ਗਦਾਰਾਂ ਦੀ ਕੁਰਸੀ ਜਾਣੀ ਤੈਅ! ਹੁਣ ਹਰਪਾਲ ਚੀਮਾ ਦਾ ਵੱਡਾ ਧਮਾਕਾ; 2 ਰਾਜ ਸਭਾ ਮੈਂਬਰਾਂ ਦੇ ਦਸਤਖਤਾਂ ਨੂੰ ਦੱਸਿਆ ‘ਫਰਜ਼ੀ’

On: ਅਪ੍ਰੈਲ 25, 2026 1:44 ਬਾਃ ਦੁਃ

 

ਗਦਾਰਾਂ ਦੀ ਕੁਰਸੀ ਜਾਣੀ ਤੈਅ! ਹੁਣ ਹਰਪਾਲ ਚੀਮਾ ਦਾ ਵੱਡਾ ਧਮਾਕਾ; 2 ਰਾਜ ਸਭਾ ਮੈਂਬਰਾਂ ਦੇ ਦਸਤਖਤਾਂ ਨੂੰ ਦੱਸਿਆ ‘ਫਰਜ਼ੀ’

ਚੰਡੀਗੜ੍ਹ 25 ਅਪ੍ਰੈਲ 2026: ਪੰਜਾਬ ਤੋਂ ‘ਆਮ ਆਦਮੀ ਪਾਰਟੀ’ ਦੇ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਦਾਅਵਾ ਕੀਤਾ ਹੈ। ਇੱਕ ਨਿੱਜੀ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਮੈਂਬਰ ਭਾਜਪਾ ਵਿੱਚ ਗਏ ਹਨ, ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਵਾਉਣ ਲਈ ਪਾਰਟੀ ਹੁਣ ਉਪ-ਰਾਸ਼ਟਰਪਤੀ ਤੱਕ ਪਹੁੰਚ ਕਰ ਰਹੀ ਹੈ।

ਚੀਮਾ ਨੇ ਦਾਅਵਾ ਕੀਤਾ ਕਿ ਭਾਜਪਾ ਵੱਲੋਂ ਦਿਖਾਏ ਗਏ ਦਸਤਖਤਾਂ ਵਿੱਚ ਹੇਰਾਫੇਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਵਾਤੀ ਮਾਲੀਵਾਲ ਨੇ ਕਿਸੇ ਟਵੀਟ ਜਾਂ ਬਿਆਨ ਵਿੱਚ ਦਸਤਖਤ ਕਰਨ ਦੀ ਪੁਸ਼ਟੀ ਨਹੀਂ ਕੀਤੀ ਅਤੇ ਰਜਿੰਦਰ ਗੁਪਤਾ ਇਸ ਵੇਲੇ ਆਪਣੀ ਸਰਜਰੀ ਕਰਵਾ ਰਹੇ ਹਨ। ਅਜਿਹੇ ਵਿੱਚ 2/3 ਬਹੁਮਤ ਦਿਖਾਉਣ ਲਈ ਕੀਤੇ ਗਏ ਦਸਤਖਤ ਨਕਲੀ ਹੋ ਸਕਦੇ ਹਨ।

ਚੀਮਾ ਅਨੁਸਾਰ, ਅੱਜ ਸੰਜੇ ਸਿੰਘ ਅਤੇ ਐਨ.ਡੀ. ਗੁਪਤਾ ਉਪ-ਰਾਸ਼ਟਰਪਤੀ (ਰਾਜ ਸਭਾ ਦੇ ਸਭਾਪਤੀ) ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦੇਣਗੇ ਤਾਂ ਜੋ ਐਂਟੀ-ਡਿਫੈਕਸ਼ਨ ਲਾਅ (ਦਲ-ਬਦਲੀ ਕਾਨੂੰਨ) ਤਹਿਤ ਇਨ੍ਹਾਂ ਨੂੰ ਡਿਸਕੁਆਲੀਫਾਈ ਕੀਤਾ ਜਾਵੇ।

ਹਰਪਾਲ ਚੀਮਾ ਨੇ ਕਿਹਾ ਕਿ ਹਰਭਜਨ ਸਿੰਘ ਨੇ ਆਪਣੀ ‘ਕਮੈਂਟਰੀ’ ਬਚਾਉਣ ਲਈ ਗਦਾਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ BCCI ਅਤੇ ICCI ‘ਤੇ ਭਾਜਪਾ ਦਾ ਕਬਜ਼ਾ ਹੈ, ਜਿਸ ਦੇ ਡਰੋਂ ਹਰਭਜਨ ਭਾਜਪਾ ਵਿੱਚ ਚਲੇ ਗਏ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਅਸ਼ੋਕ ਮਿੱਤਲ ‘ਤੇ ਰੇਡ ਕਰਵਾ ਕੇ ਅਤੇ ਹੋਰਾਂ ਨੂੰ ਫੈਕਟਰੀਆਂ ਬੰਦ ਕਰਵਾਉਣ ਦੀਆਂ ਧਮਕੀਆਂ ਦੇ ਕੇ ਡਰਾਇਆ ਗਿਆ ਹੈ। ਇਹ ਸੰਵਿਧਾਨ ਦੀ ਆਤਮਾ ‘ਤੇ ਹਮਲਾ ਹੈ।

ਰਾਘਵ ਚੱਢਾ ਅਤੇ ਸੰਦੀਪ ਪਾਠਕ ਦੇ ਜਾਣ ਨਾਲ ਪਾਰਟੀ ਨੂੰ ਨੁਕਸਾਨ ਹੋਣ ਦੇ ਸਵਾਲ ‘ਤੇ ਚੀਮਾ ਨੇ ਕਿਹਾ ਕਿ 2022 ਦੀ ਜਿੱਤ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਭਗਵੰਤ ਮਾਨ ਦੇ ਚਿਹਰੇ ‘ਤੇ ਹੋਈ ਸੀ। ਉਨ੍ਹਾਂ ਕਿਹਾ, “ਜਿਹੜੇ ਗਏ ਹਨ, ਉਨ੍ਹਾਂ ਨੂੰ 16 ਮਹੀਨਿਆਂ ਬਾਅਦ ਪੰਜਾਬ ਵਿੱਚ ਕੋਈ ਰਿਕਸ਼ੇ ‘ਤੇ ਵੀ ਨਹੀਂ ਬਿਠਾਏਗਾ।”

ਜੇਕਰ ਉਪ-ਰਾਸ਼ਟਰਪਤੀ ਇਨ੍ਹਾਂ ਮੈਂਬਰਾਂ ਨੂੰ ਡਿਸਕੁਆਲੀਫਾਈ ਕਰ ਦਿੰਦੇ ਹਨ, ਤਾਂ ਉਨ੍ਹਾਂ ਦੀਆਂ ਸੀਟਾਂ ਖਾਲੀ ਹੋ ਜਾਣਗੀਆਂ। ਹਰਪਾਲ ਚੀਮਾ ਨੇ ਸਪੱਸ਼ਟ ਕੀਤਾ ਕਿ ਪਾਰਟੀ ਇਨ੍ਹਾਂ ਦੀ ਜਗ੍ਹਾ ਨਵੇਂ ਅਤੇ ਵਫ਼ਾਦਾਰ ਚਿਹਰੇ ਚੁਣ ਕੇ ਰਾਜ ਸਭਾ ਵਿੱਚ ਭੇਜੇਗੀ। “ਭਾਜਪਾ ਨੇ ਸੰਵਿਧਾਨ ਦੀ ਮਰਿਆਦਾ ਨੂੰ ਛਿੱਕੇ ਟੰਗਿਆ ਹੈ। ਪੰਜਾਬ ਦੇ 3 ਕਰੋੜ ਲੋਕ ਇਨ੍ਹਾਂ ਗਦਾਰਾਂ ਨੂੰ ਸਬਕ ਸਿਖਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਦਾ ਸੁਪੜਾ ਸਾਫ਼ ਹੋ ਜਾਵੇਗਾ।”

 

Join WhatsApp

Join Now

Leave a Comment