ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਡਾ. ਬਲਰਾਮ ਸ਼ਰਮਾ ਦੀ ਪੁਸਤਕ ‘ਲਖ਼ਤ ਪਾਸ਼ਾ ਦੇ ਸੱਤ ਡਰਾਮੇ’ ਰਿਲੀਜ਼
‘ਲਖ਼ਤ ਪਾਸ਼ਾ ਦੇ ਸੱਤ ਡਰਾਮੇ’ ਰਾਜਸੀ ਚੇਤਨਾ ਪੈਦਾ ਕਰਨ ਵਾਲੀ ਤਨਜ਼ ਭਰਪੂਰ ਨਾਟ- ਪੁਸਤਕ- ਡਾ. ਅਮਰਪਾਲ ਸਿੰਘ
ਮੋਹਾਲੀ, 5 ਮਈ 2026- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਰਿਟਾ. ਆਈ.ਏ.ਐਸ.) ਵੱਲੋਂ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਦੀ ਪੁਸਤਕ ‘ਲਖ਼ਤ ਪਾਸ਼ਾ ਦੇ ਸੱਤ ਡਰਾਮੇ’ ਰਿਲੀਜ਼ ਕੀਤੀ ਗਈ।
ਇਸ ਮੌਕੇ ਉਹਨਾਂ ਨਾਲ ਸਿੱਖਿਆ ਬੋਰਡ ਦੇ ਸਕੱਤਰ ਕੇਸ਼ਵ ਗੋਇਲ, ਉਪ ਸਕੱਤਰ ਸੰਦੀਪ ਵਰਮਾ, ਗੁਰਤੇਜ ਸਿੰਘ, ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਅਤੇ ਬਲਜੀਤ ਸਿੰਘ ਰਾਮਗੜ੍ਹ ਮੌਜੂਦ ਸਨ।
ਆਪਣੇ ਸੰਬੋਧਨ ਦੌਰਾਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਡਾ. ਬਲਰਾਮ ਸ਼ਰਮਾ ਸਿੱਖਿਆ ਅਤੇ ਨਾਟ-ਜਗਤ ਦੀ ਇਕ ਮਾਇਨਾਜ਼ ਸ਼ਖਸ਼ੀਅਤ ਹਨ, ਉਨ੍ਹਾਂ ਵੱਲੋਂ ਲਿਖੀ ਇਹ ਪੁਸਤਕ ਪਾਕਿਸਤਾਨ ਦੇ ਮਸ਼ਹੂਰ ਅਤੇ ਮਰਹੂਮ ਕ੍ਰਾਂਤੀਕਾਰੀ ਨਾਟਕਕਾਰ ਲਖ਼ਤ ਪਾਸ਼ਾ ਦੇ ਸ਼ਾਹਮੁਖੀ ਵਿਚ ਲਿਖੇ ਡਰਾਮਿਆਂ ਦਾ ਗੁਰਮੁਖੀ ਵਿੱਚ ਲਿਪੀ-ਅੰਤਰ ਹੈ।
ਇਹ ਪੁਸਤਕ ਰਾਜਸੀ ਚੇਤਨਾ ਪੈਦਾ ਕਰਨ ਵਾਲੀ ਤਨਜ਼ ਭਰਪੂਰ ਨਾਟ- ਪੁਸਤਕ ਹੈ, ਜੋ ਪੰਜਾਬੀ ਨਾਟ ਜਗਤ ਵਿੱਚ ਆਪਣਾ ਵਿਲੱਖਣ ਅਤੇ ਵਿਸ਼ੇਸ਼ ਮੁਕਾਮ ਹਾਸਲ ਕਰੇਗੀ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਕੱਤਰ ਕੇਸ਼ਵ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਪੁਸਤਕ ਸੱਭਿਆਚਾਰ ਪੈਦਾ ਕਰਨਾ ਸਮੇਂ ਦੀ ਲੋੜ ਹੈ, ਜਿਸ ਵਿੱਚ ਡਾ.ਬਲਰਾਮ ਸ਼ਰਮਾ ਵਰਗੇ ਲੇਖਕਾਂ ਦੀਆਂ ਪੁਸਤਕਾਂ ਆਪਣਾ ਵੱਡਾ ਰੋਲ ਨਿਭਾ ਸਕਦੀਆਂ ਹਨ।
ਉਪ ਸਕੱਤਰ ਸੰਦੀਪ ਵਰਮਾ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਅਨੁਵਾਦਿਤ ਤੇ ਲਿਪੀਅੰਤਰ ਪੁਸਤਕਾਂ ਦੋ ਸੱਭਿਆਚਾਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ ਜਿਸ ਵਿੱਚ ਡਾ. ਬਲਰਾਮ ਸ਼ਰਮਾ ਦੀ ਪੁਸਤਕ ਮੀਲ ਪੱਥਰ ਸਾਬਿਤ ਹੋਵੇਗੀ।
ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਨੇ ਕਿਹਾ ਕਿ ਡਾ. ਬਲਰਾਮ ਸ਼ਰਮਾ ਵੱਲੋਂ ਪੁਸਤਕ ਦੇ ਰੂਪ ਵਿੱਚ ਕੀਤਾ ਇਹ ਵੱਖਰਾ ਕਾਰਜ ਜਿੱਥੇ ਉਹਨਾਂ ਨੂੰ ਵੱਖਰੀ ਪਹਿਚਾਣ ਦੇਵੇਗਾ, ਉਥੇ ਦੋ ਸੱਭਿਆਚਾਰਾਂ ਵਿਚਕਾਰ ਆਪਸੀ ਸਾਂਝ, ਪਿਆਰ ਅਤੇ ਮੁਹੱਬਤ ਦਾ ਪੁਲ ਵੀ ਬਣੇਗਾ।






