Punjab News: ਕੱਚੇ ਅਧਿਆਪਕਾਂ ਨੇ ਬਹਾਲੀ ਲਈ ਖੋਲ੍ਹਿਆ ਮੋਰਚਾ; ਨੰਗਲ ਵਿਖੇ CM ਭਗਵੰਤ ਮਾਨ ਦਾ ਕਰਨਗੇ ਘਿਰਾਓ

 

Punjab News: ਕੱਚੇ ਅਧਿਆਪਕਾਂ ਨੇ ਬਹਾਲੀ ਲਈ ਖੋਲ੍ਹਿਆ ਮੋਰਚਾ; 31 ਮਾਰਚ ਨੂੰ ਨੰਗਲ ਵਿਖੇ CM ਭਗਵੰਤ ਮਾਨ ਦਾ ਕਰਨਗੇ ਘਿਰਾਓ

ਬਠਿੰਡਾ/ਨੰਗਲ, 29 ਮਾਰਚ 2026:

Punjab News: ਪਿਛਲੇ 9 ਮਹੀਨਿਆਂ ਤੋਂ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਨੇ ਆਪਣੀ ਬਹਾਲੀ ਲਈ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।

‘ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ’ ਵੱਲੋਂ 31 ਮਾਰਚ 2026 ਨੂੰ ਨੰਗਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ‘ਤੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਅਤੇ ਘਿਰਾਓ ਕੀਤਾ ਜਾਵੇਗਾ।

ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਦੀ ਬਹਾਲੀ ਦੇ ਹੁਕਮ ਜਾਰੀ ਕੀਤੇ ਜਾਣ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨਾਲ ‘ਮਤਰੇਈ ਮਾਂ’ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ, ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦਿੱਤਾ ਜਾਂਦਾ ਹੈ, ਪਰ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਬਿਨਾਂ ਰੁਜ਼ਗਾਰ ਦੇ ਸੰਘਰਸ਼ ਕਰ ਰਹੇ ਹਨ।

ਯੂਨੀਅਨ ਨੇ ਫੈਸਲਾ ਲਿਆ ਹੈ ਕਿ 31 ਮਾਰਚ ਨੂੰ ਰੋਪੜ ਜ਼ਿਲ੍ਹੇ ਦੇ ਨੰਗਲ ਵਿਖੇ ਮੁੱਖ ਮੰਤਰੀ ਨੂੰ ਰੋਸ ਪ੍ਰਦਰਸ਼ਨ ਰਾਹੀਂ ਘੇਰ ਕੇ ਆਪਣਾ ਮੰਗ ਪੱਤਰ ਸੌਂਪਿਆ ਜਾਵੇਗਾ। ਯੂਨੀਅਨ ਦੇ ਆਗੂਆਂ ਨੇ ਪੰਜਾਬ ਭਰ ਦੇ ਸਾਥੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਨੰਗਲ ਪਹੁੰਚਣ ਦੀ ਅਪੀਲ ਕੀਤੀ ਹੈ।

ਇਸ ਮੌਕੇ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਅਮਰਜੀਤ ਕੌਰ, ਕਾਤਾਂ ਰਾਣੀ, ਕਰਮਜੀਤ ਕੌਰ, ਜਰਨੈਲ ਸਿੰਘ ਕਾਹਨਗੜ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ, ਵਜ਼ੀਰ ਸਿੰਘ, ਵੀਰਪਾਲ ਕੌਰ ਅਤੇ ਹੋਰ ਕਈ ਅਧਿਆਪਕ ਆਗੂ ਮੌਜੂਦ ਸਨ, ਜਿਨ੍ਹਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।