ਪੰਜਾਬ ‘ਚ ਵੱਡੀ ਵਾਰਦਾਤ! ਵਿਅਕਤੀ ਵੱਲੋਂ ਸਹੁਰੇ ਅਤੇ ਸਾਲੇ ਦਾ ਗੋਲੀਆਂ ਮਾਰ ਕੇ ਕਤਲ

 

ਪੰਜਾਬ ‘ਚ ਵੱਡੀ ਵਾਰਦਾਤ! ਵਿਅਕਤੀ ਵੱਲੋਂ ਸਹੁਰੇ ਅਤੇ ਸਾਲੇ ਦਾ ਗੋਲੀਆਂ ਮਾਰ ਕੇ ਕਤਲ

ਦਿੜਬਾ/ਸੰਗਰੂਰ 30 ਅਪ੍ਰੈਲ 2026: ਪੰਜਾਬ ਦੇ ਸੰਗਰੂਰ ਦੇ ਦਿੜਬਾ ਇਲਾਕੇ ਦੇ ਪਿੰਡ ਸ਼ਾਦੀਹਰੀ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਬਹੁਤ ਹੀ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ।

ਇੱਥੇ ਇੱਕ ਜਵਾਈ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਹੀ ਸਹੁਰੇ ਅਤੇ ਸਾਲੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੋਹਰੇ ਕਤਲ ਕਾਂਡ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਾਦੀਹਰੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦਾ ਆਪਣੀ ਪਤਨੀ ਵੀਰਪਾਲ ਕੌਰ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਵੀਰਪਾਲ ਕੌਰ ਪਟਿਆਲਾ ਦੇ ਪਿੰਡ ਰਸੌਲੀ ਦੀ ਰਹਿਣ ਵਾਲੀ ਹੈ।

ਅਕਸਰ ਹੁੰਦੇ ਝਗੜਿਆਂ ਨੂੰ ਖ਼ਤਮ ਕਰਨ ਅਤੇ ਸਮਝੌਤਾ ਕਰਵਾਉਣ ਦੇ ਮਕਸਦ ਨਾਲ ਬੀਤੀ ਰਾਤ ਵੀਰਪਾਲ ਦੇ ਪਿਤਾ ਲਖਬੀਰ ਸਿੰਘ ਅਤੇ ਉਸਦਾ ਭਰਾ ਜਗਸੀਰ ਸਿੰਘ ਪਿੰਡ ਸ਼ਾਦੀਹਰੀ ਆਏ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਸਮਝੌਤੇ ਲਈ ਗੱਲਬਾਤ ਚੱਲ ਰਹੀ ਸੀ, ਪਰ ਗੱਲ ਸੁਲਝਣ ਦੀ ਬਜਾਏ ਹੋਰ ਵਿਗੜ ਗਈ।

ਬਹਿਸ ਇੰਨੀ ਵਧ ਗਈ ਕਿ ਗੁਰਵਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਣਾ ਆਪਾ ਖੋਹ ਦਿੱਤਾ ਅਤੇ ਘਰ ਵਿੱਚ ਰੱਖੀ ਬੰਦੂਕ ਨਾਲ ਆਪਣੇ ਸਹੁਰੇ ਅਤੇ ਸਾਲੇ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦਿੜਬਾ ਅਧੀਨ ਪੈਂਦੀ ਚੌਕੀ ਕੌਹਰੀਆਂ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਐਸ.ਐਚ.ਓ. ਜਗਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।