PSTET ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ‘ਤੇ ਤਸ਼ੱਦਦ; DTF ਵੱਲੋਂ ਸਖ਼ਤ ਸ਼ਬਦਾਂ ‘ਚ ਨਿੰਦਾ

 

PSTET ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ‘ਤੇ ਤਸ਼ੱਦਦ; ਡੀ.ਟੀ.ਐਫ ਵੱਲੋਂ ਸਖ਼ਤ ਸ਼ਬਦਾਂ ‘ਚ ਨਿੰਦਾ

ਸਮਾਜ ਸਿਰਜਣ ਕਰਤਾ ਅਧਿਆਪਕਾਂ ‘ਤੇ ਚੰਡੀਗੜ੍ਹ ਵਿਖੇ ਹੋਏ ਲਾਠੀਚਾਰਜ ਦੀ ਨਿਖੇਧੀ ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ

ਅੰਮ੍ਰਿਤਸਰ, 14 ਮਾਰਚ 2026:

ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਭਰਾਤਰੀ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਵੱਲੋਂ ਅਧਿਆਪਕ ਪਾਤਰਤਾ ਪ੍ਰੀਖਿਆ PSTET ਵਿਰੁੱਧ ਦਿੱਤੇ ਸੱਦੇ ਤਹਿਤ ਚੰਡੀਗੜ੍ਹ ਸੈਕਟਰ 25 ਵਿਖੇ ਇੱਕਤਰ ਹੋਏ ਹਜ਼ਾਰਾਂ ਅਧਿਆਪਕਾਂ ‘ਤੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸ਼ਾਂਤਮਈ ਵਿਧਾਨ ਸਭਾ ਮਾਰਚ ਦੌਰਾਨ ਹੋਏ ਸਖ਼ਤ ਤੇ ਨਿਰਦਈ ਲਾਠੀਚਾਰਜ ਦੀ ਜਥੇਬੰਦੀ ਵੱਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਹਨਾਂ ਹੀ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਜਲ ਤੋਪਾਂ ਨਾਲ ਅਧਿਆਪਕਾਂ ਦਾ ਮਾਣ ਸਨਮਾਨ ਕੀਤਾ ਗਿਆ।

ਇਸ ਦਰਦਨਾਕ ਅਤੇ ਸਰਕਾਰੀ ਜ਼ਬਰ ਦੀ ਹਕ਼ੀਕ਼ਤ ਬਿਆਨ ਕਰਦਿਆਂ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਰਾਜੇਸ਼ ਕੁਮਾਰ ਪਰਾਸ਼ਰ ਆਦਿ ਤੇ ਡੀ.ਐਮ.ਐਫ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਮਿਤੀ 12.03.2026 ਨੂੰ ਸਾਂਝੇ ਅਧਿਆਪਕ ਮੋਰਚਾ ਪੰਜਾਬ ਤੇ ਭਰਾਤਰੀ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ‘ਤੇ ਸੂਬੇ ਭਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੀੜਤ ਅਤੇ ਜਾਗਰੂਕ ਅਧਿਆਪਕ ਚੰਡੀਗੜ੍ਹ ਦੇ ਸੈਕਟਰ 25 ਵਿਖੇ ਇੱਕਤਰ ਹੋਏ ਤੇ ਅਧਿਆਪਕਾਂ ‘ਤੇ ਮਾਣਯੋਗ ਸੁਪਰੀਮ ਕੋਰਟ ਦੇ ਮਿਤੀ 01.09.2025 ਦੇ ਅਧਿਆਪਕ ਯੋਗਤਾ ਸੰਬੰਧੀ ਦਿੱਤੇ ਫੈਸਲੇ ਨੂੰ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਤੋੜ ਮਰੋੜ ਕੇ ਜ਼ਬਰਨ ਲਾਗੂ ਕਰਨ ਦੇ ਹੁਕਮਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਉਪਰੰਤ ਜਦੋਂ ਸਰਕਾਰ ਵੱਲੋਂ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਮਿਲਿਆ ਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਵਿਧਾਨ ਸਭਾ ਵੱਲ ਮਾਰਚ ਕੀਤਾ ਗਿਆ। ਮਾਰਚ ਨੂੰ ਅਸਫਲ ਕਰਨ ਦੇ ਮਨੋਰਥ ਨਾਲ ਚੰਡੀਗੜ੍ਹ ਪ੍ਰਸ਼ਾਸਨ ਤੇ ਸੂਬਾ ਸਰਕਾਰ ਵੱਲੋਂ ਬਾਬਰੀ ਰੁੱਖ ਅਖਤਿਆਰ ਕਰਦਿਆਂ ਅਧਿਆਪਕਾਂ ‘ਤੇ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਦੇ ਨਾਲ ਨਾਲ ਸਖ਼ਤ ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਕਈ ਅਧਿਆਪਕ ਫੱਟੜ ਹੋਏ, ਪੱਗਾਂ ਲੱਥੀਆਂ ਅਤੇ ਚੁੰਨੀਆਂ ਰੁਲੀਆਂ।

ਇਸ ਤਸੱਦਦ ਵਿਰੁੱਧ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਮੇਟੀ ਮੈਂਬਰ ਗੁਰਦੇਵ ਸਿੰਘ, ਚਰਨਜੀਤ ਸਿੰਘ ਰਜਧਾਨ, ਸਹਾਇਕ ਪ੍ਰੈਸ ਸਕੱਤਰ ਕੁਲਦੀਪ ਸਿੰਘ ਵਰਨਾਲੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਲਜੀਤ ਕੌਰ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਕੰਵਰਜੀਤ ਸਿੰਘ ਜੰਡਿਆਲਾ, ਕੰਵਲਨੀਤ ਸਿੰਘ ਫਤਿਹਪੁਰ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਦੱਸਿਆ ਕਿ 23.08.2010 (ਪੀ.ਐਸ.ਟੀ.ਈ.ਟੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ) ਤੋਂ ਪਹਿਲਾਂ ਜਾਰੀ ਇਸ਼ਤਿਹਾਰਾਂ ਅਨੁਸਾਰ ਨਿਯੁਕਤ ਅਧਿਆਪਕਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਜਾਂ ਤਰੱਕੀ ਲੈਣ ਲਈ ਪੀ.ਐਸ.ਟੀ.ਈ.ਟੀ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ, ਜਿਸ ਦਾ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਤੇ ਅਸੰਤੋਸ਼ ਪਾਇਆ ਜਾ ਰਿਹਾ ਹੈ।

ਇਸ ਫੈਸਲੇ ਨਾਲ ਸਰਕਾਰ ਵੱਲੋਂ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਾਈ ਗਈ ਹੈ ਤੇ ਅਧਿਆਪਕ ਵਿਰੋਧੀ ਚਿਹਰਾ ਨਸ਼ਰ ਹੋਇਆ ਹੈ। ਪੰਜਾਬ ਦੇ ਅਧਿਆਪਕ ਸੁਪਰੀਮ ਕੋਰਟ ਵੱਲੋਂ ਦੇਸ਼ ਭਰ ਦੇ ਅਧਿਆਪਕਾਂ ਨੂੰ ਸਰਵਿਸ ਵਿੱਚ ਬਣੇ ਰਹਿਣ ਅਤੇ ਪ੍ਰਮੋਸ਼ਨਾਂ ਸਮੇਂ ਜਬਰੀ ਟੈਸਟ ਲੈਣ ਦੇ ਦਿੱਤੇ ਫੈਸਲੇ ਦੇ ਖਿਲਾਫ ਪੰਜਾਬ ਦੇ ਅਧਿਆਪਕ ਪਿਛਲੇ ਦੋ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਹ ਪੰਜਾਬ ਦੇ ਅਧਿਆਪਕਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਦਿਆਂ ਵਿਧਾਨ ਸਭਾ ਵਿੱਚ ਮਤਾ ਪਾਸ ਕਰੇ ਅਤੇ ਸੁਪਰੀਮ ਕੋਰਟ ਵਿੱਚ ਸਰਕਾਰ ਰਿਵਿਊ ਪਟੀਸ਼ਨ ਪਾਵੇ।