Marriage Fake Call Centre: ਕੁਆਰੇ ਮੁੰਡਿਓਂ ਹੋ ਜਾਓ ਸਾਵਧਾਨ! ਵਿਆਹ ਕਰਵਾਉਣ ਦੇ ਨਾਮ ‘ਤੇ ਠੱਗੀ ਮਾਰਨ ਵਾਲੇ ਹਾਈਟੈਕ ਗਿਰੋਹ ਦਾ ਪਰਦਾਫਾਸ਼; 3 ਲੜਕੀਆਂ ਸਮੇਤ 6 ਗ੍ਰਿਫ਼ਤਾਰ
ਫਰਜ਼ੀ ਮੈਟਰੀਮੋਨੀਅਲ ਸਾਈਟ ਰਾਹੀਂ ਵਿਛਾਇਆ ਜਾਲ; ਪੁਲਿਸ ਨੇ 144 ਸਿਮ ਕਾਰਡ, ਲੈਪਟਾਪ ਅਤੇ ਮੋਬਾਈਲ ਕੀਤੇ ਬਰਾਮਦ
18 ਮਹੀਨਿਆਂ ਤੋਂ ਚੱਲ ਰਿਹਾ ਸੀ ‘ਸ਼ਾਦੀ.ਕੌਮ’ ਦੇ ਨਾਮ ‘ਤੇ ਫਰਜ਼ੀ ਕਾਲ ਸੈਂਟਰ; ਦੇਸ਼ ਭਰ ਵਿੱਚ 17 ਤੋਂ ਵੱਧ ਮੁਕੱਦਮੇ ਦਰਜ
Mastermind ਦੀ ਭਾਲ ਜਾਰੀ: ਆਗਰਾ ਦਾ ਅਮਿਤ ਚਲਾ ਰਿਹਾ ਸੀ ਨੈੱਟਵਰਕ; QR ਕੋਡ ਰਾਹੀਂ ਵਸੂਲੇ ਜਾਂਦੇ ਸਨ ਹਜ਼ਾਰਾਂ ਰੁਪਏ
ਫਤਿਹਪੁਰ (ਉੱਤਰ ਪ੍ਰਦੇਸ਼), 3 ਮਾਰਚ 2026:
Marriage Fake Call Centre: ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਦਬੋਚਿਆ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਨ੍ਹਾਂ ਨੂੰ ਵਿਆਹ ਦੇ ਝਾਂਸੇ ਵਿੱਚ ਫਸਾ ਕੇ ਲੱਖਾਂ ਦੀ ਠੱਗੀ ਮਾਰ ਰਿਹਾ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 3 ਲੜਕੀਆਂ ਵੀ ਸ਼ਾਮਿਲ ਹਨ।
ਕਿਵੇਂ ਮਾਰਦੇ ਸਨ ਠੱਗੀ?
ਇਹ ਗਿਰੋਹ ਬਹੁਤ ਹੀ ਸ਼ਾਤਰ ਤਰੀਕੇ ਨਾਲ ਕੰਮ ਕਰਦਾ ਸੀ… ਇਹ ਲੋਕ uniquerishtey.com ਨਾਮ ਦੀ ਵੈੱਬਸਾਈਟ ਰਾਹੀਂ ਵਿਆਹ ਦੇ ਇੱਛੁਕ ਲੋਕਾਂ ਦਾ ਡਾਟਾ ਹਾਸਲ ਕਰਦੇ ਸਨ।
ਪੀੜਤਾਂ ਨੂੰ 2,999 ਰੁਪਏ ਤੋਂ ਲੈ ਕੇ 19,999 ਰੁਪਏ ਤੱਕ ਦੇ ਵੱਖ-ਵੱਖ ਪੈਕੇਜ ਆਫ਼ਰ ਕੀਤੇ ਜਾਂਦੇ ਸਨ।
ਵਟਸਐਪ ‘ਤੇ ਲੜਕੇ-ਲੜਕੀਆਂ ਦੀਆਂ ਫਰਜ਼ੀ ਫੋਟੋਆਂ ਭੇਜ ਕੇ ਗੱਲਬਾਤ ਕਰਵਾਈ ਜਾਂਦੀ ਸੀ ਅਤੇ ਜਿਵੇਂ ਹੀ ਪੈਸੇ QR ਕੋਡ ਰਾਹੀਂ ਖਾਤੇ ਵਿੱਚ ਆਉਂਦੇ, ਮੁਲਜ਼ਮ ਆਪਣਾ ਸੰਪਰਕ ਤੋੜ ਲੈਂਦੇ ਸਨ।
ਪੁਲਿਸ ਦੀ ਛਾਪੇਮਾਰੀ ਅਤੇ ਬਰਾਮਦਗੀ
ਐਸ.ਪੀ. ਫਤਿਹਪੁਰ ਅਭਿਮਨਿਊ ਮਾਂਗਲਿਕ ਨੇ ਦੱਸਿਆ ਕਿ ਰਾਧਾ ਨਗਰ ਥਾਣਾ ਖੇਤਰ ਦੇ ਦੇਵੀਗੰਜ ਇਲਾਕੇ ਵਿੱਚ ਇੱਕ ਕਿਰਾਏ ਦੇ ਮਕਾਨ ‘ਚ ਇਹ ਕਾਲ ਸੈਂਟਰ ਪਿਛਲੇ 18 ਮਹੀਨਿਆਂ ਤੋਂ ਚੱਲ ਰਿਹਾ ਸੀ। ਪੁਲਿਸ ਨੇ ਮੌਕੇ ਤੋਂ 144 ਸਿਮ ਕਾਰਡ, ਕਈ ਲੈਪਟਾਪ ਅਤੇ ਕੰਪਿਊਟਰ ਅਤੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਨੇ ਸਿਰਫ਼ ਉੱਤਰ ਪ੍ਰਦੇਸ਼ ਹੀ ਨਹੀਂ, ਸਗੋਂ ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਦਿੱਲੀ ਸਮੇਤ ਕਈ ਰਾਜਾਂ ਦੇ ਸੈਂਕੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਨ੍ਹਾਂ ਖ਼ਿਲਾਫ਼ ਵੱਖ-ਵੱਖ ਰਾਜਾਂ ਵਿੱਚ 17 ਤੋਂ ਵੱਧ ਮੁਕੱਦਮੇ ਪਹਿਲਾਂ ਹੀ ਦਰਜ ਹਨ।
ਪੁਲਿਸ ਅਨੁਸਾਰ ਇਸ ਪੂਰੇ ਗਿਰੋਹ ਦਾ ਮੁੱਖ ਸਰਗਣਾ ਆਗਰਾ ਦਾ ਰਹਿਣ ਵਾਲਾ ਅਮਿਤ ਹੈ, ਜੋ ਕਿ ਫਿਲਹਾਲ ਫ਼ਰਾਰ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਨਾਲ ਹੀ, ਇੰਨੀ ਵੱਡੀ ਮਾਤਰਾ ਵਿੱਚ ਸਿਮ ਕਾਰਡ ਮੁਹੱਈਆ ਕਰਵਾਉਣ ਵਾਲਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਮੈਟਰੀਮੋਨੀਅਲ ਸਾਈਟਾਂ ਦੀ ਵਰਤੋਂ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਬਿਨਾਂ ਪੁਸ਼ਟੀ ਕੀਤੇ ਪੈਸੇ ਨਾ ਭੇਜੇ ਜਾਣ।






