ਸਿੱਖਿਆ ਕ੍ਰਾਂਤੀ ਦੇ ਝੂਠੇ ਨਾਅਰੇ! ਸਰਕਾਰ ਵੱਲੋਂ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਤਿਆਰੀ

 

ਸਿੱਖਿਆ ਕ੍ਰਾਂਤੀ ਦੇ ਝੂਠੇ ਨਾਅਰੇ! ਸਰਕਾਰ ਵੱਲੋਂ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਤਿਆਰੀ

9 ਵਿਸ਼ਿਆਂ ਨੂੰ ਪੜ੍ਹਾਉਣਗੇ ਸਿਰਫ ਦੋ ਅਧਿਆਪਕ।

ਸੰਗਰੂਰ, 14 ਅਪ੍ਰੈਲ 2026- “ਸਿੱਖਿਆ ਦੀ ਕਾਇਆ ਪਲਟ ਕਰਨ ਵਰਗੇ ਨਾਅਰੇ ਦੇ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਦੇ ਝੂਠੇ ਨਾਅਰੇ ਦੇ ਸਿੱਖਿਆ ਨੂੰ ਹੀ ਖ਼ਤਮ ਕਰਨ ਦਾ ਬੀੜਾ ਚੁੱਕ ਲਿਆ ਹੈ।”

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਬੀਤੀ 10 ਅਪ੍ਰੈਲ ਨੂੰ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਦੇ ਦਸਤਖਤਾਂ ਹੇਠ ਜ਼ਾਰੀ ਹੋਏ ਪੱਤਰ ਵਿੱਚ ਮਿਡਲ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਦੇ ਅਧਾਰ ‘ਤੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕਿਸੇ ਹੋਰ ਸਕੂਲ ਵਿੱਚ ਕਰਨ ਦੇ ਨਿਰਦੇਸ਼ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਦਿੱਤੇ ਗਏ ਹਨ।

ਪੰਜਾਬੀ, ਹਿੰਦੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ, ਅੰਗਰੇਜ਼ੀ, ਸਰੀਰਕ ਸਿੱਖਿਆ, ਡਰਾਇੰਗ, ਕੰਪਿਊਟਰ ਅਤੇ ਖੇਤੀਬਾੜੀ ਵਰਗੇ 9 ਵਿਸ਼ਿਆਂ ਨੂੰ ਹੁਣ ਸਿਰਫ 2 ਅਧਿਆਪਕ ਹੀ ਪੜ੍ਹਾਉਣਗੇ।

ਆਗੂਆਂ ਨੇ ਦੱਸਿਆ ਕਿ ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਨੂੰ ਵਿਸ਼ਾ ਮਾਹਰ ਅਧਿਆਪਕ ਹੀ ਪੜ੍ਹਾ ਸਕਦੇ ਹਨ, ਪਰ ਸਰਕਾਰ ਨੇ ਮਿਡਲ ਸਕੂਲਾਂ ਨੂੰ ਪ੍ਰਾਇਮਰੀ ਸਕੂਲਾਂ ਵਾਂਗ ਸਾਰੇ ਵਿਸ਼ੇ ਇੱਕ ਜਾਂ ਦੋ ਅਧਿਆਪਕਾਂ ਨੂੰ ਪੜ੍ਹਾਉਣ ਦਾ ਤੁਗਲਕੀ ਫੁਰਮਾਨ ਜ਼ਾਰੀ ਕਰ ਦਿੱਤਾ ਹੈ।

ਉਪਰੋਕਤ ਪੱਤਰ ਵਿੱਚ 30 ਦੀ ਗਿਣਤੀ ਵਾਲੇ ਮਿਡਲ ਸਕੂਲਾਂ ਵਿੱਚ 2 ਅਧਿਆਪਕ, 60 ਤੱਕ 3 ਅਧਿਆਪਕ ਅਤੇ 90 ਤੱਕ 4 ਅਧਿਆਪਕ ਹੀ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਇਸ ਗਿਣਤੀ ਤੋਂ ਵਧ ਰਹੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਹੋਰ ਸਕੂਲਾਂ ਵਿੱਚ ਕਰਨ ਦਾ ਹੁਕਮ ਦਿੱਤਾ ਹੈ।

ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਜਥੇਬੰਦਕ ਸਕੱਤਰ ਪਵਨ ਕੁਮਾਰ ਤੇ ਵਿੱਤ ਸਕੱਤਰ ਯਾਦਵਿੰਦਰ ਧੂਰੀ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬੀ ਦਾ ਅਧਿਆਪਕ ਗਣਿਤ, ਸਾਇੰਸ, ਅੰਗਰੇਜ਼ੀ, ਸਰੀਰਕ ਸਿੱਖਿਆ, ਸਮਾਜਿਕ ਸਿੱਖਿਆ ਜਾਂ ਹਿੰਦੀ ਵਰਗੇ ਵਿਸ਼ੇ ਨੂੰ ਕਿਵੇਂ ਪੜ੍ਹਾਵੇਗਾ?

ਇਸੇ ਤਰ੍ਹਾਂ ਦੂਜੇ ਵਿਸ਼ੇ ਦਾ ਅਧਿਆਪਕ ਬਾਕੀ ਵਿਸ਼ਿਆਂ ਨਾਲ ਕਿਵੇਂ ਇਨਸਾਫ਼ ਕਰੇਗਾ? ਆਗੂਆਂ ਨੇ ਕਿਹਾ ਕਿ ਮਿਡਲ ਸਕੂਲਾਂ ਵਿੱਚ ਪਹਿਲਾਂ ਹੀ ਸਿਰਫ ਚਾਰ ਵਿਸ਼ਿਆਂ ਦੇ ਅਧਿਆਪਕ ਰੱਖਣ ਦਾ ਫ਼ੈਸਲਾ ਸਿੱਖਿਆ ਵਿਭਾਗ ਨੇ ਕੀਤਾ ਹੋਇਆ ਹੈ, ਪਰ ਹੁਣ ਚਾਰ ਦੀ ਥਾਂ ਦੋ ਅਧਿਆਪਕ ਰੱਖਣ ਦਾ ਫ਼ੈਸਲਾ ਦੇ ਦਿੱਤਾ ਹੈ।

ਜਥੇਬੰਦੀ ਨੇ ਮੰਗ ਕੀਤੀ ਕਿ ਸਰਕਾਰ ਉਕਤ ਪੱਤਰ ਵਾਪਿਸ ਲੈ ਕੇ ਮਿਡਲ ਸਕੂਲਾਂ ਸਮੇਤ ਸਾਰੇ ਸਕੂਲਾਂ ਵਿੱਚ ਹਰੇਕ ਵਿਸ਼ੇ ਦਾ ਅਧਿਆਪਕ ਨਿਯੁਕਤ ਕਰੇ। ਉਹਨਾਂ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਬੇਰੁਜਗਾਰ ਅਧਿਆਪਕ ਲਗਾਤਾਰ ਆਪਣੀਆਂ ਨੌਕਰੀਆਂ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਸਰਕਾਰ ਅਧਿਆਪਕ ਦੀ ਨਵੀਂ ਭਰਤੀ ਤੁਰੰਤ ਕਰੇ।