ਵੱਡੀ ਖ਼ਬਰ: AAP ਵਿਧਾਇਕਾ ਦਾ ਫ਼ੋਨ ਨਾ ਚੁੱਕਣ ਵਾਲੇ ਅਫ਼ਸਰ ਦਾ ਤਬਾਦਲਾ

 

ਵੱਡੀ ਖ਼ਬਰ: AAP ਵਿਧਾਇਕਾ ਦਾ ਫ਼ੋਨ ਨਾ ਚੁੱਕਣ ਵਾਲੇ ਅਫ਼ਸਰ ਦਾ ਤਬਾਦਲਾ

ਚੰਡੀਗੜ੍ਹ, 9 ਅਪ੍ਰੈਲ 2026- ਤਲਵੰਡੀ ਸਾਬੋ ਤੋਂ ਵਿਧਾਇਕਾ ਅਤੇ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਚੀਫ਼ ਵ੍ਹਿਪ ਬਲਜਿੰਦਰ ਕੌਰ ਵੱਲੋਂ ਬਠਿੰਡਾ ਦੇ ਜਿਸ ਮੁੱਖ ਖੇਤੀਬਾੜੀ ਅਧਿਕਾਰੀ (CAO) ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ ਸੀ, ਉਸ ਦਾ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ।

ਵਿਧਾਇਕਾ ਨੇ ਅਧਿਕਾਰੀ ‘ਤੇ ਅਸਹਿਯੋਗ ਦੇ ਦੋਸ਼ ਲਾਉਂਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਨ੍ਹਾਂ ਦੀ ਤਬਾਦਲੇ ਲਈ ਪੱਤਰ ਲਿਖਿਆ ਸੀ।

ਬਲਜਿੰਦਰ ਕੌਰ ਨੇ ਆਪਣੀ ਚਿੱਠੀ ਵਿੱਚ ਦੋਸ਼ ਲਾਇਆ ਹੈ ਕਿ ਮੁੱਖ ਖੇਤੀਬਾੜੀ ਅਧਿਕਾਰੀ ਹਰਬੰਸ ਸਿੰਘ ਸਰਕਾਰੀ ਕੰਮਾਂ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ।

ਅਧਿਕਾਰੀ ਵਿਰੁੱਧ ਪਹਿਲਾਂ ਹੀ ਕਈ ਸ਼ਿਕਾਇਤਾਂ ਹਨ ਅਤੇ ਉਹ ਚੁਣੇ ਹੋਏ ਨੁਮਾਇੰਦਿਆਂ ਦੇ ਫ਼ੋਨ ਤੱਕ ਚੁੱਕਣਾ ਮੁਨਾਸਿਬ ਨਹੀਂ ਸਮਝਦੇ।

ਇਸੇ ਕਾਰਨ ਉਨ੍ਹਾਂ ਨੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਧਿਕਾਰੀ ਦੀ ਬਦਲੀ ਦੀ ਸਿਫਾਰਸ਼ ਕੀਤੀ।

ਖੇਤੀਬਾੜੀ ਅਧਿਕਾਰੀ ਦਾ ਪੱਖ, “ਵੀਡੀਓ ਕਾਨਫਰੰਸ ‘ਚ ਸੀ ਰੁੱਝਿਆ”

ਦੂਜੇ ਪਾਸੇ, ਮੁੱਖ ਖੇਤੀਬਾੜੀ ਅਧਿਕਾਰੀ ਹਰਬੰਸ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਜਾਣਬੁੱਝ ਕੇ ਫ਼ੋਨ ਨਜ਼ਰਅੰਦਾਜ਼ ਨਹੀਂ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜਦੋਂ ਵਿਧਾਇਕਾ ਦਾ ਫ਼ੋਨ ਆਇਆ, ਉਹ ਇੱਕ ਅਹਿਮ ਵੀਡੀਓ ਕਾਨਫਰੰਸ ਵਿੱਚ ਰੁੱਝੇ ਹੋਏ ਸਨ।

ਬਾਅਦ ਵਿੱਚ ਉਨ੍ਹਾਂ ਨੇ ਵਿਧਾਇਕਾ ਦੇ ਪੀ.ਏ. (PA) ਨਾਲ ਗੱਲ ਕਰਕੇ ਮਿਲਣ ਦਾ ਸਮਾਂ ਵੀ ਮੰਗਿਆ ਸੀ। ਉਨ੍ਹਾਂ ਨੂੰ ਵੀਰਵਾਰ ਨੂੰ ਮਿਲਣ ਲਈ ਕਿਹਾ ਗਿਆ ਸੀ, ਪਰ ਰੁਝੇਵਿਆਂ ਕਾਰਨ ਮੁਲਾਕਾਤ ਨਹੀਂ ਹੋ ਸਕੀ।