸੀਨੀਅਰ ਮੀਤ ਪ੍ਰਧਾਨ ਦਿਲਪ੍ਰੀਤ ਸਿੰਘ ਭਿੰਡਰ, ਸੂਬਾ ਮੀਤ ਪ੍ਰਧਾਨ ਯੋਗੇਸ਼ ਕੌੜਾ, ਸੂਬਾ ਜਥੇਬੰਦਕ ਸਕੱਤਰ ਜਤਿੰਦਰ ਸਿੰਘ ਭੰਗੂ, ਸੂਬਾ ਪ੍ਰੈਸ ਸਕੱਤਰ ਪਰਮਜੀਤ ਕੁਮਾਰ, ਸੂਬਾ ਜਥੇਬੰਦਕ ਸਕੱਤਰ ਜਤਿੰਦਰ ਸਿੰਘ ਭੰਗੂ, ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਅੰਮ੍ਰਿਤਸਰ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਤਰਨਤਾਰਨ, ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਜਲੰਧਰ , ਜ਼ਿਲ੍ਹਾ ਪ੍ਰਧਾਨ ਵਿਕਾਸ ਅਗਰਵਾਲ ਲੁਧਿਆਣਾ ਆਦਿ ਹਾਜ਼ਰ ਰਹੇ।






