‘ਠੱਗ ਜੋਤਿਸ਼ੀ’ ਨੇ ਕੀਤਾ ਵੱਡਾ ਕਾਂਡ! ਪਰਿਵਾਰ ਕੋਲੋਂ ਹਵਨ ਦੇ ਨਾਮ ‘ਤੇ ਮੰਗੇ ਸੋਨੇ ਦੇ ਗਹਿਣੇ, ਅੱਖਾਂ ਮੀਚ ਕੇ ਹੋਇਆ ਫ਼ਰਾਰ; ਪੋਟਲੀ ‘ਚੋਂ ਨਿਕਲੇ ਛੁਆਰੇ

 

‘ਠੱਗ ਜੋਤਿਸ਼ੀ’ ਨੇ ਕੀਤਾ ਵੱਡਾ ਕਾਂਡ! ਪਰਿਵਾਰ ਕੋਲੋਂ ਹਵਨ ਦੇ ਨਾਮ ‘ਤੇ ਮੰਗੇ ਸੋਨੇ ਦੇ ਗਹਿਣੇ, ਅੱਖਾਂ ਮੀਚ ਕੇ ਹੋਇਆ ਫ਼ਰਾਰ; ਪੋਟਲੀ ‘ਚੋਂ ਨਿਕਲੇ ਛੁਆਰੇ

ਭਵਾਨੀਗੜ੍ਹ/ਸੰਗਰੂਰ 27 ਅਪ੍ਰੈਲ 2026: ਭਵਾਨੀਗੜ੍ਹ ਇਲਾਕੇ ਵਿੱਚ ਇੱਕ ਅਖੌਤੀ ਜੋਤਸ਼ੀ ਵੱਲੋਂ ਘਰ ਦੀਆਂ ਪਰੇਸ਼ਾਨੀਆਂ ਦੂਰ ਕਰਨ ਦਾ ਝਾਂਸਾ ਦੇ ਕੇ ਇੱਕ ਪਰਿਵਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਜੋਤਸ਼ੀ ਪਰਿਵਾਰ ਦੇ ਸੋਨੇ ਦੇ ਗਹਿਣੇ ਲੈ ਕੇ ਰਫ਼ੂ-ਚੱਕਰ ਹੋ ਗਿਆ ਅਤੇ ਬਦਲੇ ਵਿੱਚ ਨਕਲੀ ਪੋਟਲੀ ਫੜਾ ਗਿਆ।

ਪਿੰਡ ਬਾਲਦ ਖੁਰਦ (ਬਾਸਿਆਰਖ) ਦੇ ਰਹਿਣ ਵਾਲੇ ਗੁਲਾਬ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਤੰਬਰ 2025 ਦੌਰਾਨ ਭਵਾਨੀਗੜ੍ਹ ਵਿੱਚ ਕਿਰਾਏ ਦੀ ਦੁਕਾਨ ਚਲਾਉਣ ਵਾਲੇ ਮੁਕੇਸ਼ ਕੁਮਾਰ ਸ਼ਰਮਾ ਨਾਮੀ ਜੋਤਸ਼ੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਜੋਤਸ਼ੀ ਨੇ ਦਾਅਵਾ ਕੀਤਾ ਕਿ ਉਹ ਹਵਨ ਕਰਵਾ ਕੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦੇਵੇਗਾ। ਉਸ ਨੇ ਹਵਨ ਲਈ 11 ਸੋਨੇ ਦੀਆਂ ਵਸਤੂਆਂ ਦੀ ਮੰਗ ਕੀਤੀ।

ਇੰਝ ਦਿੱਤਾ ਠੱਗੀ ਨੂੰ ਅੰਜਾਮ

ਜੋਤਸ਼ੀ ਦੀਆਂ ਗੱਲਾਂ ਵਿੱਚ ਆ ਕੇ ਗੁਲਾਬ ਸਿੰਘ ਨੇ ਆਪਣੀ ਪਤਨੀ ਦੇ ਸਾਢੇ 5 ਤੋਲੇ ਸੋਨੇ ਦੇ ਗਹਿਣੇ ਇੱਕ ਕੱਪੜੇ ਦੀ ਪੋਟਲੀ ਵਿੱਚ ਬੰਨ੍ਹ ਕੇ ਉਸ ਨੂੰ ਦੇ ਦਿੱਤੇ।

ਠੱਗ ਜੋਤਸ਼ੀ ਨੇ ਬੜੀ ਚਲਾਕੀ ਨਾਲ ਅਸਲੀ ਗਹਿਣਿਆਂ ਵਾਲੀ ਪੋਟਲੀ ਬਦਲ ਦਿੱਤੀ ਅਤੇ ਨਕਲੀ ਪੋਟਲੀ ਵਾਪਸ ਕਰਦਿਆਂ ਕਿਹਾ ਕਿ ਇਸ ਨੂੰ ਪੰਜ ਦਿਨਾਂ ਤੋਂ ਪਹਿਲਾਂ ਨਾ ਖੋਲ੍ਹਿਆ ਜਾਵੇ।

ਪੋਟਲੀ ਖੋਲ੍ਹੀ ਤਾਂ ਨਿਕਲੇ ‘ਛੁਆਰੇ’

ਪੰਜ ਦਿਨਾਂ ਬਾਅਦ ਜਦੋਂ ਪਰਿਵਾਰ ਨੇ ਉਤਸੁਕਤਾ ਨਾਲ ਪੋਟਲੀ ਖੋਲ੍ਹੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਸੋਨੇ ਦੇ ਗਹਿਣਿਆਂ ਦੀ ਜਗ੍ਹਾ ਪੋਟਲੀ ਵਿੱਚੋਂ ਛੁਆਰੇ ਨਿਕਲੇ।

ਜਦੋਂ ਪੀੜਤ ਨੇ ਜੋਤਸ਼ੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਫ਼ੋਨ ਬੰਦ ਸੀ ਅਤੇ ਉਹ ਦੁਕਾਨ ਖ਼ਾਲੀ ਕਰਕੇ ਫ਼ਰਾਰ ਹੋ ਚੁੱਕਾ ਸੀ।

ਪੁਲਿਸ ਚੌਕੀ ਘਰਾਚੋਂ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਗੁਲਾਬ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮੁਕੇਸ਼ ਕੁਮਾਰ ਸ਼ਰਮਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸੇ ਜੋਤਸ਼ੀ ਵਿਰੁੱਧ ਪਹਿਲਾਂ ਵੀ ਭੀਖੀ ਪੁਲਿਸ ਵੱਲੋਂ ਠੱਗੀ ਦਾ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕੀਤਾ ਜਾ ਚੁੱਕਾ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਅਖੌਤੀ ਬਾਬਿਆਂ ਅਤੇ ਜੋਤਸ਼ੀਆਂ ਦੇ ਚੁੰਗਲ ਵਿੱਚ ਨਾ ਫਸਣ ਅਤੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣੀਆਂ ਕੀਮਤੀ ਵਸਤੂਆਂ ਨਾ ਸੌਂਪਣ।