ਕਿਸਾਨਾਂ ‘ਤੇ ਜ਼ਬਰ! ਥਰਮਲ ਠੇਕਾ ਮੁਲਾਜ਼ਮਾਂ ਨੇ ਵਿਰੋਧ ਵਜੋਂ ਫੂਕਿਆ ਕੇਂਦਰ ਅਤੇ ਸੂਬਾ ਸਰਕਾਰ ਦਾ ਪੁਤਲਾ

 

ਕਿਸਾਨਾਂ ‘ਤੇ ਜ਼ਬਰ! ਥਰਮਲ ਠੇਕਾ ਮੁਲਾਜ਼ਮਾਂ ਨੇ ਵਿਰੋਧ ਵਜੋਂ ਫੂਕਿਆ ਕੇਂਦਰ ਅਤੇ ਸੂਬਾ ਸਰਕਾਰ ਦਾ ਪੁਤਲਾ

ਲਹਿਰਾ ਮੁਹੱਬਤ, 16 ਮਈ 2026- ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਦੇ ਬੈਨਰ ਹੇਠ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੇ ਬੀਤੇ ਕੱਲ੍ਹ ਚੰਡੀਗੜ੍ਹ ਦੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਢਾਹੇ ਅੰਨ੍ਹੇ ਜ਼ਬਰ (ਕਿਸਾਨਾਂ ‘ਤੇ ਜ਼ਬਰ) ਦੇ ਵਿਰੋਧ ਵਜੋਂ ਕੇਂਦਰ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ।

ਇਸ ਸਮੇਂ ਹਾਜ਼ਿਰ ਆਗੂਆਂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ,ਹਰਦੀਪ ਸਿੰਘ ਤੱਗੜ,ਲਛਮਣ ਸਿੰਘ ਰਾਮਪੁਰਾ,ਬਲਜਿੰਦਰ ਸਿੰਘ ਮਾਨ ਅਤੇ ਨਾਇਬ ਸਿੰਘ ਲਹਿਰਾ ਨੇ ਕਿਹਾ ਕਿ ਬੀਤੇ ਕੱਲ੍ਹ ਐੱਸ. ਕੇ. ਐੱਮ. ਦੇ ਸੱਦੇ ‘ਤੇ ਕਿਸਾਨਾਂ-ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਚੰਡੀਗੜ੍ਹ ਵਿਖੇ ਰਾਜ ਭਵਨ ਤੱਕ ਰੋਸ ਮਾਰਚ ਕਰਨ ਦਾ ਸੰਘਰਸ਼ ਪ੍ਰੋ.ਕੀਤਾ ਜਾ ਰਿਹਾ ਸੀ।

ਪਰ ਪੁਲਿਸ ਪ੍ਰਸਾਸ਼ਨ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀ ਗੱਲ ਸੁਨਣ ਦੀ ਬਿਜਾਏ ਕਿਸਾਨਾਂ-ਮਜ਼ਦੂਰਾਂ ਉੱਤੇ ਲਾਠੀਚਾਰਜ, ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਸੁੱਟਕੇ ਅੰਨ੍ਹਾ ਜ਼ਬਰ ਢਾਹਿਆ ਗਿਆ। ਆਗੂਆਂ ਨੇ ਪੁਲਿਸ ਪ੍ਰਸਾਸ਼ਨ ਵੱਲੋਂ ਕੀਤੀ ਇਸ ਘਿਨਾਉਣੀ ਕਾਰਵਾਈ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਦੀ ਇਸ ਕਾਰਵਾਈ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ ਦਿੱਤੀ ਹੈ।

ਪੰਜਾਬ ਸਰਕਾਰ ਦੀ ਸਹਿ ਤੇ ਕੀਤੀ ਪੁਲਿਸ ਦੀ ਇਹ ਕਾਰਵਾਈ ਇੱਥੇ ਨਕਲੀ ਜਮਹੂਰੀਅਤ ਦੀ ਪੁਸ਼ਟੀ ਕਰਦੀ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਦੀ ਹੱਕੀ ਆਵਾਜ਼ ਨੂੰ ਡੰਡੇ ਦੇ ਜੋਰ ਦਬਾਉਣਾ ਚਾਹੁੰਦੀਆ ਹਨ ਅਤੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਹੋਇਆ ਹੈ, ਪਰ ਪੰਜਾਬ ਦੇ ਸੰਘਰਸ਼ੀ ਲੋਕ ਸਰਕਾਰਾਂ ਦੇ ਇਸ ਜ਼ਬਰ ਦੇ ਹੱਲੇ ਨੂੰ ਸਾਂਝੇ ਸੰਘਰਸ਼ਾਂ ਰਾਹੀਂ ਪਿੱਛੇ ਮੋੜਨਗੇ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਸਮੂਹ ਮੰਗਾਂ ਨੂੰ ਫੌਰੀ ਪ੍ਰਵਾਨ ਕੀਤਾ ਜਾਵੇ।